ਕੇਂਦਰੀ ਟੀਮ ਨੇ ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਜ਼ਿਲ੍ਹੇ ਦਾ ਕੀਤਾ ਦੌਰਾ
ਕੇਂਦਰੀ ਟੀਮ ਨੇ ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਫਰੀਦਕੋਟ ਦਾ ਦੌਰਾ ਕੀਤਾ
Publish Date: Thu, 16 Oct 2025 05:31 PM (IST)
Updated Date: Thu, 16 Oct 2025 05:32 PM (IST)

- ਪੰਜਾਬ ਸਰਕਾਰ ਦੀ ਹੈਪੇਟਾਈਟਸ ਨੂੰ 2030 ਤਕ ਖਤਮ ਕਰਨ ਦੀ ਵਚਨਬੱਧਤਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਡਾ. ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਰੀਦਕੋਟ ਨੇ ਦੱਸਿਆ ਕਿ ਬੀਤੇ ਦਿਨੀਂ ਭਾਰਤ ਸਰਕਾਰ ਦੇ ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਦੀ ਕੇਂਦਰੀ ਨਿਗਰਾਨੀ ਅਤੇ ਸੁਪਰਵੀਜ਼ਨ ਟੀਮ ਨੇ ਫਰੀਦਕੋਟ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇਹ ਦੌਰਾ ਪੰਜਾਬ ਵਿੱਚ ਹੈਪੇਟਾਈਟਸ (ਕਾਲਾ ਪੀਲੀਆ) ਦੇ ਇਲਾਜ ਅਤੇ ਰੋਕਥਾਮ ਪ੍ਰੋਗਰਾਮ ਦੀ ਕਾਰਗੁਜ਼ਾਰੀ ਦਾ ਡੂੰਘਾਈ ਨਾਲ ਜਾਇਜ਼ਾ ਲੈਣ ਲਈ ਕੀਤਾ ਗਿਆ। ਡਾ. ਕੱਕੜ ਨੇ ਦੱਸਿਆ ਕਿ ਹੈਪੇਟਾਈਟਸ ਸੀ ਦੀ ਪੰਜਾਬ ਵਿੱਚ ਵਧੇਰੇ ਸੇਰੋ-ਪ੍ਰੀਵੈਲੈਂਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰੀ ਟੀਮ ਵੱਲੋਂ ਪ੍ਰੋਗਰਾਮ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ ਗਈ, ਜਿਸ ਦਾ ਮੁੱਖ ਮੰਤਵ ਫੀਲਡ ਪੱਧਰ ’ਤੇ ਪ੍ਰਭਾਵਸ਼ਾਲੀ ਸੇਵਾਵਾਂ ਨੂੰ ਯਕੀਨੀ ਬਣਾਉਣਾ ਅਤੇ ਪ੍ਰੋਗਰਾਮ ਦੀਆਂ ਮੁੱਖ ਪ੍ਰਾਪਤੀਆਂ ਦੀ ਸਮੀਖਿਆ ਕਰਨਾ ਸੀ। ਕੇਂਦਰੀ ਟੀਮ ਜਿਸ ਵਿੱਚ ਡਾ. ਰੁਤੂਜਾ ਕੋਹਲੇ ਸੀਨੀਅਰ ਕੰਸਲਟੈਂਟ ਅਤੇ ਡਾ. ਦਰਕਸ਼ਨ ਸਾਈਆਦਿਆਨ ਕੰਸਲਟੈਂਟ ਸ਼ਾਮਲ ਸਨ, ਨੇ ਜ਼ਿਲ੍ਹਾ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਦੀਪਤੀ ਅਰੋੜਾ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਵਿਵੇਕ ਰਿਜੋਰਾ, ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਡਾ. ਪਰਮਜੀਤ ਸਿੰਘ ਬਰਾੜ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਹੁਸਨਪਾਲ ਸਿੰਘ ਸਿੱਧੂ, ਡਿਪਟੀ ਮਾਸ ਮੀਡੀਆ ਅਫਸਰ ਲਖਵਿੰਦਰ ਕੈਂਥ, ਸੁਧੀਰ ਧੀਰ ਅਤੇ ਹੋਰ ਸਬੰਧਿਤ ਜ਼ਿਲ੍ਹਾ ਅਧਿਕਾਰੀਆਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਕੇਂਦਰੀ ਟੀਮ ਵੱਲੋਂ ਸਿਵਲ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕਰਨ ਉਪਰੰਤ ਹੈਪੇਟਾਈਟਸ ਸਬੰਧੀ ਇਲਾਜ ਪ੍ਰਕਿਰਿਆਵਾਂ ਦੀ ਸਮੀਖਿਆ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਹੈਪੇਟਾਈਟਸ ਦੇ ਇਲਾਜ ਅਤੇ ਜਾਂਚ ਨਾਲ ਜੁੜੇ ਵੱਖ-ਵੱਖ ਵਿਭਾਗਾਂ ਦਾ ਦੌਰਾ ਵੀ ਕੀਤਾ। ਇਸ ਦੌਰਾਨ ਇਲਾਜ ਕੇਂਦਰਾਂ ਵਿੱਚ ਮਰੀਜ਼ਾਂ ਦੀ ਰਜਿਸਟ੍ਰੇਸ਼ਨ, ਮੁਫ਼ਤ ਦਵਾਈਆਂ ਦੀ ਉਪਲਬਧਤਾ, ਜਾਂਚ ਸਹੂਲਤਾਂ ਜਿਵੇਂ ਕਿ ਵਾਇਰਲ ਲੋਡ ਟੈਸਟ ਅਤੇ ਸਟਾਫ ਦੀ ਕਪੈਸਟੀ ਬਿਲਡਿੰਗ ਦੀ ਸਥਿਤੀ ਦਾ ਮੁਲਾਂਕਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਡਾ. ਸੁਮਿਤ ਚਾਵਲਾ ਐਸੋਸੀਏਟ ਪ੍ਰੋਫੈਸਰ ਮੈਡੀਸਨ, ਡਾ. ਏਕਮ ਬੱਚਿਆਂ ਦੇ ਮਾਹਿਰ ਅਤੇ ਡਾ. ਹਰਿੰਦਰ ਕੌਰ ਮੈਡੀਕਲ ਅਫਸਰ ਏਆਰਟੀ ਸੈਂਟਰ ਅਤੇ ਹੋਰ ਅਧਿਕਾਰੀਆਂ ਨਾਲ ਵੀ ਵਿਸ਼ੇਸ਼ ਮੁਲਾਕਾਤ ਕੀਤੀ। ਜ਼ਿਲ੍ਹਾ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਦੀਪਤੀ ਅਰੋੜਾ ਨੇ ਦੱਸਿਆ ਕਿ ਉਕਤ ਟੀਮ ਨੇ ਫਰੀਦਕੋਟ ਜ਼ਿਲ੍ਹੇ ਦੇ ਹੈਪੇਟਾਈਟਸ ਡਾਟਾ ਦੀ ਵਿਸਤ੍ਰਿਤ ਸਮੀਖਿਆ ਕੀਤੀ। ਜ਼ਿਲ੍ਹੇ ਵਿੱਚ ਹੈਪੇਟਾਈਟਸ ਸੀ ਅਤੇ ਬੀ ਦੇ ਮਰੀਜ਼ਾਂ ਦੀ ਜਲਦੀ ਪਛਾਣ ਅਤੇ ਉਨ੍ਹਾਂ ਨੂੰ ਮੁਫ਼ਤ ਇਲਾਜ ਪ੍ਰਦਾਨ ਕਰਨ ਵਿੱਚ ਪ੍ਰੋਗਰਾਮ ਦੀ ਪ੍ਰਗਤੀ ਨੂੰ ਤਸੱਲੀਬਖਸ਼ ਪਾਇਆ ਗਿਆ, ਪਰ ਨਾਲ ਹੀ ਸੂਬੇ ਦੀ ਔਸਤ ਨਾਲੋਂ ਉੱਚੇ ਸੇਰੋ-ਪ੍ਰੀਵੈਲੈਂਸ ਦੇ ਮੱਦੇਨਜ਼ਰ ਨਿਗਰਾਨੀ ਨੂੰ ਹੋਰ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਸਬੰਧਿਤ ਅਧਿਕਾਰੀਆਂ ਕਰਮਚਾਰੀਆਂ ਨੂੰ ਪ੍ਰੋਗਰਾਮ ਦੇ ਟੀਚਿਆਂ ਨੂੰ ਪ੍ਰਾਪਤ ਕਰਨ, ਖਾਸ ਚੁਣੌਤੀਆਂ ਦੀ ਪਛਾਣ ਕਰਨ ਅਤੇ ਸਰਵੋਤਮ ਸੇਵਾ ਡਲਿਵਰੀ ਲਈ ਜ਼ਰੂਰਤਾਂ ਦੀ ਸਮੀਖਿਆ ਕਰਨ ਲਈ ਸੇਧ ਦਿੱਤੀ। ਡਾ. ਦੀਪਤੀ ਅਰੋੜਾ ਨੇ ਕਿਹਾ ਕਿ ਇਹ ਦੌਰਾ ਪੰਜਾਬ ਸਰਕਾਰ ਦੀ ਹੈਪੇਟਾਈਟਸ ਨੂੰ 2030 ਤਕ ਖਤਮ ਕਰਨ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦਾ ਹੈ। ਸਥਾਨਕ ਅਧਿਕਾਰੀਆਂ ਵੱਲੋਂ ਪ੍ਰੋਗਰਾਮ ਦੀ ਸਫ਼ਲਤਾ ਲਈ ਕੇਂਦਰੀ ਟੀਮ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।