ਅਵਤਾਰ ਧੀਮਾਨ, ਜ਼ੀਰਕਪੁਰ : ਨਗਰ ਕੌਂਸਲ ਅਤੇ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੇ ਆਪਸੀ ਤਾਲਮੇਲ ਦੀ ਘਾਟ ਹੋਣ ਕਾਰਨ ਢਕੌਲੀ ਖੇਤਰ ਦੇ ਲੋਕ

ਅਵਤਾਰ ਧੀਮਾਨ, ਜ਼ੀਰਕਪੁਰ : ਨਗਰ ਕੌਂਸਲ ਅਤੇ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੇ ਆਪਸੀ ਤਾਲਮੇਲ ਦੀ ਘਾਟ ਹੋਣ ਕਾਰਨ ਢਕੌਲੀ ਖੇਤਰ ਦੇ ਲੋਕ ਬੀਤੇ ਕਰੀਬ ਡੇਢ ਸਾਲ ਤੋਂ ਢਕੌਲੀ-ਡੇਰਾਬੱਸੀ ਸੜਕ ਹਾਲਤ ਖਸਤਾ ਹੋਣ ਕਾਰਨ ਆਪਣੇ ਵਾਹਨ ਅਤੇ ਹੱਡੀਆਂ ਤੁੜਵਾ ਰਹੇ ਹਨ। ਲੋਕਾਂ ਦਾ ਦੋਸ਼ ਹੈ ਕਿ ਜ਼ੀਰਕਪੁਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸੜਕ ਦੀ ਮੁਰਮੰਤ ਕਰਵਾਉਣ ਲਈ ਸੰਪਰਕ ਕਰਨ 'ਤੇ ਉਨ੍ਹਾਂ ਨੂੰ ਪੀਡਬਲਿਊ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਲਈ ਕਹਿ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੇ ਨਕਸ਼ੇ ਪਾਸ ਕਰਨ ਲਈ ਲੱਖਾਂ ਰੁਪਏ ਦੀ ਫ਼ੀਸ ਨਗਰ ਕੌਂਸਲ ਜ਼ੀਰਕਪੁਰ ਵੱਲੋਂ ਵਸੂਲੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੀ ਜ਼ਿੰਮੇਵਾਰੀ ਵੀ ਜ਼ੀਰਕਪੁਰ ਨਗਰ ਕੌਂਸਲ ਦੀ ਬਣਦੀ ਹੈ। ਜਿਸ ਤੋਂ ਪ੍ਰਸ਼ਾਸਨ ਦੇ ਅਧਿਕਾਰੀ ਇਨਕਾਰੀ ਹੋ ਰਹੇ ਹਨ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਰਾਜਦੀਪ ਸਿੰਘ, ਗੁਲਸ਼ਨ ਪੁੰਡੀਰ, ਰਾਮ ਰਤਨ ਸ਼ਰਮਾ, ਸੁਖਦੀਪ ਸਿੰਘ, ਰੋਮੀ ਅਗਰਵਾਲ, ਸਰਬਜੀਤ ਸਿੰਘ, ਪਵਨ ਸ਼ਰਮਾ, ਸੰਦੀਪ ਕੁਮਾਰ, ਸਤਪਾਲ ਸ਼ਰਮਾ, ਬਲਵਿੰਦਰ ਸਿੰਘ ਸਮੇਤ ਹਸਪਤਾਲ ਢਕੌਲੀ ਵਿਖੇ ਆਪਣਾ ਇਲਾਜ ਕਰਵਾਉਣ ਲਈ ਆਏ ਲੋਕਾਂ ਨੇ ਦੱਸਿਆ ਕਿ ਢਕੌਲੀ ਪੁਲਿਸ ਥਾਣੇ ਅਤੇ ਸਰਕਾਰੀ ਹਸਪਤਾਲ ਅੱਗੇ ਬਣੀ ਸੜਕ ਦੀ ਹਾਲਤ ਬਹੁਤ ਖ਼ਰਾਬ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ੀਰਕਪੁਰ ਪੰਚਕੂਲਾ ਹਾਈਵੇਅ ਤੋਂ ਢਕੌਲੀ ਨੂੰ ਜਾਦੀ ਸੜਕ ਦੀ ਹਾਲਤ ਸਹੀਦ ਭਗਤ ਸਿੰਘ ਚੌਂਕ ਕੋਲ ਪਹਿਲਾਂ ਹੀ ਬਹੁਤ ਖ਼ਰਾਬ ਸੀ। ਪਰ ਬੀਤੇ ਜੁਲਾਈ ਮਹੀਨੇ 'ਚ ਪਈ ਭਾਰੀ ਬਰਸਾਤ ਦੌਰਾਨ ਸੜਕ ਦੀ ਹਾਲਤ ਇੰਨੀ ਖ਼ਰਾਬ ਹੋ ਗਈ ਹੈ। ਇਸ ਸੜਕ ਤੋਂ ਪੈਦਲ ਲੰਘਣਾ ਵੀ ਮੁਸ਼ਕਿਲ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਢਕੌਲੀ ਖੇਤਰ ਦੇ ਹਜ਼ਾਰਾਂ ਵਾਹਨ ਚਾਲਕ ਇਸ ਸੜਕ ਦਾ ਰੋਜ਼ਾਨਾ ਇਸਤੇਮਾਲ ਕਰਦੇ ਹਨ।
