ਇਸ ਮੌਕੇ ਨਵ ਤਿ੍ਰੰਝਣ ਦੇ ਮੁਖੀ ਰੂਪਸੀ ਗਰਗ ਨੇ ਕਿਹਾ ਕਿ ਰਾਜਨੀ ਕੌਰ ਦੀ ਯਾਤਰਾ ਸਿਰਫ਼ ਉਸ ਦੀ ਨਿੱਜੀ ਕਾਮਯਾਬੀ ਨਹੀਂ, ਸਗੋਂ ਪਿੰਡਾਂ ਦੀਆਂ ਧੀਆਂ ਲਈ ਪ੍ਰੇਰਕ ਸੰਦੇਸ਼ ਹੈ। ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਡਾਇਰੈਕਟਰ ਉਮੇਂਦਰ ਦੱਤ ਨੇ ਕਿਹਾ ਕਿ ਰਾਜਨੀ ਕੌਰ ਦਾ ਕਮਲਾਦੇਵੀ ਪੁਰਸਕਾਰ ਪੂਰੀ ਖੇਤੀ ਵਿਰਾਸਤ ਮਿਸ਼ਨ ਪਰਿਵਾਰ ਲਈ ਵੱਡਾ ਮਾਣ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਖੇਤੀ ਵਿਰਾਸਤ ਮਿਸ਼ਨ ਤੇ ਨਵ ਤ੍ਰਿੰਝਣ ਨਾਲ ਜੁੜੀ ਪਿੰਡ ਚੈਨਾ, ਜ਼ਿਲ੍ਹਾ ਫ਼ਰੀਦਕੋਟ ਦੀ ਨੌਜਵਾਨ ਬੁਣਕਰ ਰਾਜਨੀ ਕੌਰ ਨੂੰ ‘ਕਮਲਾ ਦੇਵੀ ਪੁਰਸਕਾਰ 2025’ ਨਾਲ ਸਨਮਾਨਤ ਕੀਤਾ ਗਿਆ ਹੈ। ਇਹ ਸਨਮਾਨ ਦਿੱਲੀ ਕ੍ਰਾਫਟਸ ਕੌਂਸਲ ਵੱਲੋਂ ਉਸ ਦੀ ਦੇਸੀ ਕਪਾਹ ਦੀ ਬੁਣਾਈ ਵਿਚ ਬਿਹਤਰੀਨ ਪ੍ਰਦਰਸ਼ਨ ਲਈ ਦਿੱਤਾ ਗਿਆ ਹੈ। ਇਸ ਸਮਾਰੋਹ ਦੀ ਮੁੱਖ ਮਹਿਮਾਨ ਡਾ. ਮੀਨਾਕਸ਼ੀ ਗੋਪੀਨਾਥ, ਰਾਜਨੀਤਕ ਵਿਗਿਆਨੀ ਅਤੇ ਐੱਲ.ਐੱਲ.ਸੀ ਦੀ ਲਾਈਫ ਟਰੱਸਟੀ ਸਨ।
ਰਾਜਨੀ ਕੌਰ ਚੈਨਾ ਪਿਛਲੇ ਤਿੰਨ ਸਾਲਾਂ ਤੋਂ ਖੇਤੀ ਵਿਰਾਸਤ ਮਿਸ਼ਨ ਅਤੇ ਨਵ-ਤ੍ਰਿੰਝਣ ਨਾਲ ਜੁੜੀ ਹੋਈ ਹੈ ਅਤੇ ਉਹ ਜੈਤੋ (ਜ਼ਿਲ੍ਹਾ ਫ਼ਰੀਦਕੋਟ) ਵਿਚ ਸਥਿਤ ਨਵ-ਤ੍ਰਿੰਝਣ ਵੀਵਿੰਗ ਸਕੂਲ ਦੀ ਵਿਦਿਆਰਥਣ ਹੈ। ਨਵ-ਤਿ੍ਰੰਝਣ ਦੇ ਮੁਖੀ ਰੂਪਸੀ ਗਰਗ ਦੇ ਮਾਰਗਦਰਸ਼ਨ ਹੇਠ ਉਹ ਨੌਜਵਾਨ ਸਿੱਖਿਆਰਥਣ ਤੋਂ ਪੇਸ਼ੇਵਰ ਬੁਣਕਰ ਵਜੋਂ ਤਿਆਰ ਹੋਈ, ਜੋ ਅੱਜ ਦੇਸੀ ਕਪਾਹ ਨਾਲ ਹੱਥ-ਕਰਘੇ ਉੱਤੇ ਉੱਤਮ ਗੁਣਵੱਤਾ ਦੀ ਬੁਣਾਈ ਕਰ ਰਹੀ ਹੈ। ਰਾਜਨੀ ਕੌਰ ਨੇ ਡਬਲਯੂ.ਐੱਸ.ਸੀ. ਪਾਣੀਪਤ ਵੱਲੋਂ ਜੈਤੋ ਵਿਚ ਕਰਵਾਏ 45 ਦਿਨਾਂ ਦੇ ਸਮਰੱਥ ਤਰਬੀਅਤ ਪ੍ਰੋਗਰਾਮ ਨੂੰ ਵੀ ਮੁਕੰਮਲ ਪੂਰਾ ਕੀਤਾ ਹੈ। ਉਸ ਦੀ ਬੁਣਾਈ ਵਿਚ ਪੰਜਾਬੀ ਲੋਕਧਾਰਾ, ਰੰਗਾਂ ਦੀ ਸਮਝ ਤੇ ਆਧੁਨਿਕ ਡਿਜ਼ਾਈਨ ਦੀ ਛਾਪ ਜ਼ਾਹਰ ਹੁੰਦੀ ਹੈ।
