ਵਿਧਾਇਕ ਨੇ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾ ਵਿਖਾਈ ਸੜਕਾਂ ਦੀ ਅਸਲੀ ਤਸਵੀਰ
ਵਿਧਾਇਕ ਨੇ ਅਧਿਕਾਰੀਆਂ ਨੂੰ ਮੌਕੇ 'ਤੇ ਬੁਲਾ ਵਿਖਾਈ ਸੜਕਾਂ ਦੀ ਅਸਲੀ ਤਸਵੀਰ
Publish Date: Thu, 18 Sep 2025 07:25 PM (IST)
Updated Date: Thu, 18 Sep 2025 07:26 PM (IST)

- ਕਿਹਾ, ਸੜਕਾਂ ਦੀ ਮਾੜੀ ਗੁਣਵੱਤਾ ’ਤੇ ਹੋਵੇਗੀ ਕਾਰਵਾਈ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਮੁਹਾਲੀ ਸ਼ਹਿਰ ਦੀਆਂ ਸੜਕਾਂ ਅਤੇ ਬੁਨਿਆਦੀ ਢਾਂਚੇ ਦੀ ਮੌਜੂਦਾ ਹਾਲਤ ਦੇ ਨਾਲ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਏ ਜਾਣ ਲਈ ਸ਼ਹਿਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਚਿੰਤਾ ਪ੍ਰਗਟਾਈ ਕਿ ਗਮਾਡਾ ਕੋਲ ਵਿੱਤੀ ਸੋਮੇ ਹੋਣ ਦੇ ਬਾਵਜੂਦ, ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਸਹੀ ਢੰਗ ਨਾਲ ਨਹੀਂ ਮਿਲ ਰਹੀਆਂ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਜ਼ਮੀਨੀ ਹਕੀਕਤਾਂ ਦੇ ਰੂਬਰੂ ਹੋਣ ਅਤੇ ਸਰਕਾਰ ਦੀ ਵਚਨਬੱਧਤਾ ਮੁਤਾਬਿਕ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸ਼ਹਿਰ ਦਾ ਦੌਰਾ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਮੁਹਾਲੀ ਨਗਰ ਨਿਗਮ ਅਧਿਕਾਰੀਆਂ ਨੂੰ ਸੀਪੀ 67 ਮਾਲ ਦੇ ਸਾਹਮਣੇ ਸੈਕਟਰ-79-68 ਦੇ ਚੌਕ ’ਤੇ ਜਾ ਕੇ ਸੜਕ ਦੀ ਹਾਲਤ ਦਿਖਾਈ। ਉਨ੍ਹਾਂ ਕਿਹਾ ਕਿ ਇਹ ਸੜਕ 10-12 ਸਾਲ ਪਹਿਲਾਂ ਬਣੀ ਸੀ, ਜੋ ਕਿ ਅੱਜ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਜਨਤਾ ਦੇ ਟੈਕਸ ਦੇ ਪੈਸੇ ਦੀ ਬਰਬਾਦੀ ਅਤੇ ਗੁਣਵੱਤਾ ਨਾਲ ਵੱਡਾ ਸਮਝੌਤਾ ਹੈ। ਵਿਧਾਇਕ ਨੇ ਕਿਹਾ ਕਿ ਜੇਕਰ ਕੋਈ ਹਾਦਸਾ ਜਾਂ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਸਿੱਧੀ ਜ਼ਿੰਮੇਵਾਰੀ ਸਬੰਧਿਤ ਜੇਈ, ਐੱਸਡੀਓ, ਐਕਸੀਅਨ ਅਤੇ ਸਬੰਧਿਤ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਵਿਜ਼ੀਲੈਂਸ ਜਾਂਚ ਕਰਵਾਈ ਜਾਵੇਗੀ ਅਤੇ ਜਲਦੀ ਹੀ ਇਸ ਮੁੱਦੇ ਨੂੰ ਵਿਧਾਨ ਸਭਾ ’ਚ ਵੀ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੜਕਾਂ ਅਤੇ ਸੀਵਰੇਜ ਸਮੱਸਿਆਵਾਂ ਦਾ ਹੱਲ ਕਰਨਾ ਸਾਡਾ ਪਹਿਲਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਸਾਨੂੰ ਫੀਲਡ ਵਿਚ ਜਾ ਕੇ ਜ਼ਮੀਨੀ ਮੁਸ਼ਕਿਲਾਂ ਜਾਣਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਆਵਾਜਾਈ ਸਮੱਸਿਆ ਦੇ ਹੱਲ ਅਤੇ ਹਾਦਸਿਆਂ ਤੋਂ ਬਚਾਅ ਲਈ ਹੋਰ ਨਵੇਂ ਚੌਕ ਵੀ ਬਣਾਏ ਜਾਣ ਦੀ ਲੋੜ ਹੈ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਰਾਹਤ ਦੇਣ ਲਈ ਨਗਰ ਨਿਗਮ ਤੇ ਗਮਾਡਾ ਨੂੰ ਆਪਸੀ ਤਾਲਮੇਲ ’ਚ ਕੰਮ ਕਰਨ ਦੀ ਲੋੜ ਹੈ ਤਾਂ ਜੋ ਆਮ ਲੋਕਾਂ ਨਾਲ ਜੁੜੀਆਂ ਮੁਸ਼ਕਿਲਾਂ ਘੱਟ ਹੋ ਸਕਣ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਦੇ ਨਾਲ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਕੁਲਦੀਪ ਸਿੰਘ ਸਮਾਣਾ, ਹਰਮੇਸ਼ ਸਿੰਘ ਕੁੰਬੜਾ, ਅਰੁਣ ਗੋਇਲ ਆਦਿ ਹਾਜ਼ਰ ਸਨ।