ਬਿਜਲੀ ਦੇ ਖੰਭੇ ਗੱਡਣ ਦੌਰਾਨ ਜਲ ਸਪਲਾਈ ਲਾਈਨ ਟੁੱਟੀ
ਬਿਜਲੀ ਦੇ ਖੰਭੇ ਗੱਡਣ ਦੌਰਾਨ ਜਲ ਸਪਲਾਈ ਲਾਈਨ ਟੁੱਟੀ, ਬੀਤੇ 3 ਦਿਨਾਂ ਤੋਂ ਬੂੰਦ-ਬੂੰਦ ਨੂੰ ਤਰਸੇ ਸੈਂਕੜੇ ਪਰਿਵਾਰ
Publish Date: Tue, 05 May 2026 07:49 PM (IST)
Updated Date: Wed, 06 May 2026 04:15 AM (IST)

ਬੀਤੇ 3 ਦਿਨਾਂ ਤੋਂ ਬੂੰਦ-ਬੂੰਦ ਨੂੰ ਤਰਸੇ ਸੈਂਕੜੇ ਪਰਿਵਾਰ ਤਰਨਪ੍ਰੀਤ ਸਿੰਘ ਗਿੱਲ/ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਕਪੁਰ : ਪਾਵਰਕਾਮ ਅਤੇ ਨਗਰ ਕੌਂਸਲ ਵਿਚਾਲੇ ਤਾਲਮੇਲ ਦੀ ਭਾਰੀ ਕਮੀ ਦਾ ਖ਼ਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਪਾਵਰਕਾਮ ਦੇ ਠੇਕੇਦਾਰ ਵੱਲੋਂ ਬਿਜਲੀ ਦੇ ਨਵੇਂ ਖੰਭੇ ਲਗਾਉਣ ਦੌਰਾਨ ਪਾਣੀ ਦੀ ਮੇਨ ਲਾਈਨ ਟੁੱਟ ਗਈ, ਜਿਸ ਕਾਰਨ ਪਿਛਲੇ ਤਿੰਨ ਦਿਨਾਂ ਤੋਂ ਸੈਂਕੜੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐੱਮਐੱਸ ਇਨਕਲੇਵ, ਸਵਾਮੀ ਇਨਕਲੇਵ ਅਤੇ ਸ਼ਿਵਾਲਿਕ ਵਿਹਾਰ ਵਰਗੇ ਇਲਾਕਿਆਂ ਵਿਚ ਹਾਹਾਕਾਰ ਮਚੀ ਹੋਈ ਹੈ। ਤਾਜ਼ਾ ਮਾਮਲੇ ਵਿਚ ਵਾਰਡ ਨੰ. 9 ਦੇ ਅਧੀਨ ਆਉਂਦੇ ਐੱਮਐੱਸ ਇਨਕਲੇਵ ਅਤੇ ਸਵਾਮੀ ਇਨਕਲੇਵ ਵਿਚ ਅੱਧਾ ਦਰਜਨ ਤੋਂ ਵੱਧ ਥਾਵਾਂ ਤੇ ਫਿਰ ਤੋਂ ਪਾਈਪ ਲਾਈਨਾਂ ਟੁੱਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਵਾਰਡ ਨੰ. 9 ਅਤੇ 27 ਦੇ ਨਿਵਾਸੀਆਂ ਦਾ ਦੋਸ਼ ਹੈ ਕਿ ਪਾਵਰਕਾਮ ਦੇ ਠੇਕੇਦਾਰ ਕੰਮ ਜਲਦੀ ਖ਼ਤਮ ਕਰਨ ਦੀ ਕਾਹਲੀ ਵਿਚ ਹਨ। ਖ਼ੁਦਾਈ ਕਰਨ ਤੋਂ ਪਹਿਲਾਂ ਜ਼ਮੀਨ ਹੇਠਾਂ ਦੱਬੀਆਂ ਪਾਣੀ ਅਤੇ ਸੀਵਰੇਜ ਦੀਆਂ ਪਾਈਪਾਂ ਦੀ ਜਾਂਚ ਨਹੀਂ ਕੀਤੀ ਜਾ ਰਹੀ। ਐੱਮਐੱਸ ਇਨਕਲੇਵ ਦੇ ਨਿਵਾਸੀ ਸੰਦੀਪ ਸਿੰਘ, ਮੁਕੇਸ਼, ਸ਼ਿਵਾਨੀ ਅਤੇ ਰਜਨੀ ਨੇ ਦੱਸਿਆ ਕਿ ਤਿੰਨ ਦਿਨਾਂ ਤੋਂ ਘਰਾਂ ਵਿਚ ਪਾਣੀ ਨਹੀਂ ਆ ਰਿਹਾ। ਰੋਜ਼ਾਨਾ ਦੇ ਕੰਮਾਂ ਲਈ ਨਿੱਜੀ ਟੈਂਕਰ ਮੰਗਵਾਉਣੇ ਪੈ ਰਹੇ ਹਨ, ਜੋ ਜੇਬ ਤੇ ਭਾਰੀ ਪੈ ਰਹੇ ਹਨ। ਨਗਰ ਕੌਂਸਲ ਦੇ ਜਲ ਸਪਲਾਈ ਠੇਕੇਦਾਰ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਦੇ ਠੇਕੇਦਾਰ ਬਿਨਾਂ ਦੱਸੇ ਕਿਤੇ ਵੀ ਖ਼ੁਦਾਈ ਸ਼ੁਰੂ ਕਰ ਦਿੰਦੇ ਹਨ। ਵਾਰ-ਵਾਰ ਟੁੱਟ ਰਹੀਆਂ ਲਾਈਨਾਂ ਨੂੰ ਠੀਕ ਕਰਨ ਵਿਚ ਕਾਫ਼ੀ ਸਮਾਂ ਅਤੇ ਮਿਹਨਤ ਬਰਬਾਦ ਹੋ ਰਹੀ ਹੈ, ਜਿਸ ਨਾਲ ਦੂਜੇ ਇਲਾਕਿਆਂ ਦੀ ਸਪਲਾਈ ਵੀ ਪ੍ਰਭਾਵਿਤ ਹੁੰਦੀ ਹੈ। ਜੇਈ ਸਵਨੀਤ ਸਿੰਘ, ਨਗਰ ਕੌਂਸਲ ਜ਼ੀਰਕਪੁਰ ਨੇ ਪੁਸ਼ਟੀ ਕੀਤੀ ਕਿ ਬਿਜਲੀ ਵਿਭਾਗ ਦੀ ਖ਼ੁਦਾਈ ਕਾਰਨ ਨੁਕਸਾਨ ਹੋਇਆ ਹੈ। ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਆਪਸੀ ਤਾਲਮੇਲ ਨਾਲ ਕੰਮ ਕਰਨ ਦੀ ਹਦਾਇਤ ਦਿੱਤੀ ਜਾ ਰਹੀ ਹੈ। ਸੀਨੀਅਰ ਐਕਸੀਅਨ, ਪਾਵਰਕਾਮ ਮਨਦੀਪ ਕੁਮਾਰ ਨੇ ਕਿਹਾ ਕਿ ਮਾਮਲਾ ਅਜੇ ਉਨ੍ਹਾਂ ਦੇ ਧਿਆਨ ਵਿਚ ਨਹੀਂ ਆਇਆ, ਪਰ ਜੇਕਰ ਠੇਕੇਦਾਰ ਦੀ ਗ਼ਲਤੀ ਪਾਈ ਗਈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕੰਮ ਨੂੰ ਤਰੀਕੇ ਨਾਲ ਕਰਨ ਦੇ ਨਿਰਦੇਸ਼ ਦਿੱਤੇ ਜਾਣਗੇ।