ਮਾਪਿਆਂ ਦੀ ਜਿੱਦ ਅੱਗੇ ਝੁੱਕੀ ਏਟੀਐੱਸ ਵੈਲੀ ਸਕੂਲ ਦੀ ਮੈਨੇਜਮੈਂਟ
ਮਾਪਿਆਂ ਦੀ ਜਿੱਦ ਅੱਗੇ ਝੁੱਕੀ ਏਟੀਐੱਸ ਵੈਲੀ ਸਕੂਲ ਦੀ ਮੈਨੇਜਮੈਂਟ,
Publish Date: Mon, 13 Apr 2026 08:19 PM (IST)
Updated Date: Mon, 13 Apr 2026 08:25 PM (IST)
- ਏਸੀ ਦੀ ਸੁਵਿਧਾ ਦੇ ਹਰ ਮਹੀਨੇ ਵਸੂਲੇ ਜਾਣੇ ਸੀ 400 ਰੁਪਏ, ਮਾਪਿਆਂ ਨੇ ਲਾਇਆ ਧਰਨਾ
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ
ਡੇਰਾਬੱਸੀ : ਏਟੀਐੱਸ ਵੈਲੀ ਸਕੂਲ ਵਿਚ ਏਅਰ ਕੰਡੀਸ਼ਨਰ (ਏਸੀ) ਲਈ ਹਰ ਵਿਦਿਆਰਥੀ ਤੋਂ ਹਰ ਮਹੀਨੇ 400 ਰੁਪਏ ਵਸੂਲਣ ਦੇ ਫ਼ੈਸਲੇ ਵਿਰੁੱਧ ਮਾਪਿਆਂ ਨੇ ਸਕੂਲ ਗੇਟ ਅੱਗੇ ਧਰਨਾ ਲਾ ਦਿੱਤਾ। ਰੋਸ ਵਿਚ ਮਾਪਿਆਂ ਨੇ ਮੈਨੇਜਮੈਂਟ ਵੱਲੋਂ ਜ਼ਬਰਦਸਤੀ ਵਸੂਲੀ ਅਤੇ ਦਬਾਅ ਦੇ ਦੋਸ਼ ਲਾਏ। ਮਾਪਿਆਂ ਨੇ ਦੱਸਿਆ ਕਿ ਜਿਨ੍ਹਾਂ ਪਰਿਵਾਰਾਂ ਨੇ 400 ਰੁਪਏ ਨਹੀਂ ਦਿੱਤੇ, ਉਨ੍ਹਾਂ ਦੇ ਬੱਚਿਆਂ ਨੂੰ ਵੱਖਰੇ ਬਿਠਾ ਕੇ ਪੜ੍ਹਾਏ ਜਾਣ ਦੀ ਗੱਲ ਆਖੀ ਜਾ ਰਹੀ ਸੀ, ਜਦਕਿ ਪੈਸੇ ਦੇਣ ਵਾਲੇ ਬੱਚਿਆਂ ਨੂੰ ਏਸੀ ਵਾਲੇ ਕਮਰੇ ਵਿਚ ਬਿਠਾ ਕੇ ਪੜ੍ਹਾਉਣ ਦੀ ਗੱਲ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਇਹ ਛੋਟੇ ਬੱਚਿਆਂ ’ਚ ਭੇਦਭਾਵ ਪੈਦਾ ਕਰਨ ਵਾਲੀ ਕਾਰਵਾਈ ਹੈ। ਇਸ ਤੋਂ ਇਲਾਵਾ ਪਹਿਲਾਂ ਹੀ ਭਾਰੀ ਫੀਸ, ਟਰਾਂਸਪੋਰਟ ਖਰਚੇ ਅਤੇ 8 ਫ਼ੀਸਦੀ ਵਾਧੇ ਤੋਂ ਬਾਅਦ ਹੁਣ ਹਰ ਮਹੀਨੇ 400 ਰੁਪਏ ਵਸੂਲਣਾ ਗ਼ਲਤ ਹੈ, ਕਿਉਂਕਿ ਏਸੀ ਸਿਰਫ਼ 4 ਮਹੀਨੇ ਚੱਲਦੇ ਹਨ।
ਏਟੀਐੱਸ ਵੈਲੀ ਸਕੂਲ ਦੇ ਡਾਇਰੈਕਟਰ ਜੈ ਅਮਰਦੀਪ ਸਿੰਘ ਨੇ ਦਾਅਵਾ ਕੀਤਾ ਕਿ 80 ਫ਼ੀਸਦੀ ਬੱਚਿਆਂ ਦੇ ਮਾਪਿਆਂ ਨੇ ਏਸੀ ਲਗਵਾਉਣ ਅਤੇ 400 ਰੁਪਏ ਦੇਣ ਦੀ ਸਹਿਮਤੀ ਦੇ ਦਿੱਤੀ ਸੀ, ਬਾਕੀ ਰਹਿੰਦੇ ਮਾਪਿਆਂ ਵੱਲੋਂ ਵਿਰੋਧ ਕਰਨ ’ਤੇ ਇਹ ਹੰਗਾਮਾ ਕੀਤਾ ਗਿਆ। ਅਜਿਹੇ ਵਿਚ ਕੁਝ ਹੋਰ ਮਾਪੇ ਉਨ੍ਹਾਂ ਦੇ ਨਾਲ ਜੁੜ ਗਏ। ਅਜਿਹੇ ਵਿਚ ਉਨ੍ਹਾਂ ਨੇ ਫ਼ੀਸ ਵਸੂਲਣ ਵਾਲਾ ਫ਼ੈਸਲਾ ਵਾਪਸ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਏਸੀ ਲਗਵਾਉਣ ਲਈ ਕਰੀਬ ਡੇਢ ਕਰੋੜ ਰੁਪਏ ਖਰਚ ਕੀਤੇ ਹਨ। ਕੋਈ ਹੰਗਾਮਾ ਨਾ ਹੋਵੇ ਮੈਨੇਜਮੈਂਟ ਵੱਲੋਂ ਪੁਲਿਸ ਵੀ ਬੁਲਾਈ ਗਈ ਸੀ। ਇਸ ਬੈਠਕ ਤੋਂ ਬਾਅਦ ਮੈਨੇਜਮੈਂਟ ਨੇ ਵਸੂਲੀ ਦਾ ਫ਼ੈਸਲਾ ਟਾਲ ਦਿੱਤਾ ਅਤੇ ਏਸੀ ਨਾ ਚਲਾਉਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਮਾਪਿਆਂ ਨੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਮੈਨੇਜਮੈਂਟ ਨਾਲ ਪਹਿਲਾਂ ਵੀ ਦੋ ਬੈਠਕਾਂ ਕੀਤੀਆਂ ਸਨ, ਪਰ ਮੈਨੇਜਮੈਂਟ ਵਸੂਲੀ ਵਾਲੀ ਗੱਲ ’ਤੇ ਅੜੀ ਹੋਈ ਸੀ। ਸੋਮਵਾਰ ਨੂੰ ਮਜਬੂਰੀ ਵਿਚ ਮਾਪਿਆਂ ਨੇ ਇਕੱਠੇ ਹੋ ਕੇ ਸਕੂਲ ਦੇ ਬਾਹਰ ਧਰਨਾ ਲਾਇਆ ਸੀ।