ਨਗਰ ਨਿਗਮ ਚੋਣਾਂ : ਆਜ਼ਾਦ ਉਮੀਦਵਾਰਾਂ ਦੀ ਪਹਿਲੀ ਪਸੰਦ ਬਣਿਆ 'ਟਰੈਕਟਰ', ਸਿਆਸੀ ਮੈਦਾਨ 'ਚ ਹੁਣ ਗੂੰਜੇਗੀ ਕਿਸਾਨੀ ਆਵਾਜ਼
ਮੁਹਾਲੀ ਨਗਰ ਨਿਗਮ ਦੀਆਂ 26 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਕੁੱਲ 45 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ ’ਚੋਂ ਜ਼ਿਆਦਾਤਾਰ ਉਮੀਦਵਾਰਾਂ ਨੂੰ ਉਨ੍ਹਾਂ ਦੀ ਮੰਗ ’ਤੇ ਟਰੈਕਟਰ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਹੈ। ਇਹ ਪੰਜਾਬ ਦੀ ਖੇਤੀਬਾੜੀ ਅਤੇ ਕਿਸਾਨੀ ਨਾਲ ਜੁੜਿਆ ਹੋਇਆ ਹੈ।
Publish Date: Sat, 23 May 2026 10:55 AM (IST)
Updated Date: Sat, 23 May 2026 10:57 AM (IST)

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ਨਗਰ ਨਿਗਮ ਦੀਆਂ 26 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਕੁੱਲ 45 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ ’ਚੋਂ ਜ਼ਿਆਦਾਤਾਰ ਉਮੀਦਵਾਰਾਂ ਨੂੰ ਉਨ੍ਹਾਂ ਦੀ ਮੰਗ ’ਤੇ ਟਰੈਕਟਰ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਹੈ। ਇਹ ਪੰਜਾਬ ਦੀ ਖੇਤੀਬਾੜੀ ਅਤੇ ਕਿਸਾਨੀ ਨਾਲ ਜੁੜਿਆ ਹੋਇਆ ਹੈ।
ਪੰਜਾਬ ਦੀ ਰਾਜਨੀਤੀ ਵਿਚ 'ਟਰੈਕਟਰ' ਸਿਰਫ਼ ਇਕ ਮਸ਼ੀਨਰੀ ਨਹੀਂ, ਸਗੋਂ ਸੱਭਿਆਚਾਰ, ਆਰਥਿਕਤਾ ਅਤੇ ਅਣਖ ਦਾ ਪ੍ਰਤੀਕ ਵੀ ਹੈ। ਇਹ ਆਜ਼ਾਦ ਉਮੀਦਵਾਰਾਂ ਦੀ ਪਹਿਲੀ ਪਸੰਦ ਬਣਿਆ ਹੈ ਅਤੇ ਸਿਆਸੀ ਮੈਦਾਨ 'ਚ ਹੁਣ ਕਿਸਾਨੀ ਆਵਾਜ਼ ਵੀ ਗੂੰਜੇਗੀ ਕਿਉਂਕਿ ਇੱਥੇ ਜ਼ਿਆਦਾਤਰ ਲੋਕ ਬਾਹਰੋਂ ਆ ਕੇ ਵਸੇ ਹਨ, ਜਿਨ੍ਹਾਂ ਕਾਫ਼ੀ ਲੋਕ ਕਿਰਸਾਨੀ ਨਾਲ ਸਬੰਧਤ ਹਨ।
ਆਖ਼ਰਕਾਰ ਇਹ 'ਟਰੈਕਟਰ' ਚੋਣ ਨਿਸ਼ਾਨ ਮੁਹਾਲੀ ਦੀ ਸ਼ਹਿਰੀ ਅਤੇ ਨੀਮ-ਸ਼ਹਿਰੀ ਰਾਜਨੀਤੀ ਵਿਚ ਇੰਨਾ ਹਰਮਨਪਿਆਰਾ ਕਿਉਂ ਹੈ? ਇਸ ਦੇ ਪਿੱਛੇ ਪੰਜਾਬ ਦੀ ਆਰਥਿਕ, ਸਮਾਜਿਕ ਅਤੇ ਸਿਆਸੀ ਮਨੋਵਿਗਿਆਨ ਦੀ ਇਕ ਡੂੰਘੀ ਕਹਾਣੀ ਵੀ ਹੈ। ਇਹ ਸਿਰਫ਼ ਚੋਣ ਨਿਸ਼ਾਨ ਨਹੀਂ, ਸਗੋਂ ਪੰਜਾਬ ਦੀ 'ਰੂਹ' ਵੀ ਹੈ।
ਉੱਘੇ ਟਰਾਂਸਪੋਰਟਰ ਬਲਰਾਜ ਸਿੰਘ ਗਿੱਲ, ਕਾਰੋਬਾਰੀ ਦਰਸ਼ਨ ਸਿੰਘ ਮਟੌਰ, ਅਕਾਲੀ ਆਗੂ ਪਰਮਜੀਤ ਸਿੰਘ ਕਾਹਲੋਂ, ਕਮਲਜੀਤ ਸਿੰਘ ਰੂਬੀ, ਸਿਮਰਤ ਸਿੰਘ ਗਿੱਲ, ਰਾਜਵੀਰ ਕੌਰ ਗਿੱਲ, ਜਸਵੀਰ ਕੌਰ ਨੇ ਕਿਹਾ ਕਿ ਪੰਜਾਬ ਇਕ ਖੇਤੀਬਾੜੀ ਪ੍ਰਧਾਨ ਸੂਬਾ ਹੈ ਅਤੇ ਟਰੈਕਟਰ ਨੂੰ ਇੱਥੇ ਸਿਰਫ਼ ਖੇਤ ਵਾਹੁਣ ਵਾਲੀ ਮਸ਼ੀਨ ਨਹੀਂ, ਸਗੋਂ ਪਰਿਵਾਰ ਦੇ ਇਕ ਜੀਅ ਵਾਂਗ ਦੇਖਿਆ ਜਾਂਦਾ ਹੈ। ਪੰਜਾਬੀ ਸੱਭਿਆਚਾਰ, ਗੀਤਾਂ ਅਤੇ ਆਮ ਬੋਲਚਾਲ ਵਿਚ ਟਰੈਕਟਰ ਸਵੈ-ਮਾਣ ਅਤੇ ਤਰੱਕੀ ਦਾ ਪ੍ਰਤੀਕ ਹੈ।
ਆਜ਼ਾਦ ਉਮੀਦਵਾਰਾਂ ਦਾ ਮੰਨਣਾ ਹੈ ਕਿ ਜਦੋਂ ਕੋਈ ਵੋਟਰ ਬੈਲਟ ਪੇਪਰ ’ਤੇ ਟਰੈਕਟਰ ਦਾ ਨਿਸ਼ਾਨ ਦੇਖੇਗਾ, ਤਾਂ ਉਸ ਦੇ ਮਨ ਵਿਚ ਆਪਣੇ ਪਿੰਡ, ਖੇਤਾਂ ਅਤੇ ਜੜ੍ਹਾਂ ਪ੍ਰਤੀ ਮੋਹ ਜਾਗਣਾ ਲਾਜ਼ਮੀ ਹੈ। ਇਹੀ ਕਾਰਨ ਹੈ ਕਿ ਸ਼ਹਿਰੀ ਖੇਤਰ ਹੋਣ ਦੇ ਬਾਵਜੂਦ ਮੁਹਾਲੀ ਵਿਚ ਇਸ ਨਿਸ਼ਾਨ ਦੀ ਮੰਗ ਸਭ ਤੋਂ ਵੱਧ ਰਹੀ। ਪਿਛਲੇ ਕੁਝ ਸਾਲਾਂ ਵਿਚ ਹੋਏ ਵੱਡੇ ਕਿਸਾਨੀ ਅੰਦੋਲਨਾਂ ਨੇ 'ਟਰੈਕਟਰ' ਨੂੰ ਵਿਰੋਧ, ਏਕਤਾ ਅਤੇ ਹੱਕਾਂ ਦੀ ਲੜਾਈ ਦਾ ਸਭ ਤੋਂ ਵੱਡਾ ਗਲੋਬਲ ਪ੍ਰਤੀਕ ਬਣਾ ਦਿੱਤਾ ਹੈ। ਦਿੱਲੀ ਦੀਆਂ ਬਰੂਹਾਂ ਤੋਂ ਲੈ ਕੇ ਸ਼ੰਭੂ ਬਾਰਡਰ ਤੱਕ, ਟਰੈਕਟਰਾਂ ਦੇ ਕਾਫ਼ਲੇ ਪੂਰੀ ਦੁਨੀਆ ਨੇ ਦੇਖੇ ਹਨ।
"ਆਜ਼ਾਦ ਉਮੀਦਵਾਰ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਕਿਸਾਨੀ ਪ੍ਰਤੀ ਅਥਾਹ ਹਮਦਰਦੀ ਹੈ। ਜਿਹੜੇ ਵੋਟਰ ਰਵਾਇਤੀ ਸਿਆਸੀ ਪਾਰਟੀਆਂ (ਕਾਂਗਰਸ, ਆਪ, ਅਕਾਲੀ ਦਲ ਜਾਂ ਭਾਜਪਾ) ਤੋਂ ਨਾਰਾਜ਼ ਹਨ, ਉਹ ਟਰੈਕਟਰ ਦੇ ਨਿਸ਼ਾਨ ਨੂੰ ਦੇਖ ਕੇ ਆਜ਼ਾਦ ਉਮੀਦਵਾਰ ਵੱਲ ਆਸਾਨੀ ਨਾਲ ਆਕਰਸ਼ਿਤ ਹੋ ਸਕਦੇ ਹਨ। ਇਹ ਨਿਸ਼ਾਨ ਬਿਨਾਂ ਕੁਝ ਬੋਲੇ ਹੀ ਕਿਸਾਨੀ ਨਾਲ ਹਮਦਰਦੀ ਦਾ ਸੁਨੇਹਾ ਦੇ ਦਿੰਦਾ ਹੈ।"