ਵਿਸਾਖੀ ’ਤੇ ਅੰਮ੍ਰਿਤਸਰ ਵਿਖੇ ਹੋਵੇਗਾ ਰਾਸ਼ਟਰੀ ਤ੍ਰੈ-ਭਾਸ਼ਾਈ ਮੁਸ਼ਾਇਰਾ,ਪ੍ਰਸਿੱਧ ਸਾਹਿਤਕਾਰ ਡਾ. ਸੈਫ਼ੀ ਨੂੰ ਮਿਲੇਗਾ ‘ਕਵਿਤਾ ਰਤਨ ਪੁਰਸਕਾਰ’
ਜ਼ਿਲ੍ਹਾ ਭਾਸ਼ਾ ਅਫ਼ਸਰ (ਸਾ.) ਗੁਰਦਾਸਪੁਰ ਤੇ ਅੰਮ੍ਰਿਤਸਰ ਡਾ. ਪਰਮਜੀਤ ਸਿੰਘ ਕਲਸੀ ਨੈਸ਼ਨਲ ਐਵਾਰਡੀ ਇਸ ਰਾਸ਼ਟਰੀ ਮੁਸ਼ਾਇਰੇ ਦੀ ਪ੍ਰਧਾਨਗੀ ਅਤੇ ਸਰਪ੍ਰਸਤੀ ਕਰਨਗੇ।
Publish Date: Mon, 13 Apr 2026 10:33 AM (IST)
Updated Date: Mon, 13 Apr 2026 01:39 PM (IST)
ਚਾਨਾ, ਪੰਜਾਬੀ ਜਾਗਰਣ, ਕੋਟਕਪੂਰਾ : ਵਿਸ਼ਵ ਵਿਰਾਸਤੀ ਅਕਾਦਮੀ (ਯੂ.ਐੱਸ.ਏ., ਕੈਨੇਡਾ, ਆਸਟਰੇਲੀਆ, ਭਾਰਤ, ਦੁਬਈ, ਜਰਮਨ, ਯੂ.ਕੇ.) ਦੇ ਚੇਅਰਮੈਨ ਡਾ. ਕਲਸੀ, ਅੰਤਰਰਾਸ਼ਟਰੀ ਸੱਭਿਆਚਾਰਕ ਮੰਚ ਦੇ ਕੌਮੀ ਪ੍ਰਧਾਨ ਬਲਵਿੰਦਰ ਕੌਰ ਪੰਡੋਰੀ ਅਤੇ ਡਾ. ਦਲਬੀਰ ਸਿੰਘ ਕਥੂਰੀਆ ਦੀ ਸਰਪ੍ਰਸਤੀ ਅਧੀਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਅਮੀਰਾ ਫ਼ਾਰਮ, ਏਅਰਪੋਰਟ ਰੋਡ, ਅੰਮ੍ਰਿਤਸਰ ਵਿਖੇ ਰਾਸ਼ਟਰੀ ਪੱਧਰ ਦਾ ਤ੍ਰੈ-ਭਾਸ਼ਾਈ (ਪੰਜਾਬੀ, ਹਿੰਦੀ, ਉਰਦੂ) ਮੁਸ਼ਾਇਰਾ ਮਿਤੀ 14 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਲ ਕਰਵਾ ਕੇ ‘ਮੇਲਾ ਕਵੀਆਂ ਦਾ’ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਯੂਥ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਡਾ. ਅਮਨਦੀਪ ਸਿੰਘ ਤੇ ਸ਼੍ਰੋਮਣੀ ਪੰਜਾਬੀ ਕਵੀ ਡਾ. ਰਵਿੰਦਰ ਮੁੱਖ ਮਹਿਮਾਨ ਵਜੋਂ ਹੋਣਗੇ, ਜਦਕਿ ਮੈਨੇਜਰ ਅਤਰ ਸਿੰਘ, ਡਾ. ਸਰਵਣ ਸਿੰਘ, ਕਹਾਣੀਕਾਰ ਦੇਵਿੰਦਰ ਦੀਦਾਰ, ਫ਼ਿਲਮੀ ਅਦਾਕਾਰ ਅਰਵਿੰਦਰ ਭੱਟੀ, ਸਾਬਕਾ ਐਕਸਾਈਜ਼ ਕਮਿਸ਼ਨਰ ਪੀ.ਸੀ. ਪਿਆਸਾ, ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਸ਼ਾਇਰ ਹਰਪਾਲ ਸਿੰਘ ਸੰਧਾਵਾਲੀਆ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕਰਨਗੇ। ਜ਼ਿਲ੍ਹਾ ਭਾਸ਼ਾ ਅਫ਼ਸਰ (ਸਾ.) ਗੁਰਦਾਸਪੁਰ ਤੇ ਅੰਮ੍ਰਿਤਸਰ ਡਾ. ਪਰਮਜੀਤ ਸਿੰਘ ਕਲਸੀ ਨੈਸ਼ਨਲ ਐਵਾਰਡੀ ਇਸ ਰਾਸ਼ਟਰੀ ਮੁਸ਼ਾਇਰੇ ਦੀ ਪ੍ਰਧਾਨਗੀ ਅਤੇ ਸਰਪ੍ਰਸਤੀ ਕਰਨਗੇ।
ਉੱਘੇ ਵਿਦਵਾਨ ਆਲੋਚਕ ਡਾ. ਗੁਰਵੰਤ ਸਿੰਘ ਇਸ ਮੁਸ਼ਾਇਰੇ ਦੇ ਕੋਆਰਡੀਨੇਟਰ ਅਤੇ ਸੰਚਾਲਕ ਹੋਣਗੇ। ਆਪਣੇ ਖੇਤਰਾਂ ਵਿੱਚ ਮਾਹਰ ਹਸਤੀਆਂ ਡਾ. ਆਂਚਲ ਅਰੋੜਾ, ਡਾ. ਦੇਵਿੰਦਰ ਸੈਫ਼ੀ ਅਤੇ ਡਾ. ਗੁਰਵੰਤ ਸਿੰਘ ਨੂੰ ਕ੍ਰਮਵਾਰ ਪੰਜਾਬ ਰਤਨ (ਵਿਰਾਸਤੀ) ‘ਪੰਜਾਬੀ ਕਵਿਤਾ ਰਤਨ’ ਤੇ ‘ਪੰਜਾਬੀ ਆਲੋਚਨਾ ਰਤਨ’ ਪੁਰਸਕਾਰ ਮੌਕੇ ’ਤੇ ਸਨਮਾਨ ਸਹਿਤ ਭੇਟ ਕੀਤੇ ਜਾਣਗੇ ਤਾਂ ਜੋ ਸਮਾਜ ਦੇ ਵੱਖ-ਵੱਖ ਮਾਹਰਾਂ ਨੂੰ ਸਮਾਜ ਦੇ ਹੋਰ ਉਸਾਰੂ ਕਾਰਜਾਂ ਲਈ ਉਤਸ਼ਾਹਿਤ ਕੀਤਾ ਜਾ ਸਕੇ। ਪ੍ਰਬੰਧਕਾਂ ਵੱਲੋਂ ਸਾਰੇ ਸ਼ਾਇਰਾਂ ਤੇ ਲੇਖਕਾਂ ਨੂੰ ਇਸ ਸਮਾਰੋਹ ਵਿੱਚ ਸ਼ਿਰਕਤ ਕਰਨ ਲਈ ਹਾਰਦਿਕ ਸੱਦਾ ਦਿੱਤਾ ਹੈ।