ਪੰਜਾਬ ’ਚ ਸਿਹਤ ਸੇਵਾਵਾਂ ਨੂੰ ਹੋਰ ਵਧੇਰੇ ਮਜ਼ਬੂਤ ਕਰਾਂਗੇ : ਡਾ. ਬਲਬੀਰ ਸਿੰਘ
ਪੰਜਾਬ ਵਿਚ ਸਿਹਤ ਸੇਵਾਵਾਂ ਨੂੰ ਹੋਰ ਵਧੇਰੇ ਮਜ਼ਬੂਤ ਕਰਾਂਗੇ : ਡਾ. ਬਲਬੀਰ ਸਿੰਘ,
Publish Date: Sun, 31 May 2026 06:31 PM (IST)
Updated Date: Sun, 31 May 2026 06:32 PM (IST)

- ‘ਦਿ ਫਾਈਨਲ ਸਟਿਚ 2026’ ਸੀਐੱਮਈ ਪ੍ਰੋਗਰਾਮ ਤੇ ਸਰਜੀਕਲ ਅਕਾਦਮਿਕ ਕਾਨਫਰੰਸ ’ਚ ਕੀਤੀ ਸ਼ਿਰਕਤ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ‘ਆਪ’ ਸਰਕਾਰ ਸੂਬੇ ਵਿਚ ਸਿਹਤ ਸੇਵਾਵਾਂ ਨੂੰ ਹੋਰ ਵਧੇਰੇ ਮਜ਼ਬੂਤ ਬਣਾਉਣ ਅਤੇ ਹਰ ਨਾਗਰਿਕ ਤੱਕ ਮਿਆਰੀ ਸਿਹਤ ਸਹੂਲਤਾਂ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਡਾ. ਬੀਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼), ਮੁਹਾਲੀ ਦੇ ਜਨਰਲ ਸਰਜਰੀ ਵਿਭਾਗ ਵੱਲੋਂ ਨਾਈਪਰ ਵਿਖੇ ਕਰਵਾਏ ਸੀਐੱਮਈ ਪ੍ਰੋਗਰਾਮ ਅਤੇ ਸਰਜੀਕਲ ਅਕਾਦਮਿਕ ਕਾਨਫ਼ਰੰਸ ‘ਦਿ ਫਾਈਨਲ ਸਟਿਚ 2026’ ਵਿਚ ਸ਼ਿਰਕਤ ਕਰਦਿਆਂ ਸਿਹਤ ਮੰਤਰੀ ਨੇ ਮਰੀਜ਼ਾਂ ਪ੍ਰਤੀ ਹਮਦਰਦੀ ਭਰਪੂਰ ਸੇਵਾ, ਨੈਤਿਕ ਮੈਡੀਕਲ ਅਭਿਆਸ, ਹੁਨਰ-ਆਧਾਰਿਤ ਸਿਖਲਾਈ ਅਤੇ ਸਿਹਤ ਪੇਸ਼ੇਵਰਾਂ ਵਿਚ ਜੀਵਨ ਭਰ ਸਿੱਖਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਐੱਮਬੀਬੀਐੱਸ ਅੰਤਿਮ ਸਾਲ ਦੇ ਯੂਨੀਵਰਸਿਟੀ ਟਾਪਰਾਂ ਨੂੰ ਸਨਮਾਨਿਤ ਕਰਦਿਆਂ ਸਿਹਤ ਮੰਤਰੀ ਨੇ ਮੈਡਲ ਅਤੇ ਪ੍ਰਸ਼ੰਸਾ ਪੱਤਰ ਭੇਟ ਕੀਤੇ। ਯੂਨੀਵਰਸਿਟੀ ਪ੍ਰੀਖਿਆਵਾਂ ਵਿਚ ਸਰਬਉੱਚ ਸਥਾਨ ਹਾਸਲ ਕਰਨ ਵਾਲੀ ਮੈਡੀਕਲ ਵਿਦਿਆਰਥਣ ਦਿਸ਼ਾ ਨੂੰ ਉਸ ਦੀ ਸ਼ਾਨਦਾਰ ਪ੍ਰਾਪਤੀ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਨੌਜਵਾਨ ਡਾਕਟਰਾਂ ਨੂੰ ਸਮਾਜ ਦੀ ਸੇਵਾ ਕਰਦਿਆਂ ਪਵਿੱਤਰ ਪੇਸ਼ੇ ਦੇ ਸਭ ਤੋਂ ਉੱਚੇ ਮਾਪਦੰਡ ਕਾਇਮ ਰੱਖਣ ਲਈ ਵੀ ਪ੍ਰੇਰਿਤ ਕੀਤਾ। ‘ਦਿ ਫਾਈਨਲ ਸਟਿਚ 2026’ ਦੌਰਾਨ ਨੌਜਵਾਨ ਡਾਕਟਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਉਤਸ਼ਾਹ, ਸਮਰਪਣ ਅਤੇ ਮਰੀਜ਼ਾਂ ਦੀ ਦੇਖਭਾਲ ਪ੍ਰਤੀ ਵਚਨਬੱਧਤਾ ਤੋਂ ਪ੍ਰਭਾਵਿਤ ਹੋ ਕੇ ਸਿਹਤ ਮੰਤਰੀ ਨੇ ਕਿਹਾ ਕਿ ਅਜੋਕੇ ਨੌਜਵਾਨ ਡਾਕਟਰ, ਪੰਜਾਬ ਦੀ ਸਿਹਤ ਪ੍ਰਣਾਲੀ ਦੇ ਭਵਿੱਖ ਦੇ ਆਗੂ ਹੋਣਗੇ। ਉਨ੍ਹਾਂ ਕਿਹਾ ਕਿ ਗੁਣਵੱਤਾ ਭਰਪੂਰ ਮੈਡੀਕਲ ਸਿੱਖਿਆ ਅਤੇ ਨਿਰੰਤਰ ਸਿੱਖਣ ਦੀ ਭਾਵਨਾ ਇਕ ਮਜ਼ਬੂਤ ਸਿਹਤ ਢਾਂਚਾ ਤਿਆਰ ਕਰਨ ਲਈ ਬਹੁਤ ਜ਼ਰੂਰੀ ਹਨ। ਡਾ. ਬਲਬੀਰ ਸਿੰਘ ਨੇ ਡਾ. ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਨੂੰ ਇਸ ਮਹੱਤਵਪੂਰਨ ਅਕਾਦਮਿਕ ਸਮਾਗਮ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਸਰਜੀਕਲ ਸਿੱਖਿਆ ਨੂੰ ਉਤਸ਼ਾਹਤ ਕਰਨ ਅਤੇ ਤਜ਼ਰਬੇਕਾਰ ਸਰਜਨਾਂ ਅਤੇ ਮੈਡੀਕਲ ਪੇਸ਼ੇ ਵਿਚ ਆਉਣ ਵਾਲੀ ਨਵੀਂ ਪੀੜ੍ਹੀ ਵਿਚਕਾਰ ਵਿਚਾਰ-ਚਰਚਾ ਦੇ ਮੌਕੇ ਪੈਦਾ ਕਰਨ ਲਈ ਸੰਸਥਾ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਏਮਜ਼ ਦੇ ਡਾਇਰੈਕਟਰ ਪ੍ਰਿੰਸੀਪਲ ਅਤੇ ਮੈਡੀਕਲ ਸੁਪਰਡੈਂਟ ਡਾ. ਨਵਦੀਪ ਸਿੰਘ ਸੈਣੀ, ਬੋਰਡ ਆਫ਼ ਮੈਨੇਜਮੈਂਟ ਦੇ ਚੇਅਰਮੈਨ ਡਾ. ਭਗਵੰਤ ਸਿੰਘ, ਫੈਕਲਟੀ ਮੈਂਬਰਾਂ, ਰੈਜ਼ੀਡੈਂਟ ਡਾਕਟਰਾਂ ਅਤੇ ਡਾ. ਨਿਤਿਨ ਨਾਗਪਾਲ ਸਮੇਤ ਹੋਰ ਨਾਮਵਰ ਮਾਹਰ ਵੀ ਮੌਜੂਦ ਸਨ।