ਇਸ਼ਤਿਹਾਰਾਂ ’ਤੇ ਕਰੋੜਾਂ ਰੁਪਏ ਲੁਟਾ ਰਹੀ ਹੈ ਸਰਕਾਰ : ਰਾਜੂ ਖੰਨਾ
ਔਰਤਾਂ ਨੂੰ ਰਾਸ਼ੀ ਦੇਣ ਦੀ ਬਜਾਏ ਇਸ਼ਤਿਹਾਰਾਂ ’ਤੇ ਕਰੋੜਾਂ ਰੁਪਏ ਲੁਟਾ ਰਹੀ ਹੈ ‘ਆਪ’ ਸਰਕਾਰ : ਰਾਜੂ ਖੰਨਾ
Publish Date: Sat, 09 May 2026 05:02 PM (IST)
Updated Date: Sat, 09 May 2026 05:02 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇੱਥੇ ਇੱਕ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਗੰਭੀਰ ਦੋਸ਼ ਲਗਾਏ। ਰਾਜੂ ਖੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਔਰਤਾਂ ਲਈ ਐਲਾਨੀ 1,000 ਤੋਂ 1,500 ਰੁਪਏ ਦੇਣ ਵਾਲੀ ਸਕੀਮ ਦਾ ਪ੍ਰਚਾਰ ਕਰਨ ਲਈ ਮੁੰਬਈ ਦੀ ਇਕ ਕੰਪਨੀ ਨੂੰ 7.5 ਕਰੋੜ ਰੁਪਏ ਦਾ ਟੈਂਡਰ ਦਿੱਤਾ ਹੈ, ਜਦੋਂਕਿ ਅਜੇ ਤੱਕ ਇਕ ਵੀ ਲਾਭਪਾਤਰੀ ਔਰਤ ਨੂੰ ਕੋਈ ਰਾਸ਼ੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਵਾਇਟ ਰਿਵਰਸ ਮੀਡੀਆ ਸਲਿਊਸਨਜ ਪ੍ਰਾਈਵੇਟ ਲਿਮਟਿਡ ਮੁੰਬਈ ਦੀ ਕੰਪਨੀ ਨੂੰ ਇਸ ਵਾਅਦੇ ਦੇ ਪ੍ਰਚਾਰ ਲਈ ਠੇਕਾ ਦੇ ਕੇ ਪੰਜਾਬ ਦੇ ਲੋਕਾਂ ਨਾਲ ਮਜ਼ਾਕ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜੇ ਤੱਕ ਇਸ ਸਕੀਮ ਹੇਠ ਸੂਬੇ ਦੀ ਕਿਸੇ ਵੀ ਔਰਤ ਨੂੰ ਇੱਕ ਪੈਸਾ ਨਹੀਂ ਦਿੱਤਾ ਪਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਰੋੜਾਂ ਰੁਪਏ ਇਸ਼ਤਿਹਾਰਾਂ ’ਤੇ ਖ਼ਰਚੇ ਜਾ ਰਹੇ ਹਨ। ਉਨ੍ਹਾਂ ਇਸ ਮਾਮਲੇ ਨੂੰ ਸਿਆਸੀ ਧੋਖਾਧੜੀ ਕਰਾਰ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ’ਚ ਪੰਜਾਬ ’ਤੇ 2.50 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਚੜ੍ਹ ਚੁੱਕਾ ਹੈ, ਜੋ ਸੂਬੇ ਦੀ ਅਰਥਵਿਵਸਥਾ ’ਤੇ ਭਾਰੀ ਬੋਝ ਹੈ। ਰਾਜੂ ਖੰਨਾ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਸੱਚਮੁੱਚ ਔਰਤਾਂ ਦੀ ਮਦਦ ਕਰਨਾ ਚਾਹੁੰਦੀ ਹੈ ਤਾਂ ਵਾਅਦੇ ਮੁਤਾਬਕ ਹਰ ਔਰਤ ਦਾ ਬਣਦਾ 50 ਹਜ਼ਾਰ ਰੁਪਇਆ ਖਾਤਿਆਂ ’ਚ ਪਾਵੇ ਨਾ ਕਿ ਝੂਠੀ ਇਸ਼ਤਿਹਾਰਬਾਜ਼ੀ ਕਰਕੇ ਲੋਕਾਂ ਨੂੰ ਗੁਮਰਾਹ ਕਰੇ। ਇਸ ਮੌਕੇ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਜਥੇਦਾਰ ਨਾਜ਼ਰ ਸਿੰਘ ਮੰਡੀ, ਜਥੇਦਾਰ ਸੋਮਨਾਥ ਅਜਨਾਲੀ, ਯੂਥ ਪ੍ਰਧਾਨ ਗੁਰਜੀਤ ਸਿੰਘ ਮੰਗਾ, ਜਥੇਦਾਰ ਨਿਰਮਲ ਸਿੰਘ ਮੰਡੀ ਤੇ ਰਾਜੇਸ਼ ਕੁਮਾਰ ਸ਼ਾਹੀ ਵੀ ਮੌਜੂਦ ਸਨ।