ਸਨਅਤੀ ਖੇਤਰ ਦੀਆਂ ਸੜਕਾਂ ਦੀ ਬਦਲੇਗੀ ਨੁਹਾਰ, ਵਿਕਾਸ ਕੰਮ ਜੰਗੀ ਪੱਧਰ ’ਤੇ ਜਾਰੀ
ਸਨਅਤੀ ਖੇਤਰ ਦੀਆਂ ਸੜਕਾਂ ਦੀ ਬਦਲੇਗੀ ਨੁਹਾਰ, ਵਿਕਾਸ ਕੰਮ ਜੰਗੀ ਪੱਧਰ ’ਤੇ ਜਾਰੀ
Publish Date: Tue, 05 May 2026 08:17 PM (IST)
Updated Date: Wed, 06 May 2026 04:15 AM (IST)

ਮੁਹਾਲੀ ਦੇ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ : ਕੁਲਵੰਤ ਸਿੰਘ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਵਿਚ ਸਨਅਤੀ ਖੇਤਰ ਦੇ ਵਿਕਾਸ ਨੇ ਹੁਣ ਰਫ਼ਤਾਰ ਫੜ ਲਈ ਹੈ। ਮੌਜੂਦਾ ਸਮੇਂ ਵਿਚ ਫੈਕਟਰੀ ਏਰੀਆ ਦੇ ਹਰੇਕ ਕੋਨੇ ਵਿਚ ਤੇਸੀ ਅਤੇ ਕਾਂਡੀ ਖੜਕ ਰਹੀ ਹੈ ਅਤੇ ਮਜ਼ਦੂਰ ਕੰਮ ’ਤੇ ਡਟੇ ਹੋਏ ਹਨ। ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਦਿਲ ਖੋਲ੍ਹ ਕੇ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਆਉਂਦੇ ਦਿਨਾਂ ਵਿਚ ਸਨਅਤੀ ਖੇਤਰ ਦੀਆਂ ਸੜਕਾਂ ਦੀ ਨੁਹਾਰ ਬਦਲੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਕਾਸ ਪੱਖੋਂ ਮੁਹਾਲੀ ਨੂੰ ਸਭ ਤੋਂ ਖ਼ੂਬਸੂਰਤ ਸ਼ਹਿਰ ਬਣਾਇਆ ਜਾਵੇਗਾ, ਜਦੋਂਕਿ ਨਗਰ ਨਿਗਮ ਵੱਲੋਂ ਪਹਿਲਾਂ ਸਨਅਤੀ ਖੇਤਰ ਨੂੰ ਅਣਗੌਲਿਆ ਕੀਤਾ ਹੋਇਆ ਸੀ ਪ੍ਰੰਤੂ ਹੁਣ ਜੰਗੀ ਪੱਧਰ ’ਤੇ ਵਿਕਾਸ ਕਾਰਜ ਚੱਲ ਰਹੇ ਹਨ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਸ਼ਹਿਰ ਅੰਦਰ ਖ਼ਾਸ ਕਰਕੇ ਸਨਅਤੀ ਏਰੀਆ ਵਿਚ ਚੱਲ ਰਹੇ ਵਿਕਾਸ ਕੰਮਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਸੜਕਾਂ ਦੇ ਨਾਲ ਫੁੱਟਪਾਥਾਂ ’ਤੇ ਪੇਵਰ ਬਲਾਕ ਲਗਾਏ ਜਾ ਰਹੇ ਹਨ ਅਤੇ ਗਰੀਨ ਬੈਲਟਾਂ ਦੀ ਹਾਲਤ ਸੁਧਾਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਫ਼ੀ ਏਰੀਆ ਗਮਾਡਾ ਅਧੀਨ ਹੈ ਅਤੇ ਨਗਰ ਨਿਗਮ ਅਧੀਨ ਖੇਤਰ ਨੂੰ ਵਧੇਰੇ ਤਵੱਜੋਂ ਦਿੱਤੀ ਜਾ ਰਹੀ ਹੈ। ‘ਆਪ’ ਵਿਧਾਇਕ ਨੇ ਕਿਹਾ ਕਿ ਗਮਾਡਾ ਅਤੇ ਨਿਗਮ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਵਿਕਾਸ ਕੰਮਾਂ ਦੀ ਖ਼ੁਦ ਨਜਰਸ਼ਾਨੀ ਕੀਤੀ ਜਾਵੇ ਅਤੇ ਵਿਕਾਸ ਕਾਰਜਾਂ ਲਈ ਵਰਤੇ ਜਾ ਰਹੇ ਮਟੀਰੀਅਲ ਦੀ ਗੁਣਵੱਤਾ ਦਾ ਖ਼ਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਕੁਆਲਿਟੀ ਦੇ ਮਾਮਲੇ ਵਿਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁਹਾਲੀ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਗਰਾਮ ਪੰਚਾਇਤਾਂ ਨੂੰ ਐਸਟੀਮੇਟ ਤਿਆਰ ਭੇਜਣ ਲਈ ਕਿਹਾ ਗਿਆ ਹੈ ਤਾਂ ਜੋ ਲੋਕਾਂ ਦੀ ਰਾਇ ਮੁਤਾਬਕ ਵਿਕਾਸ ਦਾ ਖਾਕਾ ਤਿਆਰ ਕੀਤਾ ਜਾ ਸਕੇ ਅਤੇ ਲੋੜੀਂਦੇ ਫੰਡ ਮੁਹੱਈਆ ਕਰਵਾਏ ਜਾ ਸਕਣ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਪੇਂਡੂ ਖੇਤਰ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।