ਜਦੋਂ ਉਸ ਦੇ ਪਿਤਾ ਨੂੰ ਸਪਾਈਨਲ ਕੋਰਡ ਵਿਚ ਟਿਊਮਰ ਹੋਣ ਕਾਰਨ ਬਿਮਾਰੀ ਨੇ ਘੇਰ ਲਿਆ, ਉਦੋਂ ਗੁਰਵੀਰ ਕੌਰ ਨੌਵੀਂ ਕਲਾਸ ਵਿਚ ਪੜ੍ਹ ਰਹੀ ਸੀ। ਉਸ ਸਮੇਂ ਹੀ ਉਸ ਨੇ ਘਰ ਦੀ ਜ਼ਿੰਮੇਵਾਰੀ ਆਪਣੇ ਹੱਥਾਂ ’ਚ ਲੈ ਲਈ। ਫ਼ਸਲ ਬੀਜਣ ਤੋਂ ਲੈ ਕੇ ਮੰਡੀ ਵਿਚ ਵੇਚਣ ਤੱਕ ਦੇ ਸਾਰੇ ਕੰਮ ਉਸ ਨੇ ਆਪਣੇ ਨੰਨ੍ਹੇ ਮੋਢਿਆਂ ’ਤੇ ਚੁੱਕ ਲਏ ਅਤੇ ਅੱਜ ਵੀ ਇਹ ਜ਼ਿੰਮੇਵਾਰੀ ਨਿਭਾਅ ਰਹੀ ਹੈ। ਇਸ ਕਰ ਕੇ ਉਸ ਦੇ ਮਾਤਾ-ਪਿਤਾ ਨੂੰ ਕਦੇ ਵੀ ਪੁੱਤਰਾਂ ਦੀ ਘਾਟ ਮਹਿਸੂਸ ਨਹੀਂ ਹੋਈ।

ਜਗਮੀਤ ਸਿੰਘ, ਪੰਜਾਬੀ ਜਾਗਰਣ , ਫਰੀਦਕੋਟ : ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਪੁੱਤਰ ਬੁਢਾਪੇ ਦਾ ਸਹਾਰਾ ਹੁੰਦੇ ਹਨ ਪਰ ਇਹ ਗੱਲ ਕਿਵੇਂ ਗਲਤ ਸਾਬਤ ਹੋ ਸਕਦੀ ਹੈ ਅਤੇ ਧੀਆਂ ਕਿਵੇਂ ਪੁੱਤਰਾਂ ਤੋਂ ਵੀ ਵੱਧ ਮਾਤਾ-ਪਿਤਾ ਦਾ ਸਹਾਰਾ ਬਣ ਸਕਦੀਆਂ ਹਨ, ਇਸ ਦੀ ਜਿਊਂਦੀ-ਜਾਗਦੀ ਮਿਸਾਲ ਫਰੀਦਕੋਟ ਜ਼ਿਲ੍ਹੇ ਦੇ ਉਪ ਮੰਡਲ ਜੈਤੋ ਦੀ ਰਹਿਣ ਵਾਲੀ ਗੁਰਵੀਰ ਕੌਰ ਹੈ।
ਜਦੋਂ ਉਸ ਦੇ ਪਿਤਾ ਨੂੰ ਸਪਾਈਨਲ ਕੋਰਡ ਵਿਚ ਟਿਊਮਰ ਹੋਣ ਕਾਰਨ ਬਿਮਾਰੀ ਨੇ ਘੇਰ ਲਿਆ, ਉਦੋਂ ਗੁਰਵੀਰ ਕੌਰ ਨੌਵੀਂ ਕਲਾਸ ਵਿਚ ਪੜ੍ਹ ਰਹੀ ਸੀ। ਉਸ ਸਮੇਂ ਹੀ ਉਸ ਨੇ ਘਰ ਦੀ ਜ਼ਿੰਮੇਵਾਰੀ ਆਪਣੇ ਹੱਥਾਂ ’ਚ ਲੈ ਲਈ। ਫ਼ਸਲ ਬੀਜਣ ਤੋਂ ਲੈ ਕੇ ਮੰਡੀ ਵਿਚ ਵੇਚਣ ਤੱਕ ਦੇ ਸਾਰੇ ਕੰਮ ਉਸ ਨੇ ਆਪਣੇ ਨੰਨ੍ਹੇ ਮੋਢਿਆਂ ’ਤੇ ਚੁੱਕ ਲਏ ਅਤੇ ਅੱਜ ਵੀ ਇਹ ਜ਼ਿੰਮੇਵਾਰੀ ਨਿਭਾਅ ਰਹੀ ਹੈ। ਇਸ ਕਰ ਕੇ ਉਸ ਦੇ ਮਾਤਾ-ਪਿਤਾ ਨੂੰ ਕਦੇ ਵੀ ਪੁੱਤਰਾਂ ਦੀ ਘਾਟ ਮਹਿਸੂਸ ਨਹੀਂ ਹੋਈ।
ਜਾਣਕਾਰੀ ਮੁਤਾਬਕ, ਜੈਤੋ ਦੇ ਰਹਿਣ ਵਾਲੇ ਛੋਟੇ ਕਿਸਾਨ ਦਵਿੰਦਰ ਸਿੰਘ ਨੂੰ ਕਰੀਬ ਅੱਠ ਸਾਲ ਪਹਿਲਾਂ ਪਤਾ ਲੱਗਾ ਕਿ ਉਨ੍ਹਾਂ ਦੀ ਸਪਾਈਨਲ ਕੋਰਡ ਵਿੱਚ ਟਿਊਮਰ ਹੈ। ਇਸ ਖ਼ਬਰ ਨਾਲ ਪਰਿਵਾਰ ’ਤੇ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਪਿਆ। ਬਿਮਾਰੀ ਕਾਰਨ ਦਵਿੰਦਰ ਸਿੰਘ ਮੰਜੇ ’ਤੇ ਪੈ ਗਏ। ਘਰ ਵਿੱਚ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਤੇ ਤਿੰਨ ਧੀਆਂ ਲਈ ਜੀਵਨ ਜਿਵੇਂ ਠਹਿਰ ਗਿਆ। ਘਰ ਦੇ ਕੰਮਾਂ ਤੋਂ ਲੈ ਕੇ ਖੇਤਾਂ ਦੇ ਕੰਮ ਕੌਣ ਕਰੇਗਾ ਅਤੇ ਘਰ ਕਿਵੇਂ ਚੱਲੇਗਾ, ਇਹ ਵੱਡੀ ਚਿੰਤਾ ਬਣ ਗਈ।
ਇਸ ਦੌਰਾਨ ਦਵਿੰਦਰ ਸਿੰਘ ਦੀ ਵਿਚਕਾਰਲੀ ਧੀ ਗੁਰਵੀਰ ਕੌਰ ਨੇ ਹਿੰਮਤ ਦਿਖਾਈ ਤੇ ਘਰ ਦੀ ਜ਼ਿੰਮੇਵਾਰੀ ਸੰਭਾਲਣ ਦਾ ਫ਼ੈਸਲਾ ਕੀਤਾ। ਦਵਿੰਦਰ ਸਿੰਘ ਕੋਲ ਆਪਣੀ 2 ਏਕੜ ਜ਼ਮੀਨ ਸੀ ਜਦਕਿ 8 ਏਕੜ ਜ਼ਮੀਨ ਉਹ ਠੇਕੇ ’ਤੇ ਲੈ ਕੇ ਖੇਤੀ ਕਰਦੇ ਸਨ। ਗੁਰਵੀਰ ਕੌਰ ਨੇ ਸਾਰੇ ਕੰਮ ਆਪਣੇ ਸਿਰ ਲੈਣ ਦਾ ਫ਼ੈਸਲਾ ਕੀਤਾ ਅਤੇ ਪਿਤਾ ਨੇ ਉਸ ਦਾ ਹੌਸਲਾ ਵਧਾਇਆ। ਇਸ ਤੋਂ ਬਾਅਦ ਉਸ ਨੇ ਟਰੈਕਟਰ ਚਲਾਉਣਾ ਸਿੱਖਿਆ ਅਤੇ ਖੇਤੀ ਦੇ ਸਾਰੇ ਕੰਮ ਕਰਨ ਲੱਗ ਪਈ। ਉਸ ਸਮੇਂ ਗੁਰਵੀਰ ਕੌਰ ਸਿਰਫ਼ 14 ਸਾਲਾਂ ਦੀ ਸੀ ਅਤੇ ਨੌਵੀਂ ਕਲਾਸ ਵਿੱਚ ਪੜ੍ਹਦੀ ਸੀ। ਹੁਣ ਉਹ ਬੀਐੱਸਸੀ ਨਰਸਿੰਗ ਕਰ ਚੁੱਕੀ ਹੈ ਅਤੇ ਸਰਕਾਰੀ ਨੌਕਰੀ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੀ ਹੈ। ਨਾਲ ਹੀ ਖੇਤੀਬਾੜੀ ਅਤੇ ਘਰ ਦੀ ਜ਼ਿੰਮੇਵਾਰੀ ਵੀ ਨਿਭਾਅ ਰਹੀ ਹੈ।
ਕਾਪੀ ’ਤੇ ਡਰਾਇੰਗ ਬਣਾ ਕੇ ਸਿੱਖਿਆ ਟਰੈਕਟਰ ਚਲਾਉਣਾ
ਗੁਰਵੀਰ ਕੌਰ ਦੱਸਦੀ ਹੈ ਕਿ ਪਿਤਾ ਦੇ ਬਿਮਾਰ ਹੋਣ ਤੋਂ ਬਾਅਦ ਖੇਤਾਂ ਦੇ ਕੰਮ ਲਈ ਬਾਹਰੋਂ ਕਿਸੇ ਨੂੰ ਬੁਲਾਉਣਾ ਪੈਂਦਾ ਸੀ। ਕਈ ਵਾਰ ਕੋਈ ਆ ਜਾਂਦਾ ਸੀ ਤੇ ਕਈ ਵਾਰ ਨਹੀਂ ਆਉਂਦਾ ਸੀ। ਇਸ ਲਈ ਉਸ ਨੇ ਸੋਚਿਆ ਕਿ ਹੁਣ ਕਿਸੇ ’ਤੇ ਨਿਰਭਰ ਨਹੀਂ ਰਹਿਣਾ। ਨੌਵੀਂ ਕਲਾਸ ਵਿਚ ਪੜ੍ਹਦਿਆਂ ਉਸ ਦੇ ਪਿਤਾ ਨੇ ਕਾਪੀ ’ਤੇ ਪੈੱਨ ਨਾਲ ਡਰਾਇੰਗ ਬਣਾ ਕੇ ਸਮਝਾਇਆ ਕਿ ਟਰੈਕਟਰ ਕਿਵੇਂ ਚਲਾਉਣਾ ਹੈ। ਹੌਲੀ-ਹੌਲੀ ਉਸ ਨੇ ਟਰੈਕਟਰ ਚਲਾਉਣਾ ਸਿੱਖ ਲਿਆ ਅਤੇ ਖੇਤਾਂ ਵਿਚ ਬਿਜਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਫ਼ਸਲ ਦੀ ਬਿਜਾਈ, ਕਟਾਈ ਤੇ ਮੰਡੀ ਤੱਕ ਲਿਜਾਣ ਦਾ ਸਾਰਾ ਕੰਮ ਉਹ ਖ਼ੁਦ ਕਰਦੀ ਹੈ।
