ਬੱਸ ਸਟੈਂਡ ’ਤੇ ਬਣ ਰਹੇ ਗੇਟ ਦੇ ਨਿਰਮਾਣ ’ਚ ਵੱਡੀ ਲਾਪਰਵਾਹੀ, ਬਿਨਾਂ ਸਪੋਰਟ ਲਟਕਦੀਆਂ ਸ਼ਟਰਿੰਗ ਪਲੇਟਾਂ ਦੇ ਰਹੀਆਂ ਹਾਦਸਿਆਂ ਨੂੰ ਸੱਦਾ
ਰਾਮ ਤਲਾਈ ਬੱਸ ਸਟੈਂਡ ਨੇੜੇ ਬਣਾਏ ਜਾ ਰਹੇ ਸਵਾਗਤੀ ਗੇਟ ਦੇ ਨਿਰਮਾਣ ਕਾਰਜਾਂ ਵਿਚ ਸਥਾਨਕ ਨਗਰ ਕੌਂਸਲ ਅਤੇ ਸਬੰਧਤ ਠੇਕੇਦਾਰ ਵੱਲੋਂ ਵਰਤੀ ਜਾ ਰਹੀ ਵੱਡੀ ਲਾਪਰਵਾਹੀ ਆਉਣ-ਜਾਣ ਵਾਲੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਜਾਨ ਦਾ ਖੌਅ ਬਣੀ ਹੋਈ ਹੈ। ਗੇਟ ਦੇ ਲੈਂਟਰ ਲਈ ਲਾਈਆਂ ਗਈਆਂ ਲੋਹੇ ਦੀਆਂ ਸ਼ਟਰਿੰਗ ਪਲੇਟਾਂ ਨੂੰ ਬਿਨਾਂ ਕਿਸੇ ਮਜ਼ਬੂਤ ਸਪੋਰਟ ਦੇ ਹੀ ਛੱਡ ਦਿੱਤਾ ਗਿਆ ਹੈ, ਜੋ ਕਿ ਕਿਸੇ ਵੀ ਵੇਲੇ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਰ੍ਹੇਆਮ ਮੌਤ ਨੂੰ ਸੱਦਾ ਦੇ ਰਹੀ ਇਸ ਲਾਪਰਵਾਹੀ ਵੱਲ ਨਗਰ ਕੌਂਸਲ ਦੇ ਉੱਚ ਅਧਿਕਾਰੀ ਕੋਈ ਧਿਆਨ ਨਹੀਂ ਦੇ ਰਹੇ।
Publish Date: Thu, 28 May 2026 11:04 AM (IST)
Updated Date: Thu, 28 May 2026 11:07 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ। ਰਾਮ ਤਲਾਈ ਬੱਸ ਸਟੈਂਡ ਨੇੜੇ ਬਣਾਏ ਜਾ ਰਹੇ ਸਵਾਗਤੀ ਗੇਟ ਦੇ ਨਿਰਮਾਣ ਕਾਰਜਾਂ ਵਿਚ ਸਥਾਨਕ ਨਗਰ ਕੌਂਸਲ ਅਤੇ ਸਬੰਧਤ ਠੇਕੇਦਾਰ ਵੱਲੋਂ ਵਰਤੀ ਜਾ ਰਹੀ ਵੱਡੀ ਲਾਪਰਵਾਹੀ ਆਉਣ-ਜਾਣ ਵਾਲੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਜਾਨ ਦਾ ਖੌਅ ਬਣੀ ਹੋਈ ਹੈ। ਗੇਟ ਦੇ ਲੈਂਟਰ ਲਈ ਲਾਈਆਂ ਗਈਆਂ ਲੋਹੇ ਦੀਆਂ ਸ਼ਟਰਿੰਗ ਪਲੇਟਾਂ ਨੂੰ ਬਿਨਾਂ ਕਿਸੇ ਮਜ਼ਬੂਤ ਸਪੋਰਟ ਦੇ ਹੀ ਛੱਡ ਦਿੱਤਾ ਗਿਆ ਹੈ, ਜੋ ਕਿ ਕਿਸੇ ਵੀ ਵੇਲੇ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਰ੍ਹੇਆਮ ਮੌਤ ਨੂੰ ਸੱਦਾ ਦੇ ਰਹੀ ਇਸ ਲਾਪਰਵਾਹੀ ਵੱਲ ਨਗਰ ਕੌਂਸਲ ਦੇ ਉੱਚ ਅਧਿਕਾਰੀ ਕੋਈ ਧਿਆਨ ਨਹੀਂ ਦੇ ਰਹੇ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਮ ਤਲਾਈ ਬੱਸ ਸਟੈਂਡ ਵਾਲਾ ਇਹ ਖੇਤਰ ਬੇਹੱਦ ਰੁਝੇਵਿਆਂ ਭਰਿਆ ਰਹਿੰਦਾ ਹੈ। ਇੱਥੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਲੋਕ, ਸਕੂਲੀ ਬੱਚੇ ਅਤੇ ਛੋਟੇ-ਵੱਡੇ ਵਾਹਨ ਗੁਜ਼ਰਦੇ ਹਨ। ਗੇਟ ਦੇ ਨਿਰਮਾਣ ਲਈ ਲਗਾਈਆਂ ਗਈਆਂ ਸ਼ਟਰਿੰਗ ਵਾਲੀਆਂ ਭਾਰੀਆਂ ਪਲੇਟਾਂ ਹੇਠਾਂ ਬਿਨਾਂ ਕਿਸੇ ਸਪੋਰਟ ਤੋਂ ਹਵਾ ਵਿਚ ਲਟਕ ਰਹੀਆਂ ਹਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਤੇਜ਼ ਹਵਾ ਚੱਲਣ ਜਾਂ ਕਿਸੇ ਵੱਡੇ ਵਾਹਨ ਦੇ ਲੰਘਣ ਨਾਲ ਪੈਦਾ ਹੋਣ ਵਾਲੀ ਥਰ-ਥਰਾਹਟ ਕਾਰਨ ਇਹ ਪਲੇਟਾਂ ਕਦੇ ਵੀ ਹੇਠਾਂ ਡਿੱਗ ਸਕਦੀਆਂ ਹਨ। ਜੇਕਰ ਅਜਿਹਾ ਹੁੰਦਾ ਹੈ, ਤਾਂ ਕੋਈ ਵੱਡਾ ਜਾਨੀ ਨੁਕਸਾਨ ਹੋਣਾ ਤੈਅ ਹੈ।
ਨਿਯਮਾਂ ਮੁਤਾਬਕ ਕਿਸੇ ਵੀ ਜਨਤਕ ਥਾਂ ’ਤੇ ਅਜਿਹਾ ਨਿਰਮਾਣ ਕਾਰਜ ਚੱਲਣ ਸਮੇਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਹਨ ਅਤੇ ਰਸਤੇ ਨੂੰ ਡਾਇਵਰਟ ਜਾਂ ਬੈਰੀਕੇਡ ਕੀਤਾ ਜਾਣਾ ਚਾਹੀਦਾ ਹੈ ਪਰ ਇੱਥੇ ਨਿਰਮਾਣ ਵਾਲੀ ਥਾਂ ’ਤੇ ਨਾ ਤਾਂ ਕੋਈ ਬੈਰੀਕੇਡਿੰਗ ਕੀਤੀ ਗਈ ਹੈ ਅਤੇ ਨਾ ਹੀ ਕੋਈ ਚੇਤਾਵਨੀ ਬੋਰਡ ਲਗਾਇਆ ਗਿਆ ਹੈ। ਲੋਕ ਬੇਖ਼ੌਫ਼ ਹੋ ਕੇ ਇਸ ਖ਼ਤਰਨਾਕ ਢਾਂਚੇ ਦੇ ਹੇਠੋਂ ਲੰਘਣ ਲਈ ਮਜਬੂਰ ਹਨ।
ਸ਼ਹਿਰ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਈ ਵਾਰ ਇਸ ਸਬੰਧੀ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਅਧਿਕਾਰੀ ਸ਼ਾਇਦ ਕਿਸੇ ਵੱਡੇ ਹਾਦਸੇ ਦੇ ਵਾਪਰਨ ਦਾ ਇੰਤਜ਼ਾਰ ਕਰ ਰਹੇ ਹਨ।
ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਲਾਪਰਵਾਹੀ ਦਾ ਤੁਰੰਤ ਨੋਟਿਸ ਲਿਆ ਜਾਵੇ। ਗੇਟ ਦੇ ਸ਼ਟਰਿੰਗ ਢਾਂਚੇ ਨੂੰ ਮਜ਼ਬੂਤ ਸਪੋਰਟ ਦਿੱਤੀ ਜਾਵੇ ਜਾਂ ਫਿਰ ਸੁਰੱਖਿਆ ਦੇ ਲਿਹਾਜ਼ ਨਾਲ ਇਸ ਰਸਤੇ ਨੂੰ ਉਦੋਂ ਤੱਕ ਬੰਦ ਕੀਤਾ ਜਾਵੇ, ਜਦੋਂ ਤੱਕ ਕੰਮ ਮੁਕੰਮਲ ਨਹੀਂ ਹੁੰਦਾ, ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।