ਯੁਵਰਾਜ ਪਬਲਿਕ ਸਕੂਲ ’ਚ ਟ੍ਰੈਫਿਕ ਜਾਗਰੂਕਤਾ ਕੈਂਪ ਲਾਇਆ
ਯੁਵਰਾਜ ਪਬਲਿਕ ਸਕੂਲ 'ਚ ਟ੍ਰੈਫਿਕ ਜਾਗਰੂਕਤਾ ਕੈਂਪ ਦਾ ਆਯੋਜਨ
Publish Date: Thu, 18 Sep 2025 07:02 PM (IST)
Updated Date: Thu, 18 Sep 2025 07:02 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਯੁਵਰਾਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹੰਡੇਸਰਾ ਵਿਖੇ ਹੰਡੇਸਰਾ ਪੁਲਿਸ ਵੱਲੋਂ ਵਿਦਿਆਰਥੀਆਂ ਤੇ ਬੱਸ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਗਿਆ। ਹੰਡੇਸਰਾ ਦੇ ਟ੍ਰੈਫਿਕ ਇੰਚਾਰਜ ਦਲੀਪ ਸਿੰਘ ਨੇ ਵਿਦਿਆਰਥੀਆਂ ਤੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਿਨਾਂ ਲਾਇਸੈਂਸ ਤੋਂ ਦੋ ਜਾਂ ਚਾਰ ਪਹੀਆ ਵਾਹਨ ਨਹੀਂ ਚਲਾਉਣਾ ਚਾਹੀਦਾ ਤੇ ਸੜਕ ਉੱਤੇ ਚਲਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਲੰਘ ਰਹੀ ਆਵਾਜਾਈ ਵਿਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਦੱਸਿਆ ਕਿ ਸਾਨੂੰ ਚਾਰ ਪਹੀਆ ਵਾਹਨ ਵਿਚ ਸੀਟ ਬੈਲਟ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਮੋਟਰਸਾਈਕਲ ਜਾਂ ਗੱਡੀ ਚਲਾਉਣ ਵੇਲੇ ਮੋਬਾਈਲ ਸੁਣਨ ਜਾਂ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ, ਕਿਉਂਕਿ ਮੋਬਾਈਲ ਚਲਾਉਣ ਨਾਲ ਸੜਕ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਵਾਲੇ ਵਿਦਿਆਰਥੀ ਨੂੰ ਵਾਹਨ ਨਹੀਂ ਚਲਾਉਣਾ ਚਾਹੀਦਾ। ਇਸ ਮੌਕੇ ਸਕੂਲ ਦੇ ਐੱਮਡੀ ਕੁਸ਼ਲਪਾਲ ਕੌਸ਼ਿਕ ਤੇ ਪ੍ਰਿੰਸੀਪਲ ਸੋਨੀਆ ਕੌਸ਼ਿਕ ਨੇ ਟ੍ਰੈਫਿਕ ਇੰਚਾਰਜ ਦਲੀਪ ਸਿੰਘ ਤੇ ਨਾਲ ਆਈ ਪੁਲਿਸ ਟੀਮ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਏਐੱਸਆਈ ਗੁਰਮੀਤ ਸਿੰਘ ਸਮੇਤ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸਨ।