ਤਿੰਨ ਟਰਾਂਸਫਾਰਮਰਾਂ ’ਚੋਂ ਕੀਮਤੀ ਸਾਮਾਨ ਚੋਰੀ
ਚੋਰਾਂ ਵੱਲੋਂ ਤਿੰਨ ਟਰਾਂਸਫਾਰਮਰਾਂ ਵਿਚੋਂ ਕੀਮਤੀ ਸਾਮਾਨ ਚੋਰੀ, ਸਾਰੀ ਰਾਤ ਬਿਜਲੀ ਰਹੀ ਗੁਲ, ਲੋਕ ਰਹੇ ਪਰੇਸ਼ਾਨ
Publish Date: Mon, 11 May 2026 08:40 PM (IST)
Updated Date: Mon, 11 May 2026 08:42 PM (IST)
- ਸਾਰੀ ਰਾਤ ਬਿਜਲੀ ਰਹੀ ਗੁਲ, ਲੋਕ ਹੋ ਰਹੇ ਪਰੇਸ਼ਾਨ
ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਹਾਲੀ : ਚੋਰਾਂ ਵੱਲੋਂ ਬੀਤੀ ਰਾਤ ਸੈਕਟਰ 82 ਦੇ ਅਲਫਾ ਆਈਟੀ ਸਿਟੀ ਮੁਹਾਲੀ ਦੇ ਡੀ-ਬਲਾਕ ਤੋਂ ਤਿੰਨ ਟਰਾਂਸਫਾਰਮਰਾਂ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ ਹੈ। ਜਿਸ ਕਾਰਨ ਸਾਰੀ ਰਾਤ ਬਿਜਲੀ ਬੰਦ ਰਹੀ ਅਤੇ ਸਥਾਨਕ ਲੋਕ ਡਾਢੇ ਪਰੇਸ਼ਾਨ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਸ ਜੇਵੀ ਆਗੂ ਨਸੀਬ ਸਿੰਘ ਸੰਧੂ ਨੇ ਦੱਸਿਆ ਕਿ ਚੋਰਾਂ ਵੱਲੋਂ ਬੀਤੀ ਰਾਤ ਐਮਿਟੀ ਯੂਨੀਵਰਸਿਟੀ ਦੀ ਸੜਕ ਦੇ ਸਥਾਪਿਤ ਤਿੰਨ ਟਰਾਂਸਫਾਰਮਰਾਂ ਦੇ ਬਕਸੇ ਖੋਲ੍ਹ ਕੇ ਉਨ੍ਹਾਂ ਵਿਚ ਲੱਗਿਆ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਚੋਰਾਂ ਵੱਲੋਂ ਬਿਜਲੀ ਸਪਲਾਈ ਬੰਦ ਕਰ ਕੇ ਇਹ ਸਾਮਾਨ ਚੋਰੀ ਕੀਤਾ ਗਿਆ ਹੈ ਅਤੇ ਇਸ ਕਾਰਨ ਡੀ-ਬਲਾਕ ਵਿਚ ਪੂਰੀ ਰਾਤ ਬਿਜਲੀ ਨਹੀਂ ਆਈ। ਉਨ੍ਹਾਂ ਕਿਹਾ ਕਿ ਚੋਰਾਂ ਵੱਲੋਂ ਜਿਸ ਤਰੀਕੇ ਨਾਲ ਇਸ ਘਟਨਾ ਨੂੰ ਅਜਾਮ ਦਿੱਤਾ ਗਿਆ, ਉਸ ਨਾਲ ਸਾਫ਼ ਜ਼ਾਹਰ ਹੁੰਦਾ ਹੈ ਕਿ ਉਨ੍ਹਾਂ ਨੂੰ ਟਰਾਂਸਫਾਰਮਰਾਂ ਨੂੰ ਬੰਦ ਕਰਨ ਅਤੇ ਆਸਾਨੀ ਨਾਲ ਯੰਤਰ ਚੋਰੀ ਕਰਨ ਦਾ ਪੂਰਾ ਗਿਆਨ ਸੀ। ਇਸ ਮੌਕੇ ਵਸਨੀਕਾਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਚੋਰੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਆਈਟੀ ਸਿਟੀ ਦੇ ਖੇਤਰ ਵਿਚ ਚੋਰਾਂ ਦਾ ਆਤੰਕ ਲਗਾਤਾਰ ਵੱਧ ਰਿਹਾ ਹੈ ਪਰ ਬਿਜਲੀ ਸਪਲਾਈ ਲਈ ਲੱਗੇ ਅਤਿ-ਆਧੁਨਿਕ ਟਰਾਂਸਫਾਰਮਰਾਂ ਦੇ ਮਹਿੰਗੇ ਪੁਰਜੇ ਚੋਰੀ ਕਰਨ ਵਾਲੀ ਇਹ ਵਾਰਦਾਤ ਬਹੁਤ ਵੱਖਰੇ ਕਿਸਮ ਦੀ ਹੈ ਅਤੇ ਇਹ ਕੰਮ ਬਿਜਲੀ ਸੰਚਾਲਨ ਵਾਲੇ ਟਰਾਂਸਫਾਰਮਰਾਂ ਨੂੰ ਸੰਭਾਲਣ ਦੀ ਪੂਰੀ ਜਾਣਕਾਰੀ ਰੱਖਣ ਵਾਲੇ ਲੋਕਾਂ ਵੱਲੋਂ ਕੀਤਾ ਗਿਆ ਹੈ। ਵਸਨੀਕਾਂ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਆਈਟੀ ਸਿਟੀ ਵਿਖੇ ਐੱਸਐੱਚਓ ਨੂੰ ਮਿਲ ਕੇ ਸ਼ਿਕਾਇਤ ਦਿੱਤੀ ਗਈ ਹੈ ਅਤੇ ਮੰਗ ਕੀਤੀ ਗਈ ਹੈ ਕਿ ਚੋਰੀ ਦੀਆਂ ਇਨ੍ਹਾਂ ਵਾਰਦਾਤਾਂ ’ਤੇ ਕਾਬੂ ਕਰਨ ਲਈ ਲੁੜੀਂਦੀ ਕਾਰਵਾਈ ਕੀਤੀ ਜਾਵੇ ਅਤੇ ਦੋਸ਼ੀਆਂ ਦਾ ਪਤਾ ਲਾ ਕੇ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।