ਕੂੜਾ ਪ੍ਰਬੰਧਨ ਹੋਵੇਗਾ ਹਾਈਟੈੱਕ, ਜੀਪੀਐੱਸ ਸਿਸਟਮ ਨਾਲ ਹੋਵੇਗੀ ਡੋਰ-ਟੂ-ਡੋਰ ਕੁਲੈਕਸ਼ਨ
ਮੁਹਾਲੀ ਸ਼ਹਿਰ ਵਿਚ ਕੂੜਾ ਪ੍ਰਬੰਧਨ ਹੋਵੇਗਾ ਹਾਈਟੈੱਕ, ਜੀਪੀਐਸ ਸਿਸਟਮ ਨਾਲ ਹੋਵੇਗੀ ਡੋਰ-ਟੂ-ਡੋਰ ਕੁਲੈਕਸ਼ਨ
Publish Date: Sat, 02 May 2026 08:58 PM (IST)
Updated Date: Sun, 03 May 2026 04:18 AM (IST)

ਦਰਸ਼ਨ ਸਿੰਘ ਸੋਢੀ/ਪੰਜਾਬੀ ਜਾਗਰਣ ਰਿਪੋਰਟਰ, ਮੁਹਾਲੀ : ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਸ਼ਹਿਰ ਵਿਚ ਸਫ਼ਾਈ ਵਿਵਸਥਾ ਨੂੰ ਅਤਿ-ਆਧੁਨਿਕ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਨਗਰ ਨਿਗਮ ਹੁਣ ਜੀਪੀਐੱਸ ਆਧਾਰਤ ਡੋਰ-ਟੂ-ਡੋਰ (ਘਰ-ਘਰ) ਕੂੜਾ ਇਕੱਠਾ ਕਰਨ ਦੀ ਪ੍ਰਣਾਲੀ ਸ਼ੁਰੂ ਕਰਨ ਜਾ ਰਿਹਾ ਹੈ। ਇਸ ਨਵੀਂ ਪਹਿਲਕਦਮੀ ਤਹਿਤ ਕੂੜਾ ਚੁੱਕਣ ਦੀ ਪੂਰੀ ਪ੍ਰਕਿਰਿਆ ਤੇ ਤਕਨੀਕ ਰਾਹੀਂ ਨਿਗਰਾਨੀ ਰੱਖੀ ਜਾਵੇਗੀ, ਜਿਸ ਨਾਲ ਨਾ ਸਿਰਫ਼ ਸਮੇਂ ਸਿਰ ਕੂੜਾ ਚੁੱਕਣਾ ਯਕੀਨੀ ਬਣੇਗਾ, ਸਗੋਂ ਘਰ-ਘਰ ਕੂੜੇ ਨੂੰ ਵੱਖ-ਵੱਖ ਕਰਨ (ਗਿੱਲਾ ਤੇ ਸੁੱਕਾ ਕੂੜਾ) ਦੇ ਨਿਯਮ ਨੂੰ ਵੀ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਇਸ ਪ੍ਰੋਜੈਕਟ ਤਹਿਤ ਨਗਰ ਨਿਗਮ ਨੇ 25 ਨਵੇਂ ਕੂੜਾ ਇਕੱਠਾ ਕਰਨ ਵਾਲੇ ਵਾਹਨ ਖ਼ਰੀਦੇ ਹਨ, ਜਿਨ੍ਹਾਂ ਵਿਚ ਜੀਪੀਐੱਸ ਟਰੈਕਿੰਗ ਸਿਸਟਮ ਲਗਾਇਆ ਗਿਆ ਹੈ। ਇਨ੍ਹਾਂ ਵਾਹਨਾਂ ਦੀ ਮਦਦ ਨਾਲ ਰੋਜ਼ਾਨਾ ਦੀ ਕੁਲੈਕਸ਼ਨ ਰੂਟ, ਸਮੇਂ ਅਤੇ ਕਵਰੇਜ ਦੀ ਨਿਗਰਾਨੀ ਕੀਤੀ ਜਾ ਸਕੇਗੀ। ਇਸਦੇ ਨਾਲ ਹੀ ਸ਼ਹਿਰ ਦੇ ਹਰ ਘਰ ਨੂੰ ਇਕ ਕਿਊਆਰ ਕੋਡ ਦਿੱਤਾ ਜਾਵੇਗਾ, ਜਿਸ ਰਾਹੀਂ ਇਹ ਰਿਕਾਰਡ ਰੱਖਿਆ ਜਾਵੇਗਾ ਕਿ ਕੂੜਾ ਕਦੋਂ ਅਤੇ ਕਿਵੇਂ ਚੁੱਕਿਆ ਗਿਆ ਅਤੇ ਘਰਾਂ ਵਿਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕੀਤਾ ਜਾ ਰਿਹਾ ਹੈ ਜਾਂ ਨਹੀਂ। ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਫਿਲਹਾਲ ਸ਼ਹਿਰ ਵਿਚ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਦਾ ਕੰਮ ਮੁੱਖ ਤੌਰ ਤੇ ਰੇਹੜੀਆਂ ਰਾਹੀਂ ਕੀਤਾ ਜਾ ਰਿਹਾ ਹੈ। ਨਵੇਂ ਜੀਪੀਐੱਸ ਯੁਕਤ ਵਾਹਨਾਂ ਦੇ ਸ਼ਾਮਲ ਹੋਣ ਨਾਲ ਮੌਜੂਦਾ ਵਿਵਸਥਾ ਨੂੰ ਮਜ਼ਬੂਤੀ ਮਿਲੇਗੀ ਤੇ ਕੂੜਾ ਇਕੱਠਾ ਕਰਨ ਵਿਚ ਪਾਰਦਰਸ਼ਤਾ ਆਵੇਗੀ। ਇਸ ਨਾਲ ਰਿਸੋਰਸ ਮੈਨੇਜਮੈਂਟ ਸੈਂਟਰ (ਆਰਐੱਮਸੀ ਪੁਆਇੰਟ) ਤੇ ਪੈਣ ਵਾਲਾ ਦਬਾਅ ਵੀ ਘੱਟ ਹੋਵੇਗਾ, ਕਿਉਂਕਿ ਰਲਗੱਡ ਕੂੜੇ ਦੀ ਮਾਤਰਾ ਘੱਟ ਜਾਵੇਗੀ। ਇਹ ਪ੍ਰੋਜੈਕਟ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਮਾਡਲ ਤਹਿਤ ਤਿੰਨ ਸਾਲਾਂ ਲਈ ਲਾਗੂ ਕੀਤਾ ਜਾ ਰਿਹਾ ਹੈ। ਹਾਲਾਂਕਿ, ਕੁਝ ਮਹੀਨੇ ਪਹਿਲਾਂ ਸਥਾਨਕ ਕੂੜਾ ਚੁੱਕਣ ਵਾਲਿਆਂ ਦੇ ਵਿਰੋਧ ਕਾਰਨ ਇਸ ਵਿਚ ਦੇਰੀ ਹੋਈ ਸੀ ਪਰ ਹੁਣ ਨਿਗਮ ਇਸ ਨੂੰ ਜਲਦੀ ਹੀ ਪੂਰੀ ਤਰ੍ਹਾਂ ਲਾਗੂ ਕਰਨ ਦੀ ਤਿਆਰੀ ’ਚ ਹੈ। ਬਾਕਸ : ਇਸ ਯੋਜਨਾ ਤਹਿਤ ਸ਼ਹਿਰ ’ਚ ਹਰੇਕ ਨਾਗਰਿਕ ਲਈ ਘਰ ਦੇ ਪੱਧਰ ਤੇ ਹੀ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖੋ-ਵੱਖ ਕਰਨਾ ਲਾਜ਼ਮੀ ਬਣਾਇਆ ਜਾਵੇਗਾ। ਨਿਯਮਾਂ ਦੀ ਪਾਲਣਾ ਨਾ ਕਰਨ ਤੇ ਭਵਿੱਖ ਵਿਚ ਸਬੰਧਤ ਘਰ (ਮਕਾਨ ਮਾਲਕ) ’ਤੇ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਜੀਪੀਐੱਸ ਅਤੇ ਕਿਊਆਰ ਆਧਾਰਤ ਸਿਸਟਮ ਨਾਲ ਨਗਰ ਨਿਗਮ ਨੂੰ ਇਹ ਯਕੀਨੀ ਬਣਾਉਣ ਵਿਚ ਮਦਦ ਮਿਲੇਗੀ ਕਿ ਕੋਈ ਵੀ ਇਲਾਕਾ ਕੂੜਾ ਚੁੱਕਣ ਤੋਂ ਵਾਂਝਾ ਨਾ ਰਹੇ। ਬਾਕਸ : ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਸਿੰਘ ਨੇ ਕਿਹਾ ਕਿ ਨਵੇਂ ਜੀਪੀਐੱਸ ਯੁਕਤ ਵਾਹਨ ਕੁਲੈਕਸ਼ਨ ਦੀ ਨਿਗਰਾਨੀ ਅਤੇ ਸਮੇਂ ਦੀ ਪਾਬੰਦੀ ਯਕੀਨੀ ਬਣਾਉਣਗੇ। ਉਨ੍ਹਾਂ ਦੱਸਿਆ ਕਿ ਸਰੋਤ (ਘਰ) ਤੇ ਕੂੜੇ ਨੂੰ ਵੱਖੋ-ਵੱਖਰਾ ਕਰਨਾ ਲਾਜ਼ਮੀ ਕੀਤਾ ਗਿਆ ਹੈ ਅਤੇ ਇਹ ਪ੍ਰਣਾਲੀ ਸ਼ਹਿਰ ਦੇ ਸਮੁੱਚੇ ਕੂੜਾ ਪ੍ਰਬੰਧਨ ਨੂੰ ਬਿਹਤਰ ਬਣਾਵੇਗੀ। ਉਨ੍ਹਾਂ ਕਿਹਾ ਕਿ ਕੂੜਾ ਪ੍ਰਬੰਧਨ ਦੇ ਮਾਮਲੇ ਵਿਚ ਮੁਹਾਲੀ ਨੂੰ ਨੰਬਰ ਇਕ ਸ਼ਹਿਰ ਬਣਾਇਆ ਜਾਵੇਗਾ। ਇਸ ਕਾਰਜ ਦੀ ਸਫ਼ਲਤਾ ਲਈ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ।