ਮੁਹਾਲੀ ਵਿਚ ਟ੍ਰੈਫਿਕ ਸਮੱਸਿਆ ਗੰਭੀਰ, ਲੱਗਦੇ ਜਾਮ ਲੋਕ ਪਰੇਸ਼ਾਨ
ਮੁਹਾਲੀ ਵਿਚ ਟ੍ਰੈਫਿਕ ਸਮੱਸਿਆ ਗੰਭੀਰ, ਲੋਕ ਔਖੇ,
Publish Date: Mon, 27 Apr 2026 09:50 PM (IST)
Updated Date: Tue, 28 Apr 2026 04:13 AM (IST)

ਦਰਸ਼ਨ ਸਿੰਘ ਸੋਢੀ/ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਚ ਟ੍ਰੈਫਿਕ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ, ਜਿਸ ਕਾਰਨ ਸ਼ਹਿਰ ਵਾਸੀ ਕਾਫ਼ੀ ਤੰਗ ਪਰੇਸ਼ਾਨ ਹਨ। ਮੁੱਖ ਸੜਕਾਂ ਸਮੇਤ ਅੰਦਰਲੀਆਂ ਸੜਕਾਂ ’ਤੇ ਵੀ ਰੋਜ਼ਾਨਾ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ ਅਤੇ ਸਵੇਰੇ ਦਫ਼ਤਰੀ ਸਟਾਫ਼ ਅਤੇ ਸਕੂਲ ਜਾਣ ਸਮੇਂ ਵਿਦਿਆਰਥੀ ਪਰੇਸ਼ਾਨ ਹੁੰਦੇ ਹਨ ਅਤੇ ਸ਼ਾਮ ਨੂੰ ਕੰਪਨੀਆਂ ਅਤੇ ਫੈਕਟਰੀਆਂ ’ਚੋਂ ਛੁੱਟੀ ਕਰਕੇ ਵਾਪਸ ਘਰ ਜਾਣ ਲਈ ਰੋਜ਼ਾਨਾ ਹੀ ਲੋਕ ਕਾਫ਼ੀ ਸਮਾਂ ਜਾਮ ’ਚ ਫਸੇ ਰਹਿੰਦੇ ਹਨ ਅਤੇ ਕਈ ਵਾਰ ਇਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਵਿਚ ਝਗੜੇ ਵੀ ਹੋ ਜਾਂਦੇ ਹਨ। ਹਾਲਾਂਕਿ ਸ਼ਹਿਰ ਦੇ ਲਗਭਗ ਸਾਰੇ ਹੀ ਚੌਕਾਂ ਅਤੇ ਟ੍ਰੈਫਿਕ ਲਾਈਟ ਪੁਆਇੰਟਾਂ ਉੱਤੇ ਲਾਲ ਬੱਤੀਆਂ ਦੀਆਂ ਵਿਵਸਥਾ ਕੀਤੀ ਗਈ ਹੈ ਅਤੇ ਕਈ ਥਾਵਾਂ ’ਤੇ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਵੀ ਤਾਇਨਾਤ ਰਹਿੰਦੇ ਹਨ। ਇਸ ਦੇ ਬਾਵਜੂਦ ਲੋਕ ਆਵਾਜਾਈ ਦੀ ਸਮੱਸਿਆ ਨਾਲ ਜੂਝ ਰਹੇ ਹਨ। ਜਪਾ ਆਗੂ ਅਰੁਣ ਸ਼ਰਮਾ ਨੇ ਕਿਹਾ ਕਿ ਸ਼ਹਿਰ ਵਾਸੀ ਲੰਮੇ ਸਮੇਂ ਤੋਂ ਆਵਾਜਾਈ ਦੀ ਸਮੱਸਿਆ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਹਰੇਕ ਟ੍ਰੈਫਿਕ ਲਾਈਟ ਪੁਆਇੰਟ ’ਤੇ ਪੁਲਿਸ ਕਰਮਚਾਰੀ ਤਾਇਨਾਤ ਹੋਣੇ ਚਾਹੀਦੇ ਹਨ ਪ੍ਰੰਤੂ ਮੁਹਾਲੀ ਵਿਚ ਕਈ ਥਾਵਾਂ ’ਤੇ ਪੁਲਿਸ ਕਰਮਚਾਰੀਆਂ ਦੀ ਅਣਹੋਂਦ ਕਾਰਨ ਲੋਕ ਸ਼ਰ੍ਹੇਆਮ ਨਿਯਮਾਂ ਦੀਆਂ ਧੱਜੀਆਂ ਉੱਡਾਉਂਦੇ ਹਨ। ਜਿਸ ਕਾਰਨ ਸ਼ਹਿਰ ਦੀਆਂ ਅੰਦਰਲੀਆਂ ਸੜਕਾਂ ’ਤੇ ਵੀ ਅਕਸਰ ਜਾਮ ਵਾਲੀ ਸਥਿਤੀ ਬਣੀ ਰਹਿੰਦੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਪੁਲਿਸ ਨਾਕੇ ਘਟਾ ਕੇ ਚੌਕ ਚੌਹਰਾਇਆ ’ਤੇ ਪੁਲਿਸ ਦੀ ਤਾਇਨਾਤੀ ਕਰਨੀ ਚਾਹੀਦੀ ਹੈ। ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੋਹਲ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਸਰਕਾਰ ਨੇ ਮੁਹਾਲੀ ਵਿਚ ਲੱਗਭੱਗ ਸਾਰੇ ਟ੍ਰੈਫਿਕ ਲਾਈਟ ਪੁਆਇੰਟਾਂ ’ਤੇ ਕੈਮਰੇ ਲਗਾ ਕੇ ਈ-ਚਾਲਾਨ ਸ਼ੁਰੂ ਕੀਤੇ ਸਨ। ਜਿਸ ਕਾਰਨ ਲੋਕ ਨਿਯਮਾਂ ਦੀ ਪਾਲਣ ਕਰਨ ਲੱਗ ਗਏ ਸੀ ਅਤੇ ਨਿਯਮਾਂ ਦੀ ਉਲੰਘਣਾ ਕਰਨ ’ਤੇ ਚਾਲਾਨ ਸਿੱਧਾ ਘਰ ਪਹੁੰਚ ਜਾਂਦਾ ਸੀ ਪ੍ਰੰਤੂ ਹੁਣ ਕੈਮਰੇ ਖ਼ਰਾਬ ਜਾਂ ਬੰਦ ਹੋਣ ਕਾਰਨ ਲੋਕ ਫਿਰ ਤੋਂ ਮਨਮਰਜ਼ੀ ਕਰਨ ਲੱਗ ਪਏ ਹਨ। ਜਿਸ ਕਾਰਨ ਟ੍ਰੈਫਿਕ ਸਮੱਸਿਆ ਦੁਬਾਰਾ ਵੱਧ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਦੀਆਂ ਸਾਰੀਆਂ ‘ਬੀ’ ਸੜਕਾਂ ਚੌੜੀਆਂ ਹੋਣੀਆਂ ਚਾਹੀਦੀਆਂ ਹਨ। ਇਸ ਨਾਲ ਕਾਫ਼ੀ ਹੱਦ ਤੱਕ ਆਵਾਜਾਈ ਦੀ ਸਮੱਸਿਆ ਨੂੰ ਠੱਲ੍ਹ ਪਵੇਗੀ। ਸਾਬਕਾ ਕੌਂਸਲਰ ਸੁਖਮਿੰਦਰ ਸਿੰਘ ਬਰਨਾਲਾ ਨੇ ਕਿਹਾ ਕਿ ਸ਼ਹਿਰ ਵਿਚ ਹੁਣ ਟ੍ਰੈਫਿਕ ਸਮੱਸਿਆ ਭਾਵੇਂ ਕਾਫ਼ੀ ਕੰਟਰੋਲ ਹੈ ਪ੍ਰੰਤੂ ਬੱਤੀ ਗੁੱਲ ਹੋਣ ’ਤੇ ਟ੍ਰੈਫਿਕ ਲਾਈਟ ਪੁਆਇੰਟਾਂ ’ਤੇ ਵਾਹਨਾਂ ਦਾ ਭੀੜ-ਭੜੱਕਾ ਹੋ ਜਾਂਦਾ ਹੈ ਅਤੇ ਵਾਹਨ ਚਾਲਕ ਇਕ ਦੂਜੇ ਤੋਂ ਅੱਗੇ ਨਿਕਲਣ ਦੇ ਚੱਕਰ ਵਿਚ ਖ਼ੁਦ ਹੀ ਸਮੱਸਿਆ ਵਿਚ ਘਿਰ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਮੁਹਾਲੀ ਸ਼ਹਿਰ ਦੀ ਅਹਿਮੀਅਤ ਨੂੰ ਦੇਖਦੇ ਹੋਏ ਪੁਲਿਸ ਨਫ਼ਰੀ ਵਧਾਈ ਜਾਵੇ ਅਤੇ ਲਾਈਟ ਜਾਣ ’ਤੇ ਸਬੰਧਤ ਪੁਆਇੰਟਾਂ ਉੱਤੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣ। ਇਸ ਤਰ੍ਹਾਂ ਨਿਯਮਾਂ ਦੀ ਪਾਲਣਾ ਵੀ ਹੋਵੇਗੀ ਅਤੇ ਸੜਕਾਂ ’ਤੇ ਜਾਮ ਵੀ ਨਹੀਂ ਲੱਗਣਗੇ। ਮੁਹਾਲੀ ਦੇ ਡੀਐੱਸਪੀ (ਟ੍ਰੈਫਿਕ) ਕਰਨੈਲ ਸਿੰਘ ਨੇ ਕਿਹਾ ਕਿ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਮ ਨਾਗਰਿਕਾਂ ਨੂੰ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਪੁਲਿਸ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਮੁਹਾਲੀ ’ਚ ਪੁਲਿਸ ਨਫ਼ਰੀ ਦੀ ਘਾਟ ਹੈ, ਜਿੰਨੇ ਪੁਲਿਸ ਮੁਲਾਜ਼ਮ ਨਵੇਂ ਮਿਲਦੇ ਹਨ, ਉਸ ਤੋਂ ਵੱਧ ਸੇਵਾਮੁਕਤ ਹੋ ਰਹੇ ਹਨ। ਡੀਐੱਸਪੀ ਨੇ ਨਾਮੀ ਕੰਪਨੀਆਂ ਅਤੇ ਫੈਕਟਰੀ ਮਾਲਕਾਂ ਨੂੰ ਅਪੀਲ ਕੀਤੀ ਕਿ ਸ਼ਾਮ ਸਮੇਂ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਡਿਊਟੀ ਖ਼ਤਮ ਹੋਣ ਦਾ ਟਾਈਮ-ਟੇਬਲ ਅੱਗੇ ਪਿੱਛੇ ਕੀਤਾ ਜਾਵੇ ਕਿਉਂਕਿ ਇਕੋ ਸਮੇਂ ਛੁੱਟੀ ਹੋਣ ਕਾਰਨ ਸਾਰਾ ਟ੍ਰੈਫਿਕ ਸੜਕਾਂ ’ਤੇ ਆ ਜਾਂਦਾ ਹੈ। ਜਿਸ ਕਾਰਨ ਇਹ ਸਮੱਸਿਆ ਆ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਸਾਮਾਨ ਲੈਣ ਘਰੋਂ ਸਾਈਕਲ ’ਤੇ ਬਾਜ਼ਾਰ ਆਉਣ ਅਤੇ ਨੇੜੇ ਵਾਲੇ ਪੈਦਲ ਆਉਣ। ਇਸ ਨਾਲ ਜਿੱਥੇ ਟ੍ਰੈਫਿਕ ਸਮੱਸਿਆ ਹੱਲ ਹੋਵੇਗੀ, ਉੱਥੇ ਉਹ ਸਰੀਰਕ ਪੱਖੋਂ ਤੰਦਰੁਸਤ ਰਹਿਣਗੇ। ਫੋਟੋ ਕੈਪਸ਼ਨ : ਮੁਹਾਲੀ ਦੀ ਇਕ ਸੜਕ ’ਤੇ ਜਾਮ ’ਚ ਫਸੇ ਹੋਏ ਵਾਹਨ। 31ਪੀ ਫੋਟੋ ਕੈਪਸ਼ਨ : ਭਾਜਪਾ ਆਗੂ ਅਰੁਣ ਸ਼ਰਮਾ। 32ਪੀ ਫੋਟੋ ਕੈਪਸ਼ਨ : ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੋਹਲ। 33ਪੀ ਫੋਟੋ ਕੈਪਸ਼ਨ : ਸਾਬਕਾ ਕੌਂਸਲਰ ਸੁਖਮਿੰਦਰ ਸਿੰਘ ਬਰਨਾਲਾ। 34ਪੀ ਫੋਟੋ ਕੈਪਸ਼ਨ : ਡੀਐੱਸਪੀ (ਟ੍ਰੈਫਿਕ) ਕਰਨੈਲ ਸਿੰਘ। 35ਪੀ