ਨਗਰ ਕੌਂਸਲ ਹਾਊਸ ਦੀ ਬੈਠਕ ਹੋਈ
ਕੌਂਸਲ ਦੇ ਪ੍ਰਧਾਨ ਜੀਤੀ ਪਡਿਆਲਾ ਦੀ ਅਗਵਾਈ ਹੇਠ ਹਾਊਸ ਦੀ ਅੰਤਿਮ ਬੈਠਕ ਹੋਈ
Publish Date: Mon, 13 Apr 2026 07:08 PM (IST)
Updated Date: Mon, 13 Apr 2026 07:13 PM (IST)

ਸ਼੍ਰੀ ਗਣੇਸ਼, ਪੰਜਾਬੀ ਜਾਗਰਣ, ਕੁਰਾਲੀ : ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਪੰਜ ਸਾਲਾਂ ਦੇ ਕਾਰਜਕਾਲ ਦੀ ਪੂਰਤੀ ਮੌਕੇ ਹਾਊਸ ਦੀ ਅੰਤਿਮ ਬੈਠਕ ਕੀਤੀ ਗਈ। ਇਸ ਬੈਠਕ ਵਿਚ ਨਗਰ ਕੌਂਸਲ ਦੇ ਸਮੂਹ ਕੌਂਸਲਰਾਂ ਨੇ ਸ਼ਿਰਕਤ ਕੀਤੀ ਅਤੇ ਸ਼ਹਿਰ ਦੇ ਵਿਕਾਸ ਨਾਲ ਜੁੜੇ ਵੱਖ-ਵੱਖ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਬੈਠਕ ਦੌਰਾਨ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਨਗਰ ਕੌਂਸਲ ਕੁਰਾਲੀ ਵੱਲੋਂ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਯਤਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਲਗਭਗ 83 ਕਰੋੜ ਰੁਪਏ ਦੇ ਤਖਮੀਨੇ ਪਾਸ ਕਰਵਾਏ ਗਏ, ਜਿਨ੍ਹਾਂ ਰਾਹੀਂ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਵਿਕਾਸ ਦੇ ਅਨੇਕਾਂ ਕੰਮ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਵੱਖ-ਵੱਖ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਾਏ ਗਏ। ਇਸ ਤੋਂ ਇਲਾਵਾ ਨਗਰ ਕੌਂਸਲ ਦੀ ਕਾਰਗੁਜ਼ਾਰੀ ਨੂੰ ਹੋਰ ਸੁਚਾਰੂ ਬਣਾਉਣ ਲਈ ਜੇਸੀਬੀ ਮਸ਼ੀਨ, ਚਾਰ ਟਰੈਕਟਰ ਅਤੇ ਸੀਵਰ ਸਿਸਟਮ ਦੀ ਸਫ਼ਾਈ ਲਈ ਜੈਟਿੰਗ ਮਸ਼ੀਨ ਆਦਿ ਦੀ ਵੀ ਖ਼ਰੀਦ ਕੀਤੀ ਗਈ ਹੈ, ਤਾਂ ਜੋ ਸ਼ਹਿਰ ਵਿਚ ਸਫ਼ਾਈ ਅਤੇ ਵਿਕਾਸ ਦੇ ਕੰਮ ਤੇਜ਼ੀ ਨਾਲ ਹੋ ਸਕਣ। ਪ੍ਰਧਾਨ ਜੀਤੀ ਪਡਿਆਲਾ ਨੇ ਕਿਹਾ ਕਿ ਇਹ ਸਾਰੇ ਵਿਕਾਸ ਕਾਰਜ ਕੌਂਸਲ ਦੇ ਸਾਰੇ ਕੌਂਸਲਰਾਂ, ਅਧਿਕਾਰੀਆਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸੰਭਵ ਹੋਏ ਹਨ। ਉਨ੍ਹਾਂ ਕਿਹਾ ਕਿ ਕੁਰਾਲੀ ਸ਼ਹਿਰ ਦੇ ਵਿਕਾਸ ਲਈ ਨਗਰ ਕੌਂਸਲ ਨੇ ਮਿਲਜੁਲ ਕੇ ਕੰਮ ਕੀਤਾ ਹੈ ਅਤੇ ਭਵਿੱਖ ਵਿਚ ਵੀ ਸ਼ਹਿਰ ਦੇ ਹਿੱਤਾਂ ਨੂੰ ਸਭ ਤੋਂ ਪਹਿਲਾਂ ਰੱਖਿਆ ਜਾਵੇਗਾ। ਇਸ ਮੌਕੇ ਨਗਰ ਕੌਂਸਲ ਕੁਰਾਲੀ ਦੇ ਸਮੂਹ ਕੌਂਸਲਰਾਂ ਦਾ ਸਨਮਾਨ ਵੀ ਕੀਤਾ ਅਤੇ ਪਿਛਲੇ ਪੰਜ ਸਾਲਾਂ ਦੌਰਾਨ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।