ਤਿਉਹਾਰਾਂ ਦੇ ਮੱਦੇਨਜ਼ਰ ਪੁਲਿਸ ਨੇ ਸ਼ਹਿਰ ’ਚ ਕੱਢਿਆ ਫਲੈਗ ਮਾਰਚ
ਤਿਉਹਾਰਾਂ ਦੇ ਮੱਦੇਨਜ਼ਰ ਜੈਤੋ ਪੁਲੀਸ ਨੇ ਸ਼ਹਿਰ ਅੰਦਰ ਕੱਢਿਆ ਫਲੈਗ ਮਾਰਚ
Publish Date: Thu, 16 Oct 2025 05:03 PM (IST)
Updated Date: Thu, 16 Oct 2025 05:05 PM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ ਜੈਤੋ : ਤਿਉਹਾਰਾਂ ਦੇ ਮੱਦੇਨਜ਼ਰ ਅਮਨ ਤੇ ਕਾਨੂੰਨ ਦਾ ਪ੍ਰਬੰਧ ਬਰਕਰਾਰ ਰੱਖਣ ਲਈ ਜੈਤੋ ਪੁਲਿਸ ਵੱਲੋਂ ਸਬ ਡਵੀਜ਼ਨ ਜੈਤੋ ਦੇ ਡੀਐੱਸਪੀ ਇਕਬਾਲ ਸਿੰਘ ਸੰਧੂ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਵਿਚ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਸਥਾਨਕ ਡੀਐੱਸਪੀ ਦਫ਼ਤਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਵਾਪਸ ਸ਼ੁਰੂਆਤੀ ਸਥਾਨ ’ਤੇ ਆ ਕੇ ਸਮਾਪਤ ਹੋਇਆ। ਇਸ ਮੌਕੇ ਡੀਐੱਸਪੀ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਸ਼ਹਿਰ ਵਿਚ ਲੋਕਾਂ ਦੀ ਸਰਗਰਮੀ ਵਧਣ ਲੱਗੀ ਹੈ। ਇਸ ਕਰ ਕੇ ਅੱਜ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਪੁਲੀਸ ਜਨਤਾ ਦੀ ਜਾਨ ਮਾਲ ਦੀ ਰਾਖੀ ਲਈ 24 ਘੰਟੇ ਤਿਆਰ ਹੈ। ਉਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਅਫ਼ਵਾਹ ’ਤੇ ਧਿਆਨ ਨਾ ਦਿਓ। ਸ਼ੱਕੀ ਅਤੇ ਬੇਕਾਬੂ ਅਨਸਰਾਂ ਬਾਰੇ ਤੁਰੰਤ ਪੁਲੀਸ ਨੂੰ ਸੂਚਿਤ ਕਰੋ। ਉਨ੍ਹਾਂ ਤਿਉਹਾਰਾਂ ਨੂੰ ਖੁਸ਼ੀ ਅਤੇ ਸ਼ਾਂਤਮਈ ਢੰਗ ਨਾਲ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਹਰ ਖੇਤਰ ਵਿਚ ਅਮਨ-ਕਾਨੂੰਨ ਬਣਾਈ ਰੱਖਣ ਵਿਚ ਸਹਿਯੋਗ ਕਰਨਾ ਚਾਹੀਦਾ ਹੈ। ਜੇਕਰ ਕੋਈ ਸਮੱਸਿਆ ਹੋਵੇ ਤਾਂ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕਰੋ। ਡੀਐੱਸਪੀ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਜੈਤੋ ਸ਼ਹਿਰ ’ਚ ਸਾਰੀਆਂ ਹੀ ਜਨਤਕ ਥਾਵਾਂ ਜਿਵੇਂ ਬੱਸ ਸਟੈਂਡ, ਰੇਲਵੇ ਸਟੇਸ਼ਨ, ਮੁੱਖ ਬਾਜ਼ਾਰਾਂ, ਹਸਪਤਾਲਾਂ, ਸ਼ਹਿਰ ਵਿਚਲੇ ਹੋਟਲਾਂ, ਧਰਮਸ਼ਾਲਾਵਾਂ ਆਦਿ ਦੇ ਨੇੜੇ ਚੌਕਸੀ ਵਧਾ ਦਿੱਤੀ ਹੈ। ਇਨ੍ਹਾਂ ਸਥਾਨਾਂ ’ਤੇ ਸ਼ੱਕੀ ਵਿਅਕਤੀਆਂ ਅਤੇ ਆਉਣ ਜਾਣ ਵਾਲੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਵਿੱਤਰ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਇਹ ਸਿਲਸਿਲਾ ਆਰੰਭ ਕੀਤਾ ਗਿਆ ਹੈ ਤਾਂ ਜੋ ਮਾੜੇ ਅਨਸਰਾਂ ਨੂੰ ਨੱਥ ਪਾ ਕੇ ਸ਼ਹਿਰ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਮਨ ਸ਼ਾਂਤੀ ਭੰਗ ਕਰਨ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਸਾਰੀ ਸਥਿਤੀ ’ਤੇ ਬਾਜ਼ ਨਜ਼ਰ ਰੱਖ ਰਹੀ ਹੈ। ਪੁਲਿਸ ਪਾਰਟੀ ਵੱਲੋਂ ਲਗਾਤਾਰ ਗਸ਼ਤ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਿਸੇ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੀ ਖੁੱਲ੍ਹ ਨਹੀਂ ਦਿੱਤੀ ਜਾ ਜਾਵੇਗੀ। ਡੀਐੱਸਪੀ ਇਕਬਾਲ ਸਿੰਘ ਸੰਧੂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਸ਼ੱਕੀ ਵਿਅਕਤੀ, ਕੋਈ ਟਿਫਨ ਜਾਂ ਕੋਈ ਹੋਰ ਸ਼ੱਕੀ ਵਸਤੂ ਦਿਖਾਈ ਦਿੰਦੀ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਉਨ੍ਹਾਂ ਨੇ ਇਲਾਕੇ ਦੇ ਆਮ ਲੋਕਾਂ ਅਤੇ ਸ਼ਹਿਰ ਵਾਸੀਆਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਹੈ। ਇਸ ਮੌਕੇ ਥਾਣਾ ਬਾਜਾਖਾਨਾ ਦੇ ਐੱਸਐੱਚਓ ਸਬ ਇੰਸਪੈਕਟਰ ਸੁਖਵਿੰਦਰ ਸਿੰਘ, ਡੀਐੱਸਪੀ ਰੀਡਰ ਏਐੱਸਆਈ ਹਰਵਿੰਦਰ ਸਿੰਘ, ਸਬ ਇੰਸਪੈਕਟਰ ਸਿਕੰਦਰ ਸਿੰਘ, ਸਬ ਇੰਸਪੈਕਟਰ ਨਵਨੀਤ ਸਿੰਘ, ਸਬ ਇੰਸਪੈਕਟਰ ਰੁਪਿੰਦਰਜੀਤ ਸਿੰਘ ਸਮੇਤ ਵੱਡੀ ਗਿਣਤੀ ਪੁਲਿਸ ਮੁਲਜ਼ਮ ਹਾਜ਼ਰ ਸਨ।