ਹੜ੍ਹਾਂ ਨਾਲ ਨੁਕਸਾਨੇ ਘਰਾਂ ਦੀ ਮੁਰੰਮਤ ਲਈ ਹਰ ਪੱਖੋਂ ਸਹਾਇਤਾ ਕਰਾਂਗੇ : ਗੁਰਦਰਸ਼ਨ ਸਿੰਘ ਸੈਣੀ
ਹੜ੍ਹਾਂ ਨਾਲ ਨੁਕਸਾਨੇ ਘਰਾਂ ਦੀ ਮੁਰੰਮਤ ਲਈ ਹਰ ਪੱਖੋਂ ਸਹਾਇਤਾ ਕਰਾਂਗੇ : ਗੁਰਦਰਸ਼ਨ ਸਿੰਘ ਸੈਣੀ
Publish Date: Sat, 06 Sep 2025 06:23 PM (IST)
Updated Date: Sat, 06 Sep 2025 06:25 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਹਲਕਾ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਅਤੇ ਸਮਾਜ ਸੇਵੀ ਗੁਰਦਰਸ਼ਨ ਸਿੰਘ ਸੈਣੀ ਨੇ ਭਾਰੀ ਬਰਸਾਤ ਨਾਲ ਬਣੀ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਹਲਕੇ ਦੇ ਪਿੰਡਾਂ ਰਜ਼ਾਪੁਰ, ਖਜ਼ੂਰ ਮੰਡੀ ਤੇ ਡੰਗਡੇਹਰਾ ਦਾ ਦੌਰਾ ਕੀਤਾ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਰਾਸ਼ਨ ਵੰਡਿਆ। ਇਸ ਦੌਰਾਨ ਉਨ੍ਹਾਂ ਨੇ ਹੜ੍ਹਾਂ ਨਾਲ ਪ੍ਰਭਾਵਿਤ ਪਰਿਵਾਰਾਂ ਨਾਲ ਗੱਲਬਾਤ ਕਰਦਿਆਂ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਦੀ ਜਾਣਕਾਰੀ ਵੀ ਪ੍ਰਾਪਤ ਕੀਤੀ। ਪੀੜਤ ਲੋਕਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਸ. ਸੈਣੀ ਨੇ ਕਿਹਾ ਕਿ ਲੋਕਾਂ ਦੇ ਘਰਾਂ ਦੀਆਂ ਛੱਤਾਂ ਚੋਣ ਕਰਕੇ ਵੱਡੀ ਗਿਣਤੀ ਪਰਿਵਾਰ ਪ੍ਰੇਸ਼ਾਨ ਹਨ । ਪਸ਼ੂ ਚਾਰੇ ਤੋਂ ਵੀ ਮੁਥਾਜ ਹਨ, ਪਰੰਤੂ ਜ਼ਮੀਨੀ ਹਕੀਕਤ ਇਹ ਹੈ ਕਿ ਲੋਕ ਹੀ ਲੋਕਾਂ ਦੀ ਕੁੱਝ ਹੱਦ ਤਕ ਮੱਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ ਕਿਰਤ ਕਮਾਈ ਵਿਚੋਂ ਹਲਕੇ ਵਿਚ ਬਰਸਾਤ ਅਤੇ ਹੜ੍ਹਾਂ ਨਾਲ ਨੁਕਸਾਨੇ ਘਰਾਂ ਦੀ ਮੁਰੰਮਤ ਕਰਵਾਉਣ ਲਈ ਤਿਆਰ ਹਨ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਤੁਰੰਤ ਗਿਰਦਾਵਰੀ ਕਰਵਾ ਕਿ ਕਿਸਾਨਾਂ ਨੂੰ ਫ਼ਸਲ ਦੇ ਨੁਕਸਾਨ ਦਾ ਯੋਗ ਮੁਆਵਜ਼ਾ ਦੇਵੇ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਬਿਮਾਰੀਆਂ ਦੇ ਫੈਲਣ ਦਾ ਡਰ ਬਣਿਆ ਹੋਇਆ ਹੈ, ਇਸ ਲਈ ਸਿਹਤ ਸਹੂਲਤਾਂ ਤੇ ਸਾਫ਼ ਸਫ਼ਾਈ ਦੀਆਂ ਸਹੂਲਤਾਂ ਨੂੰ ਵੀ ਯਕੀਨੀ ਬਣਾਇਆ ਜਾਵੇ। ਸ੍ਰੀ ਸੈਣੀ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਆਫ਼ਤ ਰਾਹਤ ਫੰਡ ਵਿਚੋਂ ਤੁਰੰਤ ਮੁਆਵਜ਼ਾ ਜਾਰੀ ਕੀਤਾ ਜਾਵੇ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਜਲਦੀ ਤੋਂ ਜਲਦੀ ਵਿੱਤੀ ਮਦਦ, ਰਾਸ਼ਨ ਅਤੇ ਦਵਾਈਆਂ ਦੀ ਸਪਲਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਆਵਾਜ਼ ਰਾਜ ਅਤੇ ਕੇਂਦਰ ਸਰਕਾਰ ਤਕ ਜ਼ੋਰਦਾਰ ਢੰਗ ਨਾਲ ਪਹੁੰਚਾਈ ਜਾਵੇਗੀ ਕਿਉਂਕਿ ਭਾਜਪਾ ਹਮੇਸ਼ਾ ਲੋਕਾਂ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਪੂਰੀ ਤਰਾਂ ਵਚਨਬੱਧ ਹੈ। ਇਸ ਮੌਕੇ ਪੁਸ਼ਪਿੰਦਰ ਮਹਿਤਾ, ਹਰਪ੍ਰੀਤ ਸਿੰਘ ਟਿੰਕੂ, ਸੰਨਤ ਭਾਰਦਵਾਜ, ਮੇਜਰ ਸਿੰਘ ਤੇ ਗੁਲਜ਼ਾਰ ਸਿੰਘ ਟਿਵਾਣਾ ਮੌਜੂਦ ਸਨ।