ਵੇਰਕਾ ਮੁਲਾਜ਼ਮਾਂ ਦਾ ਰੋਸ ਪ੍ਰਦਰਸ਼ਨ ਜਾਰੀ, ਐੱਮਡੀ ਨਾਲ ਬੈਠਕ ਬੇਸਿੱਟਾ
ਵੇਰਕਾ ਮੁਲਾਜ਼ਮਾਂ ਦਾ ਪ੍ਰਦਰਸ਼ਨ ਛੇਵੇਂ ਦਿਨ ਵੀ ਜਾਰੀ ; ਐੱਮਡੀ ਨਾਲ ਬੈਠਕ ਬੇਸਿੱਟਾ, ਯੂਨੀਅਨ ਵੱਲੋਂ ਤਿੱਖੇ ਸੰਘਰਸ਼ ਦੀ ਚੇਤਾਵਨੀ
Publish Date: Mon, 18 May 2026 08:57 PM (IST)
Updated Date: Mon, 18 May 2026 08:57 PM (IST)

- ਯੂਨੀਅਨ ਵੱਲੋਂ ਤਿੱਖੇ ਸੰਘਰਸ਼ ਦੀ ਚਿਤਾਵਨੀ ਅਮਰਜੀਤ ਸਿੰਘ, ਪੰਜਾਬੀ ਜਾਗਰਣ ਮੁਹਾਲੀ : ਵੇਰਕਾ ਮੋਹਾਲੀ ਪਲਾਂਟ ਵਿਖੇ ਆਊਟਸੋਰਸ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਰੋਸ ਪ੍ਰਦਰਸ਼ਨ ਸੋਮਵਾਰ ਨੂੰ ਛੇਵੇਂ ਦਿਨ ਵੀ ਜਾਰੀ ਰਿਹਾ। ਪੰਜਾਬ ਭਰ ਦੇ ਮਿਲਕ ਅਤੇ ਫੀਡ ਪਲਾਂਟਾਂ ਤੋਂ ਪਹੁੰਚੇ ਹਜ਼ਾਰਾਂ ਮੁਲਾਜ਼ਮਾਂ ਦੇ ਦਬਾਅ ਮਗਰੋਂ ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ (ਐੱਮਡੀ) ਵੱਲੋਂ ਉੱਚ ਪੱਧਰੀ ਬੈਠਕ ਸੱਦੀ ਗਈ ਸੀ, ਪਰ ਮੈਨੇਜਮੈਂਟ ਦੇ ਅੜੀਅਲ ਰਵੱਈਏ ਕਾਰਨ ਇਹ ਬੈਠਕ ਪੂਰੀ ਤਰ੍ਹਾਂ ਬੇਸਿੱਟਾ ਰਹੀ। ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਬੈਠਕ ਵਿਚ ਮਸਲੇ ਹੱਲ ਕਰਨ ਦੀ ਬਜਾਏ ਉਲਟਾ ਮੁਲਾਜ਼ਮਾਂ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ। ਵੇਰਕਾ ਮਿਲਕ ਅਤੇ ਕੈਟਲ ਫੀਡ ਪਲਾਂਟ ਆਊਟਸੋਰਸ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਪਵਨਦੀਪ ਸਿੰਘ ਅਤੇ ਜਨਰਲ ਸਕੱਤਰ ਜਸਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਠੇਕੇਦਾਰੀ ਸਿਸਟਮ ਖ਼ਤਮ ਕਰਨ ਦੇ ਵੱਡੇ ਦਾਅਵੇ ਕਰ ਰਹੀ ਹੈ, ਜਦਕਿ ਵੇਰਕਾ ਪਲਾਂਟਾਂ ਦੀ ਹਕੀਕਤ ਇਸ ਦੇ ਉਲਟ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਵੇਰਕਾ ਇਕ ਸਹਿਕਾਰਤਾ ਅਦਾਰਾ ਹੈ, ਜੋ ਸਿੱਧਾ ਮੁੱਖ ਮੰਤਰੀ ਅਧੀਨ ਆਉਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਆਪਣੇ ਵਿਭਾਗ ਵਿਚ ਹਜ਼ਾਰਾਂ ਆਊਟਸੋਰਸ ਮੁਲਾਜ਼ਮਾਂ ਦਾ ਸ਼ੋਸ਼ਣ ਹੋਣਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲੀਆ ਨਿਸ਼ਾਨ ਹੈ। ਯੂਨੀਅਨ ਆਗੂਆਂ ਨੇ ਅਪੀਲ ਕੀਤੀ ਕਿ ਜਿਸ ਤਰ੍ਹਾਂ ਹੋਰਨਾਂ ਸਰਕਾਰੀ ਮਹਿਕਮਿਆਂ ਵਿਚੋਂ ਠੇਕੇਦਾਰੀ ਪ੍ਰਣਾਲੀ ਖ਼ਤਮ ਕਰ ਕੇ ਮੁਲਾਜ਼ਮਾਂ ਨੂੰ ਸਿੱਧੇ ਵਿਭਾਗਾਂ ਵਿਚ ਸ਼ਾਮਲ ਕੀਤਾ ਗਿਆ ਹੈ, ਉਸੇ ਤਰ੍ਹਾਂ ਵੇਰਕਾ ਦੇ ਸਮੂਹ ਆਊਟਸੋਰਸ ਵਰਕਰਾਂ ਨੂੰ ਵੀ ਤੁਰੰਤ ਮਿਲਕਫੈੱਡ ਵਿਭਾਗ ਵਿਚ ਸਿੱਧਾ ਸ਼ਾਮਲ ਕੀਤਾ ਜਾਵੇ। ਸੰਘਰਸ਼ ਹੋਵੇਗਾ ਹੋਰ ਤੇਜ਼ : ਸੂਬਾ ਪ੍ਰਧਾਨ ਸਮੇਤ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਤੁਰੰਤ ਕੋਈ ਠੋਸ ਹੱਲ ਨਾ ਕੱਢਿਆ, ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਮਿਲਕਫੈੱਡ ਪ੍ਰਸ਼ਾਸਨ ਦੀ ਹੋਵੇਗੀ।