ਨਾਜਾਇਜ਼ ਕਾਲੋਨੀਆਂ ’ਚ ਛੋਟੇ ਪਲਾਟ ਕੱਟ ਕੇ ਵੇਚਣ ’ਤੇ ਕੇਸ ਦਰਜ
ਨਾਜਾਇਜ਼ ਕਾਲੋਨੀਆਂ ’ਚ ਛੋਟੇ ਪਲਾਟ ਕੱਟ ਕੇ ਵੇਚਣ ਦਾ ਮਾਮਲਾ: ਇਕ ਮੁਲਜ਼ਮ ਖ਼ਿਲਾਫ਼ ਕੇਸ ਦਰਜ
Publish Date: Mon, 06 Oct 2025 10:31 PM (IST)
Updated Date: Mon, 06 Oct 2025 10:31 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਨਾਜਾਇਜ਼ ਕਾਲੋਨੀਆਂ ਵਿਚ ਛੋਟੇ-ਛੋਟੇ ਪਲਾਟ ਕੱਟ ਕੇ ਵੇਚਣ ਦੇ ਦੋਸ਼ ਹੇਠ ਥਾਣਾ ਬਲੌਂਗੀ ਪੁਲਿਸ ਨੇ ਇੱਕ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਇੱਕ ਰਿਸ਼ਤੇਦਾਰ ਨਾਲ ਮਿਲ ਕੇ ਪਿੰਡ ਬੜ ਮਾਜਰਾ ਵਿਚ ਚਾਰ ਏਕੜ ਜ਼ਮੀਨ ਖ਼ਰੀਦੀ ਸੀ। ਉਨ੍ਹਾਂ ਦੇ ਹਿੱਸੇ ਵਿਚ ਲਗਭਗ 10 ਕਨਾਲ 15 ਮਰਲੇ ਜ਼ਮੀਨ ਆਈ ਸੀ, ਜਿਸ ਵਿਚੋਂ ਉਨ੍ਹਾਂ ਨੇ ਸਮੇਂ-ਸਮੇਂ ’ਤੇ ਲੋੜ ਅਨੁਸਾਰ ਕੁਝ ਜ਼ਮੀਨ ਵਿੱਕੀ ਕੁਮਾਰ ਨੂੰ ਵੇਚ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਕੋਲ ਕਰੀਬ 4 ਕਨਾਲ 15 ਮਰਲੇ ਜ਼ਮੀਨ ਬਾਕੀ ਬਚੀ ਸੀ। ਸ਼ਿਕਾਇਤ ਅਨੁਸਾਰ ਮੁਲਜ਼ਮ ਵਿੱਕੀ ਕੁਮਾਰ, ਵਾਸੀ ਜੁਝਾਰ ਨਗਰ ਨੇ ਮਨਜੀਤ ਸਿੰਘ ਦੀ ਬਚੀ ਹੋਈ ਜ਼ਮੀਨ ਵਿਚੋਂ ਹੀ ਛੋਟੇ-ਛੋਟੇ ਪਲਾਟ ਕੱਟ ਕੇ ਲੋਕਾਂ ਨੂੰ ਵੇਚਣੇ ਸ਼ੁਰੂ ਕਰ ਦਿੱਤੇ। ਮਨਜੀਤ ਸਿੰਘ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਵਿੱਕੀ ਨੇ ਉਨ੍ਹਾਂ ਦੀ ਬਾਕੀ ਬਚੀ ਜ਼ਮੀਨ ਵਿਚੋਂ ਲਗਭਗ 2 ਕਨਾਲ 15 ਮਰਲੇ ਜ਼ਮੀਨ ਨਾਜਾਇਜ਼ ਤਰੀਕੇ ਨਾਲ ਜਾਅਲੀ ਬੇਨਾਮਿਆਂ ਰਾਹੀਂ ਵੱਖ-ਵੱਖ ਲੋਕਾਂ ਨੂੰ ਵੇਚ ਦਿੱਤੀ ਹੈ। ਇਸ ਮਾਮਲੇ ਵਿਚ ਜਦੋਂ ਪਟਵਾਰੀ ਤੋਂ ਜਾਣਕਾਰੀ ਲਈ ਗਈ ਤਾਂ ਸਾਹਮਣੇ ਆਇਆ ਕਿ ਵਿੱਕੀ ਕੁਮਾਰ ਨੇ 20 ਲੋਕਾਂ ਦੇ ਨਾਮ ’ਤੇ ਜਾਅਲੀ ਬੈਨਾਮੇ ਬਣਵਾ ਕੇ ਉਨ੍ਹਾਂ ਨੂੰ ਰਜਿਸਟਰਡ ਕਰਵਾ ਦਿੱਤਾ ਹੈ, ਜਿਸ ਦਾ ਇੰਤਕਾਲ ਮਾਲ ਵਿਭਾਗ ਵੱਲੋਂ ਰੋਕ ਦਿੱਤਾ ਗਿਆ ਹੈ। ਮਨਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਪਲਾਟ ਖ਼ਰੀਦਦਣ ਵਾਲੇ ਲੋਕਾਂ ਨੂੰ ਉਨ੍ਹਾਂ ਦੀ ਬਚੀ ਹੋਈ ਜ਼ਮੀਨ ’ਤੇ ਕਬਜ਼ਾ ਵੀ ਦਿਵਾ ਦਿੱਤਾ ਹੈ। ਥਾਣਾ ਬਲੌਂਗੀ ਪੁਲਿਸ ਨੇ ਮਨਜੀਤ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਵਿੱਕੀ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।