ਸ਼ੇਖਪੁਰ ਕਲਾਂ ’ਚੋਂ 3 ਮੱਝਾਂ ਚੋਰੀ, ਪੀੜਤ ਦਾ ਲੱਖਾਂ ਦਾ ਨੁਕਸਾਨ
ਪਿੰਡ ਸ਼ੇਖਪੁਰ ਕਲਾਂ ’ਚੋਂ ਤਿੰਨ ਮੱਝਾਂ ਚੋਰੀ, ਪੀੜਤ ਦਾ ਲੱਖਾਂ ਦਾ ਨੁਕਸਾਨ
Publish Date: Tue, 05 May 2026 06:11 PM (IST)
Updated Date: Wed, 06 May 2026 04:09 AM (IST)

ਸੁਨੀਲ ਕੁਮਾਰ ਭੱਟੀ/ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਦੇ ਨਜ਼ਦੀਕੀ ਪਿੰਡ ਸ਼ੇਖਪੁਰ ਕਲਾਂ ਵਿਚ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਇਕ ਕਿਸਾਨ ਦੇ ਪਸ਼ੂਆਂ ਦੇ ਵਾੜੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਿੰਨ ਮੱਝਾਂ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਚੋਰੀ ਕਾਰਨ ਪੀੜਤ ਕਿਸਾਨ ਦਾ ਕਰੀਬ 3 ਤੋਂ 4 ਲੱਖ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਪਸ਼ੂ ਪਾਲਕ ਹਰੀ ਸਿੰਘ ਪੁੱਤਰ ਫ਼ਕੀਰ ਸਿੰਘ ਵਾਸੀ ਪਿੰਡ ਸ਼ੇਖਪੁਰਾ ਕਲਾ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਸ ਨੇ ਰਾਤ ਨੂੰ ਆਪਣੀਆਂ ਮੱਝਾਂ ਵਾੜੇ ’ਚ ਬੰਨ੍ਹੀਆਂ ਸਨ ਪਰ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਵਾੜੇ ’ਚੋਂ ਤਿੰਨ ਮੱਝਾਂ ਗਾਇਬ ਸਨ। ਆਸ-ਪਾਸ ਕਾਫ਼ੀ ਭਾਲ ਕਰਨ ਦੇ ਬਾਵਜੂਦ ਵੀ ਮੱਝਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਚੋਰ ਰਾਤ ਦੇ ਹਨੇਰੇ ਵਿਚ ਕਿਸੇ ਵੱਡੇ ਵਾਹਨ ਰਾਹੀਂ ਇਨ੍ਹਾਂ ਮੱਝਾਂ ਨੂੰ ਚੋਰੀ ਕਰ ਕੇ ਲੈ ਗਏ ਹਨ। ਪੀੜਤ ਕਿਸਾਨ ਨੇ ਦੱਸਿਆ ਕਿ ਚੋਰੀ ਹੋਈਆਂ ਮੱਝਾਂ ਦੀ ਕੀਮਤ ਲਗਭਗ 4 ਲੱਖ ਰੁਪਏ ਦੇ ਕਰੀਬ ਸੀ, ਜਿਸ ਕਾਰਨ ਉਸ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਮੱਝਾਂ ਚੋਰੀ ਦੀ ਵਾਰਦਾਤ ਪਿੰਡ ਵਿਚ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਇਸ ਘਟਨਾ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਨੂੰ ਦਿੱਤੀ ਗਈ ਹੈ। ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿਚ ਗਸ਼ਤ ਵਧਾਈ ਜਾਵੇ ਅਤੇ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਪਸ਼ੂ ਬਰਾਮਦ ਕੀਤੇ ਜਾਣ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।