ਮੁੱਲਾਂਪੁਰ ਗਰੀਬਦਾਸ ਦੇ ਪਿੰਡਾਂ ਵੱਲੋਂ ਹੜ੍ਹ ਪੀੜਤਾਂ ਲਈ ਵੱਡੀ ਰਾਹਤ ਮੁਹਿੰਮ ਸ਼ੁਰੂ
ਮੁੱਲਾਂਪੁਰ ਗਰੀਬਦਾਸ ਦੇ ਪਿੰਡਾਂ ਵੱਲੋਂ ਹੜ੍ਹ ਪੀੜਤਾਂ ਲਈ ਵੱਡੀ ਰਾਹਤ ਮੁਹਿੰਮ ਸ਼ੁਰੂ
Publish Date: Sun, 31 Aug 2025 08:12 PM (IST)
Updated Date: Sun, 31 Aug 2025 08:13 PM (IST)

ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ ਪੰਜਾਬ ਦੇ ਕਈ ਇਲਾਕਿਆਂ ਵਿੱਚ ਆਏ ਹੜ੍ਹਾਂ ਕਾਰਨ ਵੱਡਾ ਨੁਕਸਾਨ ਹੋਇਆ ਹੈ। ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਹੈ, ਫਸਲਾਂ ਬਰਬਾਦ ਹੋ ਚੁੱਕੀਆਂ ਹਨ ਅਤੇ ਬੇਜ਼ੁਬਾਨ ਪਸ਼ੂ ਵੀ ਮਾਰੇ ਗਏ ਹਨ, ਜਿਸ ਨਾਲ ਸੂਬੇ ਦੇ ਹਾਲਾਤ ਬੇਹੱਦ ਗੰਭੀਰ ਬਣੇ ਹੋਏ ਹਨ। ਇਸ ਸੰਕਟ ਦੀ ਘੜੀ ਵਿੱਚ, ਨਿਊ ਚੰਡੀਗੜ੍ਹ ਦੇ ਪਿੰਡਾਂ ਮੁੱਲਾਂਪੁਰ ਗਰੀਬਦਾਸ, ਫਿਰੋਜ਼ਪੁਰ, ਭੜੌਜੀਆਂ, ਰਤਵਾੜਾ ਅਤੇ ਪੈਂਤਪੁਰ ਦੇ ਲੋਕਾਂ ਨੇ ਇਕੱਠੇ ਹੋ ਕੇ ਹੜ੍ਹ ਪੀੜਤਾਂ ਲਈ ਵੱਡੀ ਮਾਤਰਾ ਵਿੱਚ ਰਾਸ਼ਨ ਇਕੱਠਾ ਕੀਤਾ ਹੈ। ਗੱਲਬਾਤ ਕਰਦਿਆਂ ਸਰਪੰਚ ਜਤਿੰਦਰ ਸਿੰਘ ਮੁੱਲਾਂਪੁਰ ਨੇ ਦੱਸਿਆ ਕਿ ਇਹ ਰਾਸ਼ਨ ਸੇਵਾ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਲਾਂਪੁਰ ਗਰੀਬਦਾਸ ਨੇੜੇ ਗੁੱਗਾ ਮਾੜੀ ਕੋਲ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸੁੱਕੀਆਂ ਦਾਲਾਂ, ਆਟਾ, ਪਾਣੀ, ਬਰੈੱਡ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਸ਼ਾਮਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਹੈਲਪਿੰਗ ਹੈਂਡਸ ਟੀਮ ਈਕੋ ਸਿਟੀ-1 ਵੱਲੋਂ ਵੀ ਇਸ ਸੇਵਾ ਵਿੱਚ ਪੂਰਾ ਹਿੱਸਾ ਪਾਇਆ ਗਿਆ ਹੈ। ਸਰਬਜੀਤ ਸਿੰਘ ਫਿਰੋਜ਼ਪੁਰ ਨੇ ਦੱਸਿਆ ਕਿ ਨੌਜਵਾਨ ਦਿਨ-ਰਾਤ ਸੇਵਾ ਕਰਕੇ ਰਾਸ਼ਨ ਦੀ ਪੈਕਿੰਗ ਕਰ ਰਹੇ ਹਨ ਤਾਂ ਜੋ ਅੱਗੇ ਜਾ ਕੇ ਕੋਈ ਦਿੱਕਤ ਨਾ ਆਵੇ। ਉਨ੍ਹਾਂ ਦੱਸਿਆ ਕਿ ਰਾਸ਼ਨ ਨਾਲ ਭਰੀਆਂ ਇਹ ਗੱਡੀਆਂ ਕੱਲ੍ਹ ਸਵੇਰੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਵਾਨਾ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਬੁਰੇ ਸਮੇਂ ਵਿੱਚ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਇਹ ਸਾਡਾ ਫਰਜ਼ ਹੈ ਅਤੇ ਸਾਡੇ ਗੁਰੂਆਂ-ਪੀਰਾਂ ਦਾ ਦੱਸਿਆ ਹੋਇਆ ਰਸਤਾ ਹੈ। ਉਨ੍ਹਾਂ ਇਲਾਕੇ ਦੇ ਹੋਰ ਪਿੰਡਾਂ ਦੇ ਲੋਕਾਂ ਨੂੰ ਵੀ ਇਸ ਸੇਵਾ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਨੂੰ ਇਸ ਮਾੜੇ ਹਾਲਾਤਾਂ ਵਿੱਚੋਂ ਬਾਹਰ ਕੱਢਿਆ ਜਾ ਸਕੇ।