ਸ਼ੁਰੂ ਵਿਚ ਕੁਝ ਡਰ ਲੱਗਦਾ ਸੀ ਪਰ ਹੁਣ ਉਹ ਡਰ ਖ਼ਤਮ ਹੋ ਗਿਆ ਹੈ। ਬਾਅਦ ਵਿਚ ਉਹ ਰਾਤ ਨੂੰ ਵੀ ਖੇਤਾਂ ਵਿਚ ਸਿੰਚਾਈ ਕਰਨ ਲਈ ਚਲੀ ਜਾਂਦੀ ਸੀ। ਗੁਰਵੀਰ ਦੱਸਦੀ ਹੈ ਕਿ ਪਿਤਾ ਨੂੰ ਦਵਾਈ ਲਈ ਚੰਡੀਗੜ੍ਹ ਜਾਣ ਵਿਚ ਮੁਸ਼ਕਲ ਹੁੰਦੀ ਸੀ, ਇਸ ਲਈ ਉਸ ਨੇ ਕਾਰ ਖਰੀਦ ਲਈ ਤੇ ਹੁਣ ਖ਼ੁਦ ਹੀ ਉਨ੍ਹਾਂ ਨੂੰ ਦਵਾਈ ਦਿਵਾਉਣ ਲਈ ਲੈ ਜਾਂਦੀ ਹੈ।
ਧੀਆਂ ਦੇਖ ਕੇ ਰਿਸ਼ਤੇਦਾਰਾਂ ਨੇ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੀਤੀ ਕੋਸ਼ਿਸ਼
ਗੁਰਵੀਰ ਦੱਸਦੀ ਹੈ ਕਿ ਜਦੋਂ ਪਿਤਾ ਬਿਮਾਰ ਹੋ ਗਏ ਤਾਂ ਕੁਝ ਰਿਸ਼ਤੇਦਾਰਾਂ ਨੇ ਸੋਚਿਆ ਕਿ ਘਰ ਵਿਚ ਸਿਰਫ਼ ਧੀਆਂ ਹਨ, ਇਹ ਕੀ ਕਰ ਲੈਣਗੀਆਂ। ਇਸ ਲਈ ਉਨ੍ਹਾਂ ਨੇ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਤਿੰਨਾਂ ਭੈਣਾਂ ਨੇ ਡਟ ਕੇ ਉਨ੍ਹਾਂ ਦਾ ਸਾਹਮਣਾ ਕੀਤਾ ਅਤੇ ਕਿਸੇ ਨੂੰ ਵੀ ਜ਼ਮੀਨ ’ਤੇ ਕਬਜ਼ਾ ਨਹੀਂ ਕਰਨ ਦਿੱਤਾ। ਗੁਰਵੀਰ ਕਹਿੰਦੀ ਹੈ ਕਿ ਹੁਣ ਉਹ ਤਿੰਨੇ ਭੈਣਾਂ ਪੜ੍ਹਾਈ ਵੀ ਕਰ ਰਹੀਆਂ ਹਨ ਅਤੇ ਦੋ ਭੈਣਾਂ ਉਸ ਦੀ ਖੇਤੀ ਵਿਚ ਮਦਦ ਵੀ ਕਰਦੀਆਂ ਹਨ। ਗੁਰਵੀਰ ਦੇ ਮਾਤਾ-ਪਿਤਾ ਕਹਿੰਦੇ ਹਨ ਕਿ ਜਦੋਂ ਉਹ ਕਿਸੇ ਦੇ ਪੁੱਤਰਾਂ ਨੂੰ ਨਸ਼ਾ ਕਰਦੇ ਵੇਖਦੇ ਹਨ ਤਾਂ ਉਨ੍ਹਾਂ ਨੂੰ ਆਪਣੀਆਂ ਧੀਆਂ ਦੀ ਮਿਹਨਤ ਦਾ ਹਵਾਲਾ ਦਿੰਦੇ ਹਨ।