ਜਾਖੜ ਨੇ ‘ਆਪ’ ਦੇ ਸੰਸਦ ਮੈਂਬਰਾਂ ਦਾ ਭਾਜਪਾ ’ਚ ਸ਼ਾਮਲ ਹੋਣ ’ਤੇ ਕੀਤਾ ਸਵਾਗਤ
ਜਾਖੜ ਨੇ ਆਪ ਦੇ ਸੰਸਦ ਮੈਂਬਰਾਂ ਦਾ ਭਾਜਪਾ ਵਿਚ ਸ਼ਾਮਲ ਹੋਣ ’ਤੇ ਕੀਤਾ ਸਵਾਗਤ
Publish Date: Fri, 24 Apr 2026 08:31 PM (IST)
Updated Date: Sat, 25 Apr 2026 04:13 AM (IST)

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਏ ਰਾਜ ਸਭਾ ਮੈਂਬਰਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਨਾਲ ਜਿੱਥੇ ਪੰਜਾਬ ’ਚ ਪਾਰਟੀ ਨੂੰ ਮਜ਼ਬੂਤੀ ਮਿਲੇਗੀ, ਉੱਥੇ ਹੀ ਇਹ ਦੇਸ਼ ’ਚ ਸਭ ਤੋਂ ਛੋਟਾ ਸਮਾਂ ਸਰਗਰਮ ਰਹੀ ‘ਆਪ’ ਦੇ ਪਤਨ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਡੁੱਬਦੇ ਜਹਾਜ਼ ਨੂੰ ਸਮਾਂ ਰਹਿੰਦੇ ਛੱਡ ਕੇ ਭਾਰਤੀ ਜਨਤਾ ਪਾਰਟੀ ’ਚ ਆਏ ਸਾਰੇ ਹੀ ਸਾਂਸਦਾਂ ਨੂੰ ਨਿੱਘੀ ਜੀ ਆਇਆਂ ਨੂੰ। ‘ਆਪ’ ਦੇ ਮਾੜੇ ਸ਼ਾਸਨ, ਭ੍ਰਿਸ਼ਟਾਚਾਰ, ਬੇਅਮਨੀ ਕਾਰਨ ਜਿੱਥੇ ਪੰਜਾਬ ਦੇ ਲੋਕਾਂ ਦਾ ਇਸ ਪਾਰਟੀ ਤੋਂ ਮੋਹ ਭੰਗ ਹੋ ਚੁੱਕਾ ਹੈ ਉੱਥੇ ਹੀ ਪਾਰਟੀ ਵੱਲੋ ਲੋਕ ਹਿੱਤਾਂ ਦਾ ਤਿਆਗ ਕਰ ਦੇਣ ਤੋਂ ਬਾਅਦ ਇਸ ਪਾਰਟੀ ਦੇ ਅੰਦਰ ਚੰਗੇ ਲੋਕ ਵੀ ਪਾਰਟੀ ਛੱਡਣ ਲਈ ਮਜਬੂਰ ਹੋ ਰਹੇ ਹਨ। ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਆਪਣੀਆਂ ਗ਼ਲਤ ਨੀਤੀਆਂ ਕਾਰਨ ਪੰਜਾਬ ਦੀ ‘ਆਪ’ ਸਰਕਾਰ ਲੋਕ ਮਨਾਂ ਤੋਂ ਦੂਰ ਹੋ ਚੁੱਕੀ ਹੈ। ਇਸ ਅਨਾੜੀ ਸਰਕਾਰ ਕਾਰਨ ਅੱਜ ਰਾਜ ’ਚ ਬਦ-ਅਮਨੀ ਤੇ ਭ੍ਰਿਸ਼ਟਾਚਾਰ ਆਪਣੀ ਸਿਖਰ ਤੇ ਪਹੁੰਚ ਚੁੱਕਾ ਹੈ। ਲੋਕ ਖ਼ੁਦ ਨੂੰ ਸੁਰੱਖਿਤ ਮਹਿਸੂਸ ਨਹੀਂ ਕਰ ਰਹੇ। ਗੈਂਗਸਟਰਵਾਦ ਤੇ ਨਸ਼ੇ ਸਾਡੀ ਜਵਾਨੀ ਨੂੰ ਨਿਗਲ ਰਹੇ ਹਨ। ਜਦਕਿ ‘ਆਪ’ ’ਚ ਰਿਮੋਟ ਕੰਟਰੋਲ ਪ੍ਰਣਾਲੀ ਚੰਗੇ ਬੰਦੇ ਨੂੰ ਕੰਮ ਨਹੀਂ ਕਰਨ ਦਿੰਦੀ ਤੇ ਸਾਰਾ ਕੰਟਰੋਲ ਇੱਕ ਕੇਂਦਰ ਤੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਕ ਨਵੇਂ ਬਦਲਾਅ ਲਈ ਅੰਗੜਾਈ ਲੈ ਰਿਹਾ ਹੈ ਤੇ 2027 ’ਚ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਲੋਕ ਮੌਕਾ ਦੇਣਗੇ।