ਇਸ ਮੌਕੇ ਨਵ ਤਿ੍ਰੰਝਣ ਦੇ ਮੁਖੀ ਰੂਪਸੀ ਗਰਗ ਨੇ ਕਿਹਾ ਕਿ ਰਾਜਨੀ ਕੌਰ ਦੀ ਯਾਤਰਾ ਸਿਰਫ਼ ਉਸ ਦੀ ਨਿੱਜੀ ਕਾਮਯਾਬੀ ਨਹੀਂ, ਸਗੋਂ ਪਿੰਡਾਂ ਦੀਆਂ ਧੀਆਂ ਲਈ ਪ੍ਰੇਰਕ ਸੰਦੇਸ਼ ਹੈ। ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਡਾਇਰੈਕਟਰ ਉਮੇਂਦਰ ਦੱਤ ਨੇ ਕਿਹਾ ਕਿ ਰਾਜਨੀ ਕੌਰ ਦਾ ਕਮਲਾਦੇਵੀ ਪੁਰਸਕਾਰ ਪੂਰੀ ਖੇਤੀ ਵਿਰਾਸਤ ਮਿਸ਼ਨ ਪਰਿਵਾਰ ਲਈ ਵੱਡਾ ਮਾਣ ਹੈ। ਇਸ ਲਈ ਖੇਤੀ ਵਿਰਾਸਤ ਮਿਸ਼ਨ ਜੈਤੋ ਦਫ਼ਤਰ ਵਿਚ ਰਾਜਨੀ ਕੌਰ ਨੂੰ ਸਨਮਾਨਤ ਕੀਤਾ ਹੈ।
ਨਵ-ਤ੍ਰਿੰਠਣ ਦੀਆਂ ਹੋਰ ਬੁਣਕਰਾਂ, ਟੀਮ ਮੈਂਬਰਾਂ ਅਤੇ ਸਾਥੀਆਂ ਨੇ ਉਸ ਨੂੰ ਸ਼ਾਲ, ਸਨਮਾਨ ਪੱਤਰ ਤੇ ਸ਼ੁਭਕਾਮਨਾਵਾਂ ਨਾਲ ਨਿਵਾਜਿਆ। ਰਾਜਨੀ ਕੌਰ ਦੇ ਨਾਲ-ਨਾਲ ਇਸ ਸਾਲ ਦੇ ਕਮਲਾਦੇਵੀ ਪੁਰਸਕਾਰ ਪੱਛਮੀ ਬੰਗਾਲ ਦੀ ਟੇਰਾਕੋਟਾ ਕਲਾ, ਓਡਿਸ਼ਾ ਦੀ ਕਿਸਾਲੋ ਆਦਿਵਾਸੀ ਬੁਣਾਈ ਤੇ ਪਟਚਿੱਤਰ ਕਲਾ, ਰਾਜਸਥਾਨ ਦੀ ਮੀਨਾਕਾਰੀ ਤੇ ਮਿਨੀਏਚਰ ਪੇਂਟਿੰਗ ਵਰਗੀਆਂ ਕਲਾਵਾਂ ਦੇ ਨੌਜਵਾਨ ਕਲਾਕਾਰਾਂ ਨੂੰ ਵੀ ਇਨਾਮ ਦਿੱਤੇ ਗਏ।
ਕਮਲਾਦੇਵੀ ਪੁਰਸਕਾਰ ਬਾਰੇ ਦਿੱਲੀ ਕ੍ਰਾਫਟਸ ਕੌਂਸਲ ਨੇ ਆਪਣੇ ਸੰਸਥਾਪਕਾ ਸ਼੍ਰੀਮਤੀ ਕਮਲਾਦੇਵੀ ਚੱਟੋਪਾਧਿਆਇ ਦੀ ਯਾਦ ਵਿਚ ਸ਼ੁਰੂ ਕੀਤਾ ਸੀ। ਇਹ ਇਨਾਮ ਹਰ ਸਾਲ ਭਾਰਤ ਦੇ ਚੁਣੇ ਹੋਏ ਨੌਜਵਾਨ ਹਸਤਕਲਾ ਕਲਾਕਾਰਾਂ ਨੂੰ ਦਿੱਤਾ ਜਾਂਦਾ ਹੈ। ਇਸ ਦੇ ਤਹਿਤ 18 ਮਹੀਨਿਆਂ ਲਈ ਮਹੀਨਾ 1000 ਦੀ ਵਿਦਿਆਵ੍ਰਿੱਤ ਤੇ ਰਾਸ਼ਟਰੀ ਪੱਧਰ ਦੀ ਪਛਾਣ ਦਿੱਤੀ ਜਾਂਦੀ ਹੈ।