‘ਵੀਆਈਪੀ’ ਜ਼ਿਲ੍ਹੇ ਦਾ ਦਸਵੀਂ ਜਮਾਤ ਦੀ ਮੈਰਿਟ ਸੂਚੀ ’ਚ ਬੇਹੱਦ ਕਮਜ਼ੋਰ ਪ੍ਰਦਰਸ਼ਨ
'ਵੀਆਈਪੀ' ਜ਼ਿਲ੍ਹਾ ਮੁਹਾਲੀ ਦਾ ਦਸਵੀਂ ਜਮਾਤ ਦੀ ਮੈਰਿਟ ਸੂਚੀ ਵਿਚ ਬੇਹੱਦ ਕਮਜ਼ੋਰ ਪ੍ਰਦਰਸ਼ਨ
Publish Date: Mon, 11 May 2026 09:36 PM (IST)
Updated Date: Mon, 11 May 2026 09:39 PM (IST)

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਦਾ ‘ਵੀਆਈਪੀ’ ਜ਼ਿਲ੍ਹਾ ਕਹਾਉਣ ਵਾਲਾ ਮੁਹਾਲੀ ਇਸ ਵਾਰ ਪੰਜਾਬ ਬੋਰਡ ਦੀ ਦਸਵੀਂ ਜਮਾਤ ਦੀ ਮੈਰਿਟ ਸੂਚੀ ਵਿਚ ਬੇਹੱਦ ਕਮਜ਼ੋਰ ਪ੍ਰਦਰਸ਼ਨ ਕਾਰਨ ਚਰਚਾ ਵਿਚ ਹੈ। ਪੂਰੇ ਜ਼ਿਲ੍ਹੇ ’ਚੋਂ ਸਿਰਫ਼ ਤਿੰਨ ਵਿਦਿਆਰਥੀ ਹੀ ਮੈਰਿਟ ਵਿਚ ਆਏ ਹਨ। ਇਨ੍ਹਾਂ ਤਿੰਨਾਂ ’ਚੋਂ ਦੋ ਵਿਦਆਰਥੀ ਪ੍ਰਾਈਵੇਟ ਸਕੂਲਾਂ ਦੇ ਹਨ। ਮੈਰਿਟ ਸੂਚੀ ਵਿਚ ਮਿਆਰੀ ਸਥਾਨ ਬਣਾਉਣ ਤੋਂ ਖੁੰਝਣ ਕਾਰਨ ਸਿੱਖਿਆ ਪ੍ਰਬੰਧਾਂ ਅਤੇ ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਵੱਲੋਂ ਸਿੱਖਿਆ ਸੁਧਾਰਾਂ, ਸਮਾਰਟ ਸਕੂਲਾਂ, ਡਿਜੀਟਲ ਕਲਾਸ-ਰੂਮਾਂ ਅਤੇ ‘ਸਕੂਲ ਆਫ਼ ਐਮੀਨੈਂਸ’ ਵਰਗੇ ਪ੍ਰਾਜੈਕਟਾਂ ’ਤੇ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਮੁਹਾਲੀ ਜ਼ਿਲ੍ਹੇ ਦਾ ਪ੍ਰਦਰਸ਼ਨ ਉਮੀਦਾਂ ਨਾਲੋਂ ਕਾਫ਼ੀ ਘੱਟ ਰਿਹਾ ਹੈ। ਮੁਹਾਲੀ ਨੂੰ ਸਿਆਸੀ ਅਤੇ ਪ੍ਰਬੰਧਕੀ ਤੌਰ ’ਤੇ ਪੰਜਾਬ ਦਾ ਸਭ ਤੋਂ ਮਹੱਤਵਪੂਰਨ ਜ਼ਿਲ੍ਹਾ ਮੰਨਿਆ ਜਾਂਦਾ ਹੈ। ਇੱਥੇ ਮੰਤਰੀਆਂ, ਵਿਧਾਇਕਾਂ ਅਤੇ ਉੱਚ ਅਧਿਕਾਰੀਆਂ ਦਾ ਸਿੱਧਾ ਦਖ਼ਲ ਰਹਿੰਦਾ ਹੈ। ਅਕਸਰ ਅਧਿਆਪਕਾਂ ਦੀਆਂ ਨਿਯੁਕਤੀਆਂ ਅਤੇ ਬਦਲੀਆਂ ਵਿਚ ਸਿਫ਼ਾਰਸ਼ਾਂ ਦੀ ਚਰਚਾ ਹੁੰਦੀ ਹੈ, ਪਰ ਸਿੱਖਿਆ ਦੇ ਨਤੀਜਿਆਂ ਵਿਚ ਇਹ ਜ਼ਿਲ੍ਹਾ ਪੱਛੜ ਗਿਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਨਿੱਜੀ ਸਕੂਲਾਂ ਦੀ ਭਰਮਾਰ ਅਤੇ ਆਧੁਨਿਕ ਸਹੂਲਤਾਂ ਹੋਣ ਦੇ ਬਾਵਜੂਦ ਅਜਿਹਾ ਨਤੀਜਾ ਚਿੰਤਾ ਦਾ ਵਿਸ਼ਾ ਹੈ। ਇਸ ਦੌਰਾਨ ‘ਸਕੂਲ ਆਫ਼ ਐਮੀਨੈਂਸ’ ਫੇਜ਼-3ਬੀ1 ਦੀ ਵਿਦਿਆਰਥਣ ਕੰਵਲਨੈਨ ਨੇ ਜ਼ਿਲ੍ਹੇ ਵਿਚ ਪਹਿਲਾ ਸਥਾਨ ਮੱਲ੍ਹ ਕੇ ਮੁਹਾਲੀ ਜ਼ਿਲ੍ਹੇ ਦੀ ਸਾਖ ਬਚਾਉਣ ਦਾ ਕੰਮ ਕੀਤਾ ਹੈ। ਦੂਜੇ ਪਾਸੇ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਸਿੱਖਿਆ ਮਾਡਲ ’ਤੇ ਸਵਾਲ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਤਿੰਦਰ ਸਿੰਘ ਗਿੱਲ, ਪਾਰਟੀ ਦੇ ਬੁਲਾਰੇ ਅਤੇ ਮਾਲਵਾ ਜ਼ੋਨ ਦੇ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ, ਕੁਲਦੀਪ ਕੌਰ ਕੰਗ ਅਤੇ ਕਮਲਜੀਤ ਸਿੰਘ ਰੂਬੀ ਨੇ ਕਿਹਾ ਕਿ ਸਕੂਲਾਂ ਵਿਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੀ ਥਾਂ ਸਰਕਾਰ ਚਾਰ ਸਾਲ ਸਿੱਖਿਆ ਕ੍ਰਾਂਤੀ ਦੇ ਨਾਂ ’ਤੇ ਸਕੂਲਾਂ ਨੂੰ ਰੰਗ ਰੋਗਨ ਕਰਨ ਵਿਚ ਹੀ ਲੱਗੀ ਰਹੀ। ਜਿਸ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਹੁੰਦੀਆਂ ਤਾਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦਾ ਨਤੀਜਾ ਹੋਰਨਾਂ ਨਾਲੋਂ ਬਿਹਤਰ ਹੋਣਾ ਸੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਸਕੂਲਾਂ ਦੇ ਨਤੀਜਿਆਂ ਦੀ ਪੜਚੋਲ ਕੀਤੀ ਜਾਵੇ ਅਤੇ ਸਕੂਲੀ ਸਿੱਖਿਆ ਵਿਚ ਸੁਧਾਰ ਲਿਆਉਣ ਲਈ ਠੋਸ ਕਦਮ ਚੁੱਕੇ ਜਾਣ।