ਮੌਸਮ ਦਾ ਯੂ-ਟਰਨ: ਚੰਡੀਗੜ੍ਹ ਨੂੰ ਹਨੇਰੀ ਤੇ ਕਿਣਮਿਣ ਮਗਰੋਂ ਮਿਲੀ ਰਾਹਤ, ਪਰ 24 ਤੋਂ ਹੀਟਵੇਵ ਦਾ 'ਆਰੈਂਜ ਅਲਰਟ' ਜਾਰੀ
ਮਈ ਦੇ ਆਖ਼ਰੀ ਹਫ਼ਤੇ ਵਿੱਚ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਚੰਡੀਗੜ੍ਹ ਵਾਸੀਆਂ ਨੂੰ ਸ਼ੁੱਕਰਵਾਰ ਸਵੇਰੇ ਕੁਝ ਰਾਹਤ ਮਿਲੀ, ਜਦੋਂ ਤੇਜ਼ ਹਨੇਰੀ ਅਤੇ ਹਲਕੀ ਬਾਰਿਸ਼ ਕਾਰਨ ਤਾਪਮਾਨ ਵਿੱਚ ਕਮੀ ਦਰਜ ਕੀਤੀ ਗਈ। ਹਾਲਾਂਕਿ ਮੌਸਮ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਰਾਹਤ ਅਸਥਾਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਗਰਮੀ ਫਿਰ ਤੋਂ ਤੇਜ਼ ਹੋ ਸਕਦੀ ਹੈ।
Publish Date: Sat, 23 May 2026 02:09 PM (IST)
Updated Date: Sat, 23 May 2026 02:15 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਚੰਡੀਗੜ੍ਹ। ਮਈ ਦੇ ਆਖ਼ਰੀ ਹਫ਼ਤੇ ਵਿੱਚ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਚੰਡੀਗੜ੍ਹ ਵਾਸੀਆਂ ਨੂੰ ਸ਼ੁੱਕਰਵਾਰ ਸਵੇਰੇ ਕੁਝ ਰਾਹਤ ਮਿਲੀ, ਜਦੋਂ ਤੇਜ਼ ਹਨੇਰੀ ਅਤੇ ਹਲਕੀ ਬਾਰਿਸ਼ ਕਾਰਨ ਤਾਪਮਾਨ ਵਿੱਚ ਕਮੀ ਦਰਜ ਕੀਤੀ ਗਈ। ਹਾਲਾਂਕਿ ਮੌਸਮ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਰਾਹਤ ਅਸਥਾਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਗਰਮੀ ਫਿਰ ਤੋਂ ਤੇਜ਼ ਹੋ ਸਕਦੀ ਹੈ।
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਸ਼ੁੱਕਰਵਾਰ ਸਵੇਰੇ ਜਾਰੀ ਅਲਰਟ ਵਿੱਚ ਚੰਡੀਗੜ੍ਹ ਅਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ, ਬਿਜਲੀ ਚਮਕਣ ਅਤੇ ਹਲਕੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਸੀ। ਅਨੁਮਾਨ ਤੋਂ ਕੁਝ ਹੀ ਸਮੇਂ ਬਾਅਦ ਸ਼ਹਿਰ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ, ਜਦਕਿ ਕਈ ਥਾਵਾਂ ‘ਤੇ ਕਿਣਮਿਣ ਵੀ ਹੋਈ। ਇਸ ਨਾਲ ਲੋਕਾਂ ਨੂੰ ਤਪਦੀ ਗਰਮੀ ਤੋਂ ਕੁਝ ਰਾਹਤ ਮਹਿਸੂਸ ਹੋਈ।
ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 39.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੇ 24 ਘੰਟਿਆਂ ਦੇ ਮੁਕਾਬਲੇ 4.3 ਡਿਗਰੀ ਘੱਟ ਰਿਹਾ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 26.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
24 ਤੋਂ 27 ਮਈ ਤੱਕ ਆਰੇਂਜ ਅਲਰਟ, ਕਈ ਰਾਜਾਂ ’ਚ ਹੀਟਵੇਵ ਦੀ ਚਿਤਾਵਨੀ
ਮੌਸਮ ਵਿਭਾਗ ਨੇ 24 ਮਈ ਤੋਂ 27 ਮਈ ਤੱਕ ਚੰਡੀਗੜ੍ਹ ਵਿੱਚ ਹੀਟਵੇਵ ਦਾ ਆਰੈਂਜ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਆਸਪਾਸ ਦੇ ਖੇਤਰਾਂ ਵਿੱਚ ਵੀ ਭਿਆਨਕ ਗਰਮੀ ਅਤੇ ਹੀਟਵੇਵ ਦੀ ਸੰਭਾਵਨਾ ਜਤਾਈ ਗਈ ਹੈ। ਮਾਹਿਰਾਂ ਦੇ ਅਨੁਸਾਰ 25 ਮਈ ਤੋਂ ਸ਼ੁਰੂ ਹੋਣ ਵਾਲਾ ਨੌਤਪਾ ਇਸ ਵਾਰ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਸਕਦਾ ਹੈ। ਨੌਤਪੇ ਦੌਰਾਨ ਸੂਰਜ ਦੀਆਂ ਤਿੱਖੀਆਂ ਕਿਰਨਾਂ ਅਤੇ ਗਰਮ ਹਵਾਵਾਂ ਕਾਰਨ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।
ਦੁਪਹਿਰ 12 ਤੋਂ 3 ਵਜੇ ਤੱਕ ਧੁੱਪ ਤੋਂ ਬਚਣ ਦੀ ਸਲਾਹ
ਭਿਆਨਕ ਗਰਮੀ ਕਾਰਨ ਦੁਪਹਿਰ ਸਮੇਂ ਸ਼ਹਿਰ ਦੀਆਂ ਸੜਕਾਂ ਲਗਭਗ ਸੁੰਨੀਆਂ ਨਜ਼ਰ ਆ ਰਹੀਆਂ ਹਨ। ਸਿਹਤ ਮਾਹਿਰਾਂ ਨੇ ਲੋਕਾਂ ਨੂੰ ਖ਼ਾਸ ਕਰਕੇ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਸਿੱਧੀ ਧੁੱਪ ਵਿੱਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਲੰਬੇ ਸਮੇਂ ਤੱਕ ਤਿੱਖੀ ਧੁੱਪ ਵਿੱਚ ਰਹਿਣ ਨਾਲ ਹੀਟ ਸਟ੍ਰੋਕ, ਡੀਹਾਈਡ੍ਰੇਸ਼ਨ ਅਤੇ ਹੋਰ ਸਿਹਤ ਸਮੱਸਿਆਵਾਂ ਦਾ ਖਤਰਾ ਵੱਧ ਸਕਦਾ ਹੈ।
ਮੌਸਮ ਵਿਭਾਗ ਅਨੁਸਾਰ ਫਿਲਹਾਲ ਗਰਮੀ ਤੋਂ ਪੂਰੀ ਰਾਹਤ ਮਿਲਣ ਦੀ ਸੰਭਾਵਨਾ ਘੱਟ ਹੈ। ਹਾਲਾਂਕਿ ਜੂਨ ਦੇ ਆਖ਼ਰੀ ਹਫ਼ਤੇ ਵਿੱਚ ਮਾਨਸੂਨ ਦੀ ਆਮਦ ਨਾਲ ਬਾਰਿਸ਼ ਸ਼ੁਰੂ ਹੋ ਸਕਦੀ ਹੈ। ਇਸ ਤੋਂ ਪਹਿਲਾਂ ਪ੍ਰੀ-ਮਾਨਸੂਨ ਗਤੀਵਿਧੀਆਂ ਤਹਿਤ ਹਲਕੀ ਬਾਰਿਸ਼ ਅਤੇ ਛਿਟੇ ਪੈਣ ਦੀ ਉਮੀਦ ਹੈ, ਜੋ ਗਰਮੀ ਤੋਂ ਅਸਥਾਈ ਰਾਹਤ ਦੇ ਸਕਦੇ ਹਨ।