ਗੁਪਤ ਤਰੀਕੇ ਨਾਲ ਵੱਢੇ ਕੀਮਤੀ ਦਰੱਖਤ: ਹਾਈਵੇਅ ਕਿਨਾਰੇ ਦਰੱਖਤਾਂ ਦੀ ਕਟਾਈ ਦਾ ਮਾਮਲਾ ਗਰਮਾਇਆ; ਵਣ ਵਿਭਾਗ ਅਤੇ ਪੁਲਿਸ ਨੇ ਸਾਂਝੀ ਮੁਹਿੰਮ ਕੀਤੀ ਸ਼ੁਰੂ
ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਸਥਿਤ ਇੰਡਸ ਇੰਟਰਨੈਸ਼ਨਲ ਹਸਪਤਾਲ ਦੇ ਬਿਲਕੁਲ ਸਾਹਮਣੇ ਦਰੱਖਤਾਂ ਦੀ ਕਟਾਈ ਦਾ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਟੋਲ ਪਲਾਜ਼ਾ ਦੱਪਰ ਦੀ ਪ੍ਰਬੰਧਕ ਕੰਪਨੀ ਜੀਐੱਮਆਰ ਅਤੇ ਜੰਗਲਾਤ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।
Publish Date: Thu, 12 Mar 2026 01:48 PM (IST)
Updated Date: Thu, 12 Mar 2026 01:51 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਸਥਿਤ ਇੰਡਸ ਇੰਟਰਨੈਸ਼ਨਲ ਹਸਪਤਾਲ ਦੇ ਬਿਲਕੁਲ ਸਾਹਮਣੇ ਦਰੱਖਤਾਂ ਦੀ ਕਟਾਈ ਦਾ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਟੋਲ ਪਲਾਜ਼ਾ ਦੱਪਰ ਦੀ ਪ੍ਰਬੰਧਕ ਕੰਪਨੀ ਜੀਐੱਮਆਰ ਅਤੇ ਜੰਗਲਾਤ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ ਦੇ ਕਿਨਾਰੇ ਲੱਗੇ ਹਰੇ-ਭਰੇ ਦਰੱਖਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੇ ਸਾਹਮਣੇ ਵਾਲੇ ਹਿੱਸੇ ਵਿਚ ਦਰੱਖਤਾਂ ਦੀ ਕਟਾਈ ਕੀਤੀ ਗਈ, ਜਿਸ ਬਾਰੇ ਜੰਗਲਾਤ ਵਿਭਾਗ ਅਤੇ ਹਾਈਵੇ ਦੀ ਦੇਖ-ਰੇਖ ਕਰਨ ਵਾਲੀ ਕੰਪਨੀ ਨੂੰ ਸੂਚਨਾ ਮਿਲੀ ਸੀ। ਨਿਯਮਾਂ ਅਨੁਸਾਰ ਨੈਸ਼ਨਲ ਹਾਈਵੇ ਅਤੇ ਜੰਗਲਾਤ ਵਿਭਾਗ ਦੀ ਜ਼ਮੀਨ 'ਤੇ ਲੱਗੇ ਦਰੱਖਤਾਂ ਨੂੰ ਬਿਨਾਂ ਮਨਜ਼ੂਰੀ ਕੱਟਣਾ ਕਾਨੂੰਨੀ ਅਪਰਾਧ ਹੈ।
ਜੀਐੱਮਆਰ ਕੰਪਨੀ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਹੈ। ਸ਼ਿਕਾਇਤ ਵਿਚ ਮੰਗ ਕੀਤੀ ਗਈ ਹੈ ਕਿ ਇਸ ਗ਼ੈਰ-ਕਾਨੂੰਨੀ ਕਾਰਵਾਈ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਜਦੋਂ ਇਸ ਬਾਰੇ ਜੰਗਲਾਤ ਵਿਭਾਗ ਡੇਰਾਬੱਸੀ ਦੇ ਰੇਂਜ ਅਫ਼ਸਰ ਜੈ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਉਨ੍ਹਾਂ ਨੂੰ ਪਤਾ ਲੱਗਿਆ ਕਿ ਇੰਡਸ ਇੰਟਰਨੈਸ਼ਨਲ ਹਸਪਤਾਲ ਦੇ ਸਾਹਮਣੇ ਇਕ ਪ੍ਰਾਈਵੇਟ ਥਾਂ ਵਿਚੋਂ ਬਿਨਾਂ ਕਿਸੇ ਵਿਭਾਗੀ ਪ੍ਰਵਾਨਗੀ ਤੋਂ ਦਰੱਖਤਾਂ ਦੀ ਕਟਾਈ ਕੀਤੀ ਜਾ ਰਹੀ ਸੀ। ਉਨ੍ਹਾਂ ਪੁਲਿਸ ਦੀ ਮਦਦ ਨਾਲ ਮੌਕੇ ’ਤੇ ਪਹੁੰਚ ਕੇ ਦਰੱਖਤਾਂ ਦੀ ਕਟਾਈ ਬੰਦ ਕਰਵਾ ਦਿੱਤੀ ਹੈ।
ਜਦੋਂ ਇਸ ਬਾਰੇ ਥਾਣਾ ਮੁਖੀ ਡੇਰਾਬੱਸੀ ਇੰਸਪੈਕਟਰ ਸੁਮਿਤ ਮੋਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਦਰੱਖਤ ਕਿਸ ਦੇ ਇਸ਼ਾਰੇ 'ਤੇ ਅਤੇ ਕਿਉਂ ਕੱਟੇ ਗਏ ਹਨ। ਜਾਂਚ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।