ਸਾਨੂੰ ਮਾਣ ਹੈ ਵਿਰਸੇ ਦੀਆਂ ਖੇਡਾਂ 'ਤੇ : ਕੰਗ
ਸਾਨੂੰ ਮਾਣ ਹੈ ਵਿਰਸੇ ਦੀਆਂ ਖੇਡਾਂ 'ਤੇ : ਕੰਗ
Publish Date: Sat, 21 Feb 2026 06:03 PM (IST)
Updated Date: Sat, 21 Feb 2026 06:06 PM (IST)

ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਅਤੇ ਅਮਰਿੰਦਰ ਸਿੰਘ ਰੋਮੀ ਕੰਗ ਨੇ ਸਮੇਤ ਸਾਥੀਆਂ ਪਿੰਡ ਕਰੋਂਦਿਆਵਾਲਾ ਵਿਖੇ ਨਗਰ ਨਿਵਾਸੀਆਂ ਵੱਲੋਂ ਕਰਵਾਏ ਗਏ ਵਿਸ਼ਾਲ ਕੁਸ਼ਤੀ ਦੰਗਲ ਵਿਚ ਸ਼ਿਰਕਤ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੰਗ ਨੇ ਕਿਹਾ, ਸਾਨੂੰ ਸਮੂਹ ਪੰਜਾਬੀਆਂ ਨੂੰ ਆਪਣੇ ਅਮੀਰ ਵਿਰਸੇ ਦੀਆਂ ਖੇਡਾਂ ਜਿਵੇਂ ਕੁਸ਼ਤੀ, ਕਬੱਡੀ, ਛਿੰਝ ਅਤੇ ਫੁੱਟਬਾਲ ਆਦਿ ’ਤੇ ਮਾਣ ਹੈ। ਇਨ੍ਹਾਂ ਖੇਡਾਂ ਨੂੰ ਹੋਰ ਪ੍ਰਫੁੱਲਤ ਕਰਨਾ ਅਤੇ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨਾ ਸਾਡਾ ਸਭ ਦਾ ਫ਼ਰਜ਼ ਬਣਦਾ ਹੈ। ਉਨ੍ਹਾਂ ਨੇ ਇੱਸ ਕੁਸ਼ਤੀ ਦੰਗਲ ਦੇ ਖੇਡ ਮੇਲੇ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਨਗਰ ਨਿਵਾਸੀਆਂ ਅਤੇ ਸਭ ਦਾ ਧੰਨਵਾਦ ਕੀਤਾ। ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਪਿਛਲੀ ਸਰਕਾਰ ਵਿਚ ਬਤੌਰ ਖੇਡ ਮੰਤਰੀ ਉਨ੍ਹਾਂ ਨੇ ਆਪਣੇ ਹਲਕੇ ਵਿਚ ਖੇਡਾਂ ਨੂੰ ਅੱਗੇ ਵਧਾਉਣ ਅਤੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਸਨ। ਉਨ੍ਹਾਂ ਦੱਸਿਆ ਕਿ ਖਿਜ਼ਰਾਬਾਦ, ਕੁਰਾਲੀ ਅਤੇ ਚੰਦੋ ਗੋਬਿੰਦਗੜ੍ਹ ਵਿਖੇ ਵੱਡੇ ਖੇਡ ਸਟੇਡੀਅਮਾਂ ਦੀ ਉਸਾਰੀ ਕਰਵਾਈ ਗਈ ਅਤੇ ਇਕ ਨਵੀਂ ਖੇਡ ਪਾਲਿਸੀ ਬਣਵਾਈ ਗਈ, ਜਿਸ ਤੇ ਉਨ੍ਹਾਂ ਨੂੰ ਮਾਣ ਹੈ। ਸ. ਕੰਗ ਨੇ ਕਿਹਾ ਕਿ ਮੈਂ ਲੰਮੇ ਸਮੇਂ ਤੋਂ ਆਪਣੇ ਹਲਕੇ ਖਰੜ ਦੀ ਲਗਾਤਾਰ ਸੇਵਾ ਕਰਦਾ ਆ ਰਿਹਾ ਹਾਂ ਅਤੇ ਅੱਗੇ ਲਈ ਵੀ ਹਮੇਸ਼ਾ ਇੱਥੋਂ ਦੇ ਲੋਕਾਂ ਦੀ ਸੇਵਾ ਲਈ ਸਮਰਪਿਤ ਰਹਾਂਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖਬੀਰ ਚੰਦ, ਆਤਮਾ ਰਾਮ, ਬਚਨਾ ਰਾਮ, ਹੁਸਨ ਚੰਦ, ਭਾਗ ਚੰਦ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।