ਜ਼ੀਰਕਪੁਰ ਨਗਰ ਕੌਂਸਲ ਚੋਣਾਂ : 47 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ
ਜ਼ੀਰਕਪੁਰ ਨਗਰ ਕੌਂਸਲ ਚੋਣਾਂ : 47 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ
Publish Date: Mon, 18 May 2026 08:42 PM (IST)
Updated Date: Mon, 18 May 2026 08:45 PM (IST)
ਜੇਐੱਸ ਕਲੇਰ, ਪੰਜਾਬੀ ਜਾਗਰਣ, ਜ਼ੀਰਕਪੁਰ : ਨਗਰ ਕੌਂਸਲ ਜ਼ੀਰਕਪੁਰ ਦੀਆਂ 31 ਵਾਰਡਾਂ ਲਈ ਹੋ ਰਹੀਆਂ ਚੋਣਾਂ ਦੌਰਾਨ ਕੁੱਲ 259 ਉਮੀਦਵਾਰਾਂ ਦੀਆਂ ਨਾਮਜ਼ਦਗੀ ਪੱਤਰਾਂ ਦੀ ਜਾਂਚ ਮਗਰੋਂ ਸਹੀ ਵੋਟਰ ਨੰਬਰ ਨਾ ਪਾਉਣ ਜਾਂ ਉਮੀਦਵਾਰ ਦਾ ਪਰਪੋਜ਼ਰ ਕਿਸੇ ਹੋਰ ਵਾਰਡ ਦਾ ਹੋਣ ਕਾਰਨ ਕੁੱਲ 47 ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ। ਚੋਣ ਅਧਿਕਾਰੀਆਂ ਵੱਲੋਂ ਜਾਰੀ ਕੀਤੀ ਸੂਚੀ ਅਨੁਸਾਰ ਸਭ ਤੋਂ ਵੱਧ ਆਜ਼ਾਦ ਅਤੇ ਭਾਜਪਾ ਨਾਲ ਸਬੰਧਤ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਹਨ। ਜਾਣਕਾਰੀ ਅਨੁਸਾਰ ਆਜ਼ਾਦ 13 ਅਤੇ ਭਾਜਪਾ ਦੇ 13 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਹਨ, ਜਦਕਿ ਕਾਂਗਰਸ ਦੇ 11, ਆਮ ਆਦਮੀ ਪਾਰਟੀ ਦੇ 7 ਅਤੇ ਸ਼੍ਰੋਮਣੀ ਅਕਾਲੀ ਦਲ ਦੇ 3 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ। ਵਾਰਡ ਵਾਰ ਅੰਕੜਿਆਂ ਅਨੁਸਾਰ ਵਾਰਡ ਨੰਬਰ 27 ਵਿੱਚ ਸਭ ਤੋਂ ਵੱਧ ਚਾਰ ਨਾਮਜ਼ਦਗੀਆਂ ਰੱਦ ਹੋਈਆਂ ਹਨ। ਇਸ ਤੋਂ ਇਲਾਵਾ ਵਾਰਡ ਨੰਬਰ 20, 25 ਅਤੇ 31 ਵਿੱਚ ਤਿੰਨ-ਤਿੰਨ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਹਨ। ਚੋਣ ਅਧਿਕਾਰੀਆਂ ਮੁਤਾਬਕ ਨਾਮਜ਼ਦਗੀ ਪੱਤਰਾਂ ਵਿਚ ਤਕਨੀਕੀ ਖਾਮੀਆਂ, ਲੋੜੀਂਦੇ ਦਸਤਾਵੇਜ਼ ਅਧੂਰੇ ਹੋਣ ਅਤੇ ਹੋਰ ਨਿਯਮਕ ਕਾਰਨਾਂ ਕਰਕੇ ਇਹ ਕਾਰਵਾਈ ਕੀਤੀ ਗਈ ਹੈ। ਨਾਮਜ਼ਦਗੀਆਂ ਦੀ ਅੰਤਿਮ ਸੂਚੀ ਜਾਰੀ ਹੋਣ ਮਗਰੋਂ ਹੁਣ ਉਮੀਦਵਾਰਾਂ ਨੇ ਚੋਣ ਪ੍ਰਚਾਰ ਨੂੰ ਹੋਰ ਤੇਜ਼ ਕਰ ਦਿੱਤਾ ਹੈ।