‘ਆਪ’ ਨੇ ਐਸਡੀਐਮ ਦਫਤਰ ’ਚ ਛੁੱਟੀ ਦੇ ਦਿਨ ਆਪਣੇ ਕਾਰਕੁਨਾਂ ਨੂੰ ਭੇਜ ਕੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ : ਨਾਗਰਾ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਆਮ ਆਦਮੀ ਪਾਰਟੀ ਵੱਲੋਂ ਚੋਣਾਂ ’ਚ ਧਾਂਦਲੀ ਕਰਨ ਦੇ ਇਰਾਦੇ ਨਾਲ ਐੱਸਡੀਐੱਮ ਦਫ਼ਤਰ ਵਿਚ ਛੁੱਟੀ ਦੇ ਦਿਨ ਆਪਣੇ ਕਾਰਕੁਨਾਂ ਨੂੰ ਭੇਜ ਕੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਹ ਗੰਭੀਰ ਦੋਸ਼ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਰਤਾਰ ਕੰਪਲੈਕਸ ਵਿਖੇ ਕੀਤੀ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਲਗਾਏ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਵਿਚ ਖਾਮੀਆਂ ਸੰਬੰਧੀ ਇਤਰਾਜ਼ ਦਰਜ ਕਰਨ ਦੀ ਆਖ਼ਰੀ ਮਿਤੀ 30 ਅਪ੍ਰੈਲ ਸੀ। ਇਸ ਤੋਂ ਬਾਅਦ ਕੋਈ ਵੀ ਪਾਰਟੀ ਦਾ ਨੁਮਾਇੰਦਾ ਜਾਂ ਉਮੀਦਵਾਰ ਨਾ ਤਾਂ ਵੋਟਰ ਸੂਚੀਆਂ ਨਾਲ ਛੇੜਛਾੜ ਕਰ ਸਕਦਾ ਹੈ ਅਤੇ ਨਾ ਹੀ ਉਸ ਪ੍ਰਕਿਰਿਆ ਨਾਲ ਜੁੜੇ ਦਫਤਰ ਦੇ ਦਾਇਰੇ ਵਿਚ ਦਾਖਲ ਹੋ ਸਕਦਾ ਹੈ। ਪਰ ਇਸ ਦੇ ਬਾਵਜੂਦ, ਆਮ ਆਦਮੀ ਪਾਰਟੀ ਦੇ ਕੁੱਝ ਕਾਰਕੁਨਾਂ ਵੱਲੋਂ 1 ਮਈ, ਜੋ ਕਿ ਸਰਕਾਰੀ ਛੁੱਟੀ ਦਾ ਦਿਨ ਸੀ, ਐੱਸਡੀਐੱਮ ਦਫਤਰ ਵਿਚ ਦਾਖਲ ਹੋ ਕੇ ਬਾਹਰੋਂ ਤਾਲੇ ਲਗਾ ਕੇ ਅੰਦਰ ਵੋਟਰ ਸੂਚੀਆਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ। ਨਾਗਰਾ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ, ਉਨ੍ਹਾਂ ਨੇ ਤੁਰੰਤ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਦੇ ਨਾਲ ਹੀ, ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਸਥਾਨਕ ਆਗੂਆਂ-ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ੋਕ ਸੂਦ, ਸਾਬਕਾ ਕੌਂਸਲਰ ਜਗਜੀਤ ਸਿੰਘ ਕੋਕੀ, ਨਰਿੰਦਰ ਕੁਮਾਰ ਪ੍ਰਿੰਸ ਅਤੇ ਅਮਰਦੀਪ ਸਿੰਘ ਬੈਨੀਪਾਲ- ਨੂੰ ਮੌਕੇ ’ਤੇ ਭੇਜਿਆ। ਉਨ੍ਹਾਂ ਦੇ ਅਨੁਸਾਰ, ਮੌਕੇ ’ਤੇ ਪਹੁੰਚੇ ਆਗੂਆਂ ਨੇ ਅੱਖੀਂ ਦੇਖਿਆ ਕਿ ਕੁੱਝ ਲੋਕ ਦਫਤਰ ਨੂੰ ਬਾਹਰੋਂ ਤਾਲਾ ਲਗਾ ਕੇ ਅੰਦਰ ਸ਼ੱਕੀ ਗਤੀਵਿਧੀਆਂ ਵਿਚ ਲੱਗੇ ਹੋਏ ਸਨ। ਨਾਗਰਾ ਨੇ ਕਿਹਾ ਕਿ ਜੇ ਸਰਕਾਰ ਨੇ ਪਹਿਲਾਂ ਹੀ ਲੋਕਾਂ ਦੇ ਕੰਮ ਇਮਾਨਦਾਰੀ ਨਾਲ ਕੀਤੇ ਹੁੰਦੇ ਤਾਂ ਚੋਣਾਂ ਵਿਚ ਅਜਿਹੀਆਂ ਗੈਰਕਾਨੂੰਨੀ ਹਰਕਤਾਂ ਕਰਨ ਦੀ ਲੋੜ ਨਾ ਪੈਂਦੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਅਤੇ ਵਰਕਰ ਘਬਰਾਹਟ ਵਿਚ ਆ ਕੇ ਅਜਿਹੀਆਂ ਗ਼ਲਤ ਹਰਕਤਾਂ ਕਰਨ ’ਤੇ ਉਤਰ ਆਏ ਹਨ, ਜਿਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੰਤ ਵਿਚ ਨਾਗਰਾ ਨੇ ਚੇਤਾਵਨੀ ਦਿੱਤੀ ਕਿ ਜੇ ਕਿਸੇ ਵੀ ਅਧਿਕਾਰੀ ਵੱਲੋਂ ਸੱਤਾਧਾਰੀ ਪਾਰਟੀ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਹ ਇਸ ਮਾਮਲੇ ਨੂੰ ਕਾਨੂੰਨੀ ਤੌਰ ’ਤੇ ਅਦਾਲਤ ਵਿਚ ਚੁਨੌਤੀ ਦੇਣਗੇ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਵੀ ਪਾਰਟੀ ਬਣਾਉਣ ਲਈ ਮਜਬੂਰ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਪ੍ਰਧਾਨ ਅਸ਼ੋਕ ਸੂਦ, ਸਾਬਕਾ ਕੌਂਸਲਰ ਗੁਲਸ਼ਨ ਰਾਏ ਬੋਬੀ, ਜਗਜੀਤ ਸਿੰਘ ਕੋਕੀ, ਨਰਿੰਦਰ ਕੁਮਾਰ ਪ੍ਰਿੰਸ ਅਤੇ ਅਮਰਦੀਪ ਸਿੰਘ ਬੈਨੀਪਾਲ, ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਸਾਬਕਾ ਸਰਪੰਚ ਦਵਿੰਦਰ ਸਿੰਘ ਜੱਲਾ ਆਦਿ ਮੌਜੂਦ ਸਨ।