ਵੱਖ-ਵੱਖ ਮਾਮਲਿਆਂ ’ਚ 76 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਦੋ ਕਾਬੂ
ਵੱਖ-ਵੱਖ ਮਾਮਲਿਆਂ ਵਿਚ 76 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਦੋ ਕਾਬੂ
Publish Date: Mon, 04 May 2026 07:46 PM (IST)
Updated Date: Mon, 04 May 2026 07:47 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ ਪੁਲਿਸ ਨੇ ਐਕਸਾਈਜ਼ ਵਿਭਾਗ ਦੀ ਨਿਸ਼ਾਨਦੇਹੀ ’ਤੇ ਦੋ ਵੱਖ-ਵੱਖ ਮਾਮਲਿਆਂ ਵਿਚ ਦੋ ਵਿਅਕਤੀਆਂ ਨੂੰ ਚੰਡੀਗੜ੍ਹ ਮਾਰਕਾ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਦੋਵੇਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏਐੱਸਆਈ ਸਤਵੀਰ ਸਿੰਘ ਨੇ ਦੱਸਿਆ ਕਿ ਉਹ ਐਕਸਾਈਜ਼ ਇੰਸਪੈਕਟਰ ਕੁਲਵਿੰਦਰ ਸਿੰਘ ਅਤੇ ਪੁਲਿਸ ਪਾਰਟੀ ਸਮੇਤ ਚੈਕਿੰਗ ਸਬੰਧੀ ਡੇਰਾਬੱਸੀ ਵਿਖੇ ਮੌਜੂਦ ਸੀ ਤਾਂ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਇਕ ਵਿਅਕਤੀ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਡੇਰਾਬੱਸੀ ਏਰੀਆ ਵਿਚ ਵੇਚਦਾ ਹੈ। ਜਦੋਂ ਪੁਲਿਸ ਨੇ ਉਕਤ ਵਿਅਕਤੀ ਦੇ ਘਰ ਛਾਪੇਮਾਰੀ ਕੀਤੀ ਤਾਂ ਉੱਥੋਂ ਚੰਡੀਗੜ੍ਹ ਵਿਚ ਵਿਕਣਯੋਗ ਕੁੱਲ 52 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ। ਪੁਲਿਸ ਨੇ ਉਕਤ ਵਿਅਕਤੀ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ। ਜਿਸ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮਾਫੀ ਵਾਸੀ ਪਿੰਡ ਮਹਿਮਦਪੁਰ-ਡੇਰਾਬੱਸੀ ਦੇ ਰੂਪ ਵਿਚ ਹੋਈ ਹੈ। ਇਸੇ ਤਰ੍ਹਾਂ ਦੂਜੇ ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਹ ਐਕਸਾਈਜ਼ ਵਿਭਾਗ ਅਤੇ ਪੁਲਿਸ ਪਾਰਟੀ ਸਮੇਤ ਚੈਕਿੰਗ ਦੇ ਸਬੰਧ ਵਿਚ ਡੇਰਾਬੱਸੀ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਇਕ ਵਿਅਕਤੀ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਡੇਰਾਬੱਸੀ ਏਰੀਆ ਵਿਚ ਵੇਚਦਾ ਹੈ, ਜੋ ਕਿ ਅੱਜ ਵੀ ਸ਼ਰਾਬ ਵੇਚਣ ਲਈ ਡੇਰਾਬੱਸੀ ਸਬਜ਼ੀ ਮੰਡੀ ਨੇੜੇ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਆ ਰਿਹਾ ਹੈ, ਜਿਸ ਦੀ ਰੇਕੀ ਕੀਤੀ ਗਈ, ਜਦੋਂ ਉਹ ਰੇਲਵੇ ਫਾਟਕ ਈਸਾਪੁਰ ਰੋਡ ਡੇਰਾਬੱਸੀ ਵਿਖੇ ਪਹੁੰਚਿਆ ਤਾਂ ਪੁਲਿਸ ਨੇ ਰੋਕ ਕੇ ਉਸ ਦੀ ਐਕਟਿਵਾ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 24 ਬੋਤਲਾਂ ਸ਼ਰਾਬ ਫਾਰ ਸੇਲ ਇੰਨ ਚੰਡੀਗੜ੍ਹ ਬਰਾਮਦ ਹੋਈਆਂ, ਜਿਸ ਨੂੰ ਪੁਲਿਸ ਨੇ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ। ਜਿਸ ਦੀ ਪਛਾਣ ਜੈ ਪ੍ਰਕਾਸ਼ ਵਾਸੀ ਗੋਬਿੰਦ ਵਿਹਾਰ-ਈਸਾਪੁਰ ਰੋਡ ਡੇਰਾਬੱਸੀ ਦੇ ਰੂਪ ਵਿਚ ਹੋਈ। ਪੁਲਿਸ ਨੇ ਉਕਤ ਦੋਵੇਂ ਮੁਲਜ਼ਮਾਂ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।