ਭੈੜੀ ਗਰਮੀ ਦੀ ਲਪੇਟ ’ਚ ਟਰਾਈਸਿਟੀ, ਅਗਲੇ ਛੇ ਦਿਨਾਂ ਲਈ ਹੀਟਵੇਵ ਅਲਰਟ, ਮੌਸਮ ਵਿਭਾਗ ਨੇ ਜਾਰੀ ਕੀਤਾ ਆਰੇਂਜ ਅਲਰਟ
ਟਰਾਈਸਿਟੀ ਵਿੱਚ ਪੈ ਰਹੀ ਭਿਆਨਕ ਗਰਮੀ ਨੇ ਲੋਕਾਂ ਦੇ ਕੰਮਕਾਜ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਸ਼ਹਿਰ ਦੇ ਜ਼ਿਆਦਾਤਰ ਇਲਾਕੇ ਅੱਗ ਦੀ ਭੱਠੀ ਵਾਂਗ ਤਪ ਰਹੇ ਹਨ। ਦੁਪਹਿਰ ਦੀ ਤਪਸ਼ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ, ਜਦਕਿ ਰਾਤ ਸਮੇਂ ਵੀ ਗਰਮੀ ਤੋਂ ਕੋਈ ਰਾਹਤ ਨਹੀਂ ਮਿਲ ਰਹੀ। ਦਿਨ ਦਾ ਤਾਪਮਾਨ 44 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਜਾ ਰਿਹਾ ਹੈ, ਜਦਕਿ ਰਾਤ ਦਾ ਪਾਰਾ ਵੀ 25 ਡਿਗਰੀ ਤੋਂ ਵੱਧ ਬਣਿਆ ਹੋਇਆ ਹੈ।
Publish Date: Fri, 22 May 2026 12:48 PM (IST)
Updated Date: Fri, 22 May 2026 12:52 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ। ਟਰਾਈਸਿਟੀ ਵਿੱਚ ਪੈ ਰਹੀ ਭਿਆਨਕ ਗਰਮੀ ਨੇ ਲੋਕਾਂ ਦੇ ਕੰਮਕਾਜ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਸ਼ਹਿਰ ਦੇ ਜ਼ਿਆਦਾਤਰ ਇਲਾਕੇ ਅੱਗ ਦੀ ਭੱਠੀ ਵਾਂਗ ਤਪ ਰਹੇ ਹਨ। ਦੁਪਹਿਰ ਦੀ ਤਪਸ਼ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ, ਜਦਕਿ ਰਾਤ ਸਮੇਂ ਵੀ ਗਰਮੀ ਤੋਂ ਕੋਈ ਰਾਹਤ ਨਹੀਂ ਮਿਲ ਰਹੀ। ਦਿਨ ਦਾ ਤਾਪਮਾਨ 44 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਜਾ ਰਿਹਾ ਹੈ, ਜਦਕਿ ਰਾਤ ਦਾ ਪਾਰਾ ਵੀ 25 ਡਿਗਰੀ ਤੋਂ ਵੱਧ ਬਣਿਆ ਹੋਇਆ ਹੈ।
ਭਿਆਨਕ ਗਰਮੀ ਅਤੇ ਲੂ ਦੇ ਕਾਰਨ ਸਿਰਫ਼ ਬਜ਼ੁਰਗ ਅਤੇ ਬਿਮਾਰ ਹੀ ਨਹੀਂ, ਸਗੋਂ ਨੌਜਵਾਨ ਅਤੇ ਤੰਦਰੁਸਤ ਲੋਕ ਵੀ ਪ੍ਰਭਾਵਿਤ ਹੋ ਰਹੇ ਹਨ। ਪਿਛਲੇ ਦੋ ਦਿਨਾਂ ਤੋਂ ਲਗਾਤਾਰ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਤੋਂ ਉੱਪਰ ਦਰਜ ਹੋ ਰਿਹਾ ਹੈ। ਵੀਰਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 44.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 4.5 ਡਿਗਰੀ ਵੱਧ ਰਿਹਾ, ਜਦਕਿ ਘੱਟ ਤੋਂ ਘੱਟ ਤਾਪਮਾਨ 25.7 ਡਿਗਰੀ ਰਿਹਾ।
ਮੌਸਮ ਵਿਭਾਗ ਨੇ ਅਗਲੇ ਛੇ ਦਿਨਾਂ ਲਈ ਹੀਟਵੇਵ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ। ਸਿਹਤ ਮਾਹਿਰਾਂ ਨੇ ਲੋਕਾਂ ਨੂੰ ਖਾਸ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਡਾਕਟਰਾਂ ਦੇ ਮੁਤਾਬਕ ਹੀਟ ਸਟ੍ਰੋਕ, ਡੀਹਾਈਡ੍ਰੇਸ਼ਨ, ਚੱਕਰ ਆਉਣਾ, ਬੁਖਾਰ ਅਤੇ ਚਮੜੀ ਸੜਨ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲੂ ਸਿਰਫ਼ ਧੁੱਪ ਵਿੱਚ ਨਿਕਲਣ ਨਾਲ ਹੀ ਨਹੀਂ, ਸਗੋਂ ਲਾਪਰਵਾਹੀ ਕਾਰਨ ਵੀ ਲੱਗ ਸਕਦੀ ਹੈ।
ਗਰਮੀ ਦੇ ਕਹਿਰ ਕਾਰਨ ਸ਼ਹਿਰ ਦੇ ਬਾਜ਼ਾਰਾਂ ਵਿੱਚ ਵੀ ਦਿਨ ਦੇ ਸਮੇਂ ਸਨਾਟਾ ਦੇਖਣ ਨੂੰ ਮਿਲ ਰਿਹਾ ਹੈ। ਲੋਕ ਘਰਾਂ ਵਿੱਚ ਰਹਿਣ ਨੂੰ ਤਰਜੀਹ ਦੇ ਰਹੇ ਹਨ, ਜਿਸ ਕਾਰਨ ਵਪਾਰ ਪ੍ਰਭਾਵਿਤ ਹੋ ਰਿਹਾ ਹੈ। ਇਸਦੇ ਨਾਲ ਹੀ ਸੈਲਾਨੀ ਸਥਾਨਾਂ ’ਤੇ ਵੀ ਰੌਣਕ ਘੱਟ ਹੋ ਗਈ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ, ਵੱਧ ਤੋਂ ਵੱਧ ਪਾਣੀ ਪੀਣ ਅਤੇ ਦੁਪਹਿਰ ਸਮੇਂ ਧੁੱਪ ਤੋਂ ਬਚਣ ਦੀ ਸਲਾਹ ਦਿੱਤੀ ਹੈ।