ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦੀ ਪੰਜ ਪਿਆਰਿਆਂ ਨੇ ਰੱਖੀ ਨੀਂਹ
ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦੀ ਪੰਜ ਪਿਆਰਿਆਂ ਨੇ ਰੱਖੀ ਨੀਂਹ,
Publish Date: Wed, 15 Apr 2026 05:54 PM (IST)
Updated Date: Wed, 15 Apr 2026 05:57 PM (IST)

ਗੁਰਦਰਸ਼ਨ ਸਿੰਘ ਸੈਣੀ ਵੱਲੋਂ 101 ਸੀਮਿੰਟ ਦੇ ਥੈਲਿਆਂ ਦੀ ਸੇਵਾ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਵਿਸਾਖੀ ਅਤੇ ਖ਼ਾਲਸੇ ਦੇ ਸਾਜਨਾ ਦਿਵਸ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਤੇ ਸਥਿਤ ਗੁਰਦੁਆਰਾ ਦਿਹਾਤੀ ਸ੍ਰੀ ਗੁਰੂ ਸਿੰਘ ਸਭਾ ਵਿਖੇ ਇਕ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸ਼ੁੱਭ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਨਵੇਂ ਬਣਨ ਵਾਲੇ ਦੀਵਾਨ ਹਾਲ ਦਾ ਨੀਂਹ ਪੱਥਰ ਪੂਰਨ ਗੁਰ ਮਰਿਆਦਾ ਅਨੁਸਾਰ ਰੱਖਿਆ ਗਿਆ। ਦੀਵਾਨ ਹਾਲ ਦੀ ਨੀਂਹ ਰੱਖਣ ਦੀ ਰਸਮ ਪੰਜ ਪਿਆਰੇ ਸਾਹਿਬਾਨ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਅਰਦਾਸ ਉਪਰੰਤ ਪੰਜ ਪਿਆਰਿਆਂ ਨੇ ਨੀਂਹ ਪੱਥਰ ਰੱਖ ਕੇ ਸ਼ੁਰੂਆਤ ਕੀਤੀ। ਸੰਗਤ ਵਿਚ ਇਸ ਕਾਰਜ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਹਲਕਾ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਅਤੇ ਪ੍ਰਸਿੱਧ ਸਮਾਜ ਸੇਵੀ ਗੁਰਦਰਸ਼ਨ ਸਿੰਘ ਸੈਣੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਦੀਵਾਨ ਹਾਲ ਦੀ ਉਸਾਰੀ ਲਈ 101 ਸੀਮਿੰਟ ਦੇ ਥੈਲਿਆਂ ਦੀ ਸੇਵਾ ਅਰਪਿਤ ਕੀਤੀ। ਸੈਣੀ ਨੇ ਕਿਹਾ ਕਿ ਗੁਰੂ ਘਰ ਦੀ ਸੇਵਾ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਹੀ ਨਸੀਬ ਹੁੰਦੀ ਹੈ। ਖ਼ਾਲਸਾ ਸਾਜਨਾ ਦਿਵਸ ਵਰਗੇ ਮਹਾਨ ਦਿਹਾੜੇ ਤੇ ਇਸ ਨੇਕ ਕਾਰਜ ਦਾ ਹਿੱਸਾ ਬਣਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਪੰਜ ਪਿਆਰੇ ਸਾਹਿਬਾਨ ਅਤੇ ਗੁਰਦਰਸ਼ਨ ਸਿੰਘ ਸੈਣੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਗਤ ਦੇ ਸਹਿਯੋਗ ਨਾਲ ਇਹ ਦੀਵਾਨ ਹਾਲ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ ਤਾਂ ਜੋ ਵੱਧ ਰਹੀ ਸੰਗਤ ਦੀ ਸਹੂਲਤ ਲਈ ਵੱਡੇ ਸਮਾਗਮ ਸੁਚਾਰੂ ਢੰਗ ਨਾਲ ਕੀਤੇ ਜਾ ਸਕਣ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਓਬੀਸੀ ਹਰਪ੍ਰੀਤ ਸਿੰਘ ਟਿੰਕੂ, ਪੁਸ਼ਪਿੰਦਰ ਮਹਿਤਾ, ਸਨਤ ਭਾਰਦਵਾਜ, ਰਿੰਕੂ ਜਨੇਤਪੁਰ, ਮੇਜਰ ਪਰਾਗਪੁਰ, ਪ੍ਰਦੀਪ ਪਾਲ ਅਮਲਾਲਾ ,ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ, ਧਾਰਮਿਕ ਸ਼ਖ਼ਸੀਅਤਾਂ ਅਤੇ ਪਤਵੰਤੇ ਸੱਜਣ ਮੌਜੂਦ ਸਨ, ਜਿਨ੍ਹਾਂ ਨੇ ਇਸ ਉਸਾਰੀ ਕਾਰਜ ਵਿਚ ਵੱਧ ਚੜ੍ਹ ਕੇ ਹਿੱਸਾ ਪਾਉਣ ਦਾ ਅਹਿਦ ਲਿਆ।