ਢਕੌਲੀ ਸੜਕ 'ਤੇ ਦੋਵੇਂ ਪਾਸੇ ਵਸੇ ਦੁਕਾਨਦਾਰਾਂ ਅਤੇ ਕਾਲੋਨੀਆਂ ਅਤੇ ਸੁਸਾਇਟੀਆਂ ਦੇ ਲੋਕਾਂ ਨੇ ਰੋਸਾ ਕਰਦਿਆਂ ਕਿਹਾ ਕਿ ਜ਼ੀਰਕਪੁਰ ਨਗਰ ਕੌਂਸਲ ਵੱਲੋਂ ਉਨ੍ਹਾਂ ਦੇ ਵਪਾਰਕ ਅਤੇ ਰਿਹਾਇਸ਼ੀ ਨਕਸ਼ੇ ਪਾਸ ਕਰਨ ਲਈ ਲੱਖਾਂ ਰੁਪਏ ਦੀ ਫ਼ੀਸ ਵਸੂਲ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਉਹ ਹਰ ਸਾਲ ਲੱਖਾਂ ਰੁਪਏ ਸਰਕਾਰ ਨੂੰ ਪ੍ਰਰਾਪਰਟੀ ਟੈਕਸ ਅਤੇ ਹੋਰ ਟੈਕਸਾਂ ਦੇ ਰੂਪ 'ਚ ਦਿੰਦੇ ਹਨ।
ਮਾਮਲੇ ਸਬੰਧੀ ਜ਼ੀਰਕਪੁਰ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਵਨੀਤ ਸਿੰਘ ਨੇ ਕਿਹਾ ਕਿ ਉਕਤ ਸੜਕ ਲੋਕ ਨਿਰਮਾਣ ਵਿਭਾਗ ਦੇ ਅਧੀਨ ਆਉਂਦੀ ਹੈ ਅਤੇ ਇਸ ਦਾ ਨਿਰਮਾਣ ਵੀ ਉਨ੍ਹਾਂ ਵੱਲੋਂ ਹੀ ਕਰਵਾਇਆ ਜਾਣਾ ਹੈ। ਉਨ੍ਹਾਂ ਕਿਹਾ ਕਿ ਪਤਾ ਲੱਗਾ ਹੈ ਕਿ ਉਨ੍ਹਾਂ ਵੱਲੋਂ ਇਸ ਸੜਕ ਦਾ ਕੰਮ ਆਰੰਭ ਵੀ ਕਰਵਾ ਦਿੱਤਾ ਗਿਆ ਹੈ ਅਤੇ ਜਿਥੇ ਉਨ੍ਹਾਂ ਦੇ ਵਿਭਾਗ ਵੱਲੋਂ ਕੋਈ ਕੰਮ ਕਰਵਾਇਆ ਜਾਣਾ ਹੋਇਆ ਤਾਂ ਬਿਨਾਂ ਦੇਰੀ ਤੋਂ ਕਰਵਾ ਦਿੱਤਾ ਜਾਵੇਗਾ।
ਜਦਕਿ ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਜਸਪਾਲ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਢਕੌਲੀ ਹਸਪਾਲ ਦੇ ਨੇੜੇ ਸੜਕ ਦਾ ਕੰਮ ਆਰੰਭ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ੍ਹਕਿਹਾ ਕਿ ਸੜਕ ਦੀ ਮੁਰਮੰਤ ਦੌਰਾਨ ਪਾਣੀ ਦੀਆਂ ਪਾਈਪਾਂ ਟੁੱਟ ਗਈਆਂ ਹਨ ਜਿਨ੍ਹਾਂ ਦੀ ਮੁਰਮੰਤ ਲਈ ਇਕ ਪਾਸੇ ਦੀ ਸੜਕ ਦੀ ਆਵਾਜਾਈ ਬੰਦ ਕੀਤੀ ਗਈ ਹੈ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਸੜਕ 'ਤੇ ਨਿਰਮਾਣ ਦੇ ਕੰਮ ਨੂੰ ਤੇਜੀ ਨਾਲ ਮੁਕੰਮਲ ਕਰਵਾ ਕੇ ਸੜਕ ਨੂੰ ਜਲਦ ਚਾਲੂ ਕਰਵਾ ਦਿੱਤਾ ਜਾਵੇਗਾ।