ਪ੍ਰਭ ਆਸਰਾ ਸੰਸਥਾ ’ਚ ਦੋ ਹੋਰ ਨਾਗਰਿਕਾਂ ਨੂੰ ਮਿਲੀ ਸ਼ਰਨ
ਪ੍ਰਭ ਆਸਰਾ ਸੰਸਥਾ ਵਿਚ ਦੋ ਹੋਰ ਨਾਗਰਿਕਾਂ ਨੂੰ ਮਿਲੀ ਸ਼ਰਨ
Publish Date: Sat, 04 Apr 2026 08:25 PM (IST)
Updated Date: Sat, 04 Apr 2026 08:28 PM (IST)

ਸ਼੍ਰੀ ਗਣੇਸ਼, ਪੰਜਾਬੀ ਜਾਗਰਣ ਕੁਰਾਲੀ : ਸ਼ਹਿਰ ਦੀ ਹੱਦ ’ਚ ਪੈਂਦੇ ਪਿੰਡ ਪਡਿਆਲਾ ਸਥਿਤ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾ ਵਿਚ ਦੋ ਹੋਰ ਲਾਵਾਰਿਸ ਨਾਗਰਿਕਾਂ ਨੂੰ ਸ਼ਰਨ ਦਿੱਤੀ ਗਈ ਹੈ। ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਨੇ ਦੱਸਿਆ ਕਿ ਚਰਨਜੀਤ ਕੌਰ (50), ਜੋ ਕਿ ਮਾਨਸਿਕ ਰੋਗ ਤੋਂ ਪੀੜਤ ਹੋਣ ਕਰ ਕੇ ਤਰਸਯੋਗ ਹਾਲਾਤਾਂ ਵਿਚ ਮੁਹਾਲੀ ਦੀਆਂ ਸੜਕਾਂ ’ਤੇ ਰੁਲ ਰਹੀ ਸੀ, ਉਸ ਦੀ ਇਸ ਹਾਲਤ ਨੂੰ ਦੇਖਦਿਆਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 65 ਵੱਲੋਂ ਇਸ ਦੀ ਜਾਣਕਾਰੀ ਪ੍ਰਭ ਆਸਰਾ ਸੰਸਥਾ ਨੂੰ ਦਿੱਤੀ ਗਈ। ਪ੍ਰਭ ਆਸਰਾ ਦੀ ਟੀਮ ਜਦੋਂ ਮੌਕੇ ’ਤੇ ਪਹੁੰਚੀ ਤਾਂ ਦੇਖਿਆ ਕਿ ਇਹ ਔਰਤ ਗੁਰਦੁਆਰਾ ਸਾਹਿਬ ਦੇ ਸਾਹਮਣੇ ਪਾਰਕ ਦੇ ਬਾਹਰ ਇਕ ਤਰਪਾਲ ਵਿਚ ਲਿਪਟੀ ਪਈ ਸੀ ਅਤੇ ਉਸ ਦੇ ਕੱਪੜੇ ਵੀ ਕਾਫ਼ੀ ਖ਼ਰਾਬ ਅਤੇ ਗੰਦੇ ਸਨ, ਜਦਕਿ ਉਸ ਦੇ ਵਾਲਾਂ ਦੀ ਹਾਲਤ ਵੀ ਬਹੁਤ ਮਾੜੀ ਸੀ। ਪ੍ਰਭ ਆਸਰਾ ਦੀ ਟੀਮ ਵੱਲੋਂ ਇਸ ਸਾਰੀ ਘਟਨਾ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ ਗਈ ਅਤੇ ਉਸ ਨੂੰ ਇਲਾਜ ਅਤੇ ਸੇਵਾ-ਸੰਭਾਲ ਲਈ ਪ੍ਰਭ ਆਸਰਾ ਸੰਸਥਾ ਵਿਚ ਲਿਆਂਦਾ ਗਿਆ। ਹੁਣ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਪਹਿਲਾਂ ਨਾਲੋਂ ਕਾਫ਼ੀ ਹੱਦ ਤੱਕ ਠੀਕ ਹੈ। ਇਸੇ ਤਰ੍ਹਾਂ ਰਾਧਾ (65), ਜੋ ਕਿ ਮਾਨਸਿਕ ਰੋਗ ਤੋਂ ਪੀੜਤ ਹੋਣ ਕਰ ਕੇ ਲਾਵਾਰਿਸ ਹਾਲਤ ਵਿਚ ਕੁਰਾਲੀ ਦੀਆਂ ਸੜਕਾਂ ’ਤੇ ਰੁਲ ਰਹੀ ਸੀ, ਇਸ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਸਮਾਜ ਦਰਦੀ ਸੱਜਣਾਂ ਵੱਲੋਂ ਇਸ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ ਗਈ, ਜਿਸ ਉਪਰੰਤ ਪ੍ਰਸ਼ਾਸਨ ਵੱਲੋਂ ਇਸ ਨੂੰ ਇਲਾਜ ਅਤੇ ਸਾਂਭ-ਸੰਭਾਲ ਲਈ ਪ੍ਰਭ ਆਸਰਾ ਸੰਸਥਾ ਵਿਚ ਦਾਖ਼ਲ ਕਰਵਾਇਆ ਗਿਆ। ਇਨ੍ਹਾਂ ਔਰਤਾਂ ਨੂੰ ਜੇਕਰ ਕੋਈ ਪਛਾਣਦਾ ਹੋਵੇ, ਤਾਂ ਪ੍ਰਭ ਆਸਰਾ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਪ੍ਰਭ ਆਸਰਾ ਪਰਮਾਤਮਾ ਦੀ ਕਿਰਪਾ ਅਤੇ ਸਮਾਜ ਦਰਦੀ ਸੱਜਣਾਂ ਦੇ ਸਹਿਯੋਗ ਨਾਲ ਹੁਣ ਤੱਕ ਇਹੋ ਜਿਹੇ ਹਜ਼ਾਰਾਂ ਹੀ ਨਾਗਰਿਕਾਂ ਦੀ ਜ਼ਿੰਦਗੀ ਸੁਧਾਰ ਚੁੱਕੀ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾ ਚੁੱਕੀ ਹੈ।