ਕਣਕ ਦਾ ਸੀਜ਼ਨ ਖ਼ਤਮ ਹੋਣ ਦੀ ਕਗਾਰ ’ਤੇ, ਕਈ ਮੰਡੀਆਂ ਹੋਈਆਂ ਬੰਦ, ਲਿਫਟਿੰਗ ਦੀ ਸਮੱਸਿਆ ਬਰਕਰਾਰ
ਕਣਕ ਦਾ ਸੀਜਨ ਖ਼ਤਮ ਹੋਣ ਦੀ ਕਗਾਰ ’ਤੇ ਕਈ ਮੰਡੀਆਂ ਹੋਈਆਂ ਬੰਦ, ਲਿਫਟਿੰਗ ਦੀ ਸਮੱਸਿਆ ਬਰਕਰਾਰ
Publish Date: Tue, 12 May 2026 08:01 PM (IST)
Updated Date: Wed, 13 May 2026 04:12 AM (IST)

ਨੋਟ --ਫੋਟੋ ਫ਼ੀਲਡ ਵਿਚੋ ਪ੍ਰਾਪਤ ਕੋਈ ਤਾਜ਼ਾ ਜਾਂ ਫ਼ਾਈਲ ਫੋਟੋ ਲਗਾ ਲੈਣਾ ਜੀ। ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਇਕ ਅਪ੍ਰੈਲ ਤੋਂ ਸ਼ੁਰੂ ਹੋਇਆ ਹਾੜੀ ਦੀ ਮੁੱਖ ਫਸਲ ਕਣਕ ਦਾ ਖ਼ਰੀਦ ਸੀਜ਼ਨ ਖ਼ਤਮ ਹੋਣ ਦੇ ਕਗਾਰ ’ਤੇ ਹੈ। ਜਾਣਕਾਰੀ ਅਨੁਸਾਰ ਮੰਡੀਆਂ ’ਚ ਕਣਕ ਦੀ ਆਮਦ ਬਹੁਤ ਘੱਟ ਗਈ ਹੈ ਅਤੇ ਕਈ ਮੰਡੀਆਂ ’ਚ ਖ਼ਰੀਦ ਦਾ ਕੰਮ ਤਕਰੀਬਨ ਖ਼ਤਮ ਹੋ ਗਿਆ ਹੈ। ਸਰਕਾਰ ਨੇ ਖ਼ਰੀਦ ਦਾ ਟੀਚਾ ਪੂਰਾ ਕਰ ਲਿਆ ਹੈ। ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅੰਕੜੇ ਅਨੁਸਾਰ ਸੋਮਵਾਰ ਸ਼ਾਮ ਤੱਕ ਮੰਡੀਆਂ ’ਚ ਕੁੱਲ 12314190.32 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ। ਜਦਕਿ ਸੋਮਵਾਰ ਨੂੰ 6998.65 ਮੀਟ੍ਰਿਕ ਟਨ ਆਮਦ ਹੋਈ ਹੈ। ਬੇਸ਼ੱਕ ਸਰਕਾਰ ਨੇ ਕਣਕ ਦੀ ਖ਼ਰੀਦ ਦਾ ਟੀਚਾ ਪੂਰਾ ਕਰ ਲਿਆ ਹੈ, ਪਰ ਕਣਕ ਦੀ ਲਿਫਟਿੰਗ ਦੀ ਸਮੱਸਿਆ ਬਰਕਰਾਰ ਬਣੀ ਹੋਈ ਹੈ। ਅੰਕੜਿਆਂ ਮੁਤਾਬਕ 9673277.08 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਹੋ ਸਕੀ ਹੈ। ਭਾਵ ਬਾਕੀ ਖ਼ਰੀਦ ਕੀਤੀ ਕਣਕ ਖੁੱਲ੍ਹੇ ਅਸਮਾਨ ਹੇਠਾਂ ਪਈ ਹੈ। ਦੱਸਿਆ ਜਾਂਦਾ ਹੈ ਕਿ ਗੁਦਾਮਾਂ ’ਚ ਚੌਲ ਭਰੇ ਪਏ ਹਨ। ਜਾਣਕਾਰੀ ਅਨੁਸਾਰ ਖਾਸਾ, ਬਿਆਸ, ਤਰਨਤਾਰਨ, ਪੱਟੀ, ਭੁਲੱਥ, ਸਰਹਿੰਦ, ਅਮਲੋਹ, ਰਾਜਪੁਰਾ, ਕਿਲਾ ਰਾਏਪੁਰ, ਖੰਨਾ, ਮਲੋਦ, ਪਟਿਆਲਾ, ਮੁਕਤਸਰ, ਰੋਪੜ੍ਹ, ਫਰੀਦਕੋਟ, ਬੰਗਾ ਤੇ ਨਾਭਾ ਦੀ ਮੰਡੀਆਂ ’ਚੋਂ ਖ਼ਰੀਦ ਕੀਤੀ ਕਣਕ ਨੂੰ ਵਿਸ਼ੇਸ਼ ਗੱਡੀਆਂ ਰਾਹੀ ਸਿੱਧਾ ਦੂਸਰੇ ਸੂਬਿਆਂ ’ਚ ਭੇਜਿਆ ਜਾ ਰਿਹਾ ਹੈ। ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰੀ ਖੁਰਾਕ ਮੰਤਰੀ ਨਾਲ ਕੀਤੀ ਗਈ ਗੱਲਬਾਤ ਤੋਂ ਬਾਅਦ ਕੇਂਦਰ ਨੇ ਇਕ ਸੌ ਵਾਧੂ ਗੱਡੀਆਂ ਦਿੱਤੀਆਂ ਹਨ। ਜਦਕਿ ਦੂਜੇ ਪਾਸੇ ਮਲੋਟ (ਵਿੱਤੀ ਸਾਲ 2023-24), ਸੰਗਰੂਰ (ਵਿੱਤੀ ਸਾਲ 2022-23) ਸੁਲਤਾਨਪੁਰ ਲੋਧੀ ਤੇ ਸੁਨਾਮ ਦੇ ਗੁਦਾਮਾਂ ’ਚ ਪਿਆ ਸਾਲ 2023 ਦਾ ਚੌਲ ਸਪੈਸ਼ਲ ਟ੍ਰੇਨ ਰਾਹੀ ਦੂਜੇ ਸੂਬਿਆਂ ਨੂੰ ਭੇਜਿਆ ਜਾ ਰਿਹਾ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਰਕਾਰ ਦੀਆਂ ਵੱਖ-ਵੱਖ ਖ਼ਰੀਦ ਏਜੰਸੀਆਂ ਨੇ 12158575.12 ਮੀਟਰਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਨੇ 151396.60 ਮੀਟਰਕ ਟਨ ਕਣਕ ਖ੍ਰੀਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਖ੍ਰੀਦ ਕੀਤੀ ਕਣਕ ਦੀ ਕਿਸਾਨਾਂ ਨੂੰ 30145.43 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 98.25 ਫ਼ੀਸਦੀ ਅਦਾਇਗੀ ਹੋ ਚੁੱਕੀ ਹੈ, ਜਦਕਿ ਲਿਫਟਿੰਗ ਦਾ ਕੰਮ ਵੀ 80 ਫ਼ੀਸਦੀ ਤੋ ਉੱਪਰ ਮੁਕੰਮਲ ਕਰ ਲਿਆ ਗਿਆ ਹੈ।