- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਾਜਪੋਸ਼ੀ ਸਮਾਗਮ ਦੌਰਾਨ ਸਾਬਕਾ ਸੂਬਾ ਪ੍ਰਧਾਨ Sunil Jakhar ਨੇ ਜਾਤ ਅਤੇ ਧਰਮ ਦੇ ਨਾਂ 'ਤੇ ਰਾਜਨੀਤੀ ਕਰਨ ਵਾਲਿਆਂ ਨੂੰ ਲੰਮੇ ਹੱਥੀਂ ਲਿਆ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ 'ਚ ਡਬਲ ਇੰਜਣ ਸਰਕਾਰ ਦੀ ਲੋੜ ਦੱਸੀ ਜਦੋਂਕਿ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁਘ ਨੇ ਦਾਅਵਾ ਕੀਤਾ ਕਿ ਮਾਨ ਸਰਕਾਰ ਦੇ ਜਾਣ ਦਾ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ।

ਰੋਹਿਤ ਕੁਮਾਰ, ਚੰਡੀਗੜ੍ਹ :ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ (Kewal Singh Dhillon) ਦੇ ਅਹੁਦਾ ਸੰਭਾਲਣ ਦੇ ਸਮਾਗਮ 'ਚ ਪਾਰਟੀ ਦੇ ਸੀਨੀਅਰ ਆਗੂਆਂ ਨੇ ਆਮ ਆਦਮੀ ਪਾਰਟੀ (AAP) ਤੇ ਕਾਂਗਰਸ (Punjab Congress) 'ਤੇ ਤਿੱਖੇ ਸਿਆਸੀ ਹਮਲੇ ਕੀਤੇ। ਸਮਾਗਮ ਦੌਰਾਨ ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਜਾਤ ਅਤੇ ਧਰਮ ਦੇ ਨਾਂ 'ਤੇ ਰਾਜਨੀਤੀ ਕਰਨ ਵਾਲਿਆਂ ਨੂੰ ਲੰਮੇ ਹੱਥੀਂ ਲਿਆ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ 'ਚ ਡਬਲ ਇੰਜਣ ਸਰਕਾਰ ਦੀ ਲੋੜ ਦੱਸੀ ਜਦੋਂਕਿ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁਘ ਨੇ ਦਾਅਵਾ ਕੀਤਾ ਕਿ ਮਾਨ ਸਰਕਾਰ ਦੇ ਜਾਣ ਦਾ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ।
ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਨੂੰ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਵਿਰੋਧੀ ਕਾਂਗਰਸ ਦੋਵਾਂ ਨੇ ਧੋਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਦਾ ਵਿਸਥਾਰ ਲਗਾਤਾਰ ਹੋ ਰਿਹਾ ਹੈ, ਉਦੋਂ ਕੁਝ ਸਿਆਸੀ ਪਾਰਟੀਆਂ ਪੰਜਾਬ ਦੇ ਭਾਈਚਾਰੇ ਤੇ ਸਾਂਝੇ ਸੱਭਿਆਚਾਰ ਨੂੰ ਤੋੜਨ ਦਾ ਯਤਨ ਕਰ ਰਹੀਆਂ ਹਨ। ਜਾਖੜ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ 'ਚ ਹਿੰਦੂ ਅਤੇ ਸਿੱਖ ਦੇ ਨਾਂ 'ਤੇ ਰਾਜਨੀਤੀ ਕੀਤੀ ਜਾ ਰਹੀ ਹੈ, ਜਦੋਂਕਿ ਕੇਵਲ ਸਿੰਘ ਢਿੱਲੋਂ ਨੂੰ ਦੇਖ ਕੇ ਉਨ੍ਹਾਂ ਨੂੰ ਕਿਸੇ ਧਰਮ ਦਾ ਨਹੀਂ ਬਲਕਿ ਇੱਕ ਪੰਜਾਬੀ ਦਾ ਚਿਹਰਾ ਦਿਖਾਈ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਜੋ ਲੋਕ ਖੁਦ ਨੂੰ ਧਰਮ ਨਿਰਪੱਖ ਦੱਸਦੇ ਸਨ, ਉਹ ਅੱਜ ਪੂਰਾ ਦਿਨ ਜਾਤ-ਪਾਤ ਤੇ ਧਰਮ ਦੀਆਂ ਗੱਲਾਂ ਕਰ ਰਹੇ ਹਨ। ਜਾਖੜ ਨੇ ਸੂਬਾ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਮੁਲਾਜ਼ਮਾਂ ਨੂੰ ਵੇਲੇ ਸਿਰ ਤਨਖਾਹਾਂ ਅਤੇ ਮਹਿੰਗਾਈ ਭੱਤਾ ਨਹੀਂ ਮਿਲ ਰਿਹਾ ਹੈ। ਉਨ੍ਹਾਂ ਤਨਜ਼ ਕੱਸਦਿਆਂ ਕਿਹਾ ਕਿ ਸਰਕਾਰ ਨੇ ਝਾੜੂ ਦੀ ਬੇਅਦਬੀ ਤਕ ਦਾ ਮਾਮਲਾ ਦਰਜ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਸਟੇਜਾਂ 'ਤੇ ਕਲਾਕਾਰਾਂ ਨੂੰ ਬੁਲਾਇਆ ਜਾਂਦਾ ਸੀ, ਪਰ ਹੁਣ ਡੀਜੀਪੀ ਅਤੇ ਮੁੱਖ ਸਕੱਤਰ ਨੂੰ ਸਟੇਜਾਂ 'ਤੇ ਲਿਆਂਦਾ ਜਾ ਰਿਹਾ ਹੈ।
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਾਖੜ ਦੀ ਅਗਵਾਈ 'ਚ ਭਾਜਪਾ ਦਾ ਕਾਫ਼ਲਾ ਹੋਰ ਮਜ਼ਬੂਤ ਹੋਇਆ ਹੈ। ਬਿੱਟੂ ਨੇ ਕਿਹਾ ਕਿ ਭਾਜਪਾ ਹਮੇਸ਼ਾ ਤੋਂ ਮਜ਼ਬੂਤ ਪਾਰਟੀ ਰਹੀ ਹੈ ਅਤੇ ਪਾਰਟੀ 'ਚ ਲੀਡਰਸ਼ਿਪ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਖੇਤਰ ਨੂੰ ਆਮ ਆਦਮੀ ਪਾਰਟੀ ਆਪਣੀ ਰਾਜਧਾਨੀ ਮੰਨਦੀ ਹੈ, ਉਸੇ ਖੇਤਰ ਤੋਂ ਆਉਣ ਵਾਲੇ ਕੇਵਲ ਸਿੰਘ ਢਿੱਲੋਂ ਨੂੰ ਪ੍ਰਦੇਸ਼ ਪ੍ਰਧਾਨ ਬਣਾ ਕੇ ਭਾਜਪਾ ਨੇ ਵੱਡਾ ਸੰਦੇਸ਼ ਦਿੱਤਾ ਹੈ।
ਬਿੱਟੂ ਨੇ ਕਿਹਾ ਕਿ ਕਈ ਵਾਰ ਗੁੱਸੇ ਨਾਲ ਨਹੀਂ ਬਲਕਿ ਪਿਆਰ ਨਾਲ ਗੱਲ ਬਣਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਾਰ ਦੇ ਬਾਵਜੂਦ ਕੇਂਦਰ ਸਰਕਾਰ 'ਚ ਮੰਤਰੀ ਬਣਨ ਦਾ ਮੌਕਾ ਮਿਲਿਆ, ਜਦੋਂਕਿ ਉਨ੍ਹਾਂ ਦੀ ਪੁਰਾਣੀ ਪਾਰਟੀ ਨੇ ਉਨ੍ਹਾਂ ਨੂੰ ਮੈਂਬਰ ਤਕ ਨਹੀਂ ਬਣਾਇਆ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਪੰਜਾਬ ਵਿੱਚ ਡਬਲ ਇੰਜਣ ਸਰਕਾਰ ਲਿਆਉਣ ਦਾ ਸਮਾਂ ਆ ਗਿਆ ਹੈ।
ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁਘ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਸਿਰਫ਼ ਆਗੂ ਨਹੀਂ ਬਲਕਿ ਇਕ ਸੰਸਥਾ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਤੋਂ ਪੰਜਾਬ ਸਰਕਾਰ ਦੇ ਜਾਣ ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਚੁਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਵਿਗੜੀ ਹੈ ਤੇ ਸੂਬੇ 'ਚ ਫਿਰੌਤੀ ਦੇ ਫ਼ੋਨ ਅਤੇ ਬੰਬ ਧਮਾਕਿਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਨਸ਼ਿਆਂ ਦੇ ਮੁੱਦੇ 'ਤੇ ਵੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ 'ਯੁੱਧ ਨਸ਼ਿਆਂ ਦੇ ਵਿਰੁੱਧ' ਮੁਹਿੰਮ ਦੋ ਵਾਰ ਅਸਫ਼ਲ ਹੋ ਚੁੱਕੀ ਹੈ। ਚੁਘ ਨੇ ਕਿਹਾ ਕਿ 2027 ਵਿੱਚ ਭਗਵੰਤ ਮਾਨ ਸਰਕਾਰ ਦੀ ਵਿਦਾਈ ਹੋਵੇਗੀ ਅਤੇ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣੇਗੀ।
ਉੱਥੇ ਹੀ ਭਾਜਪਾ ਦੇ ਕਾਰਜਕਾਰੀ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਇਸ ਸਮੇਂ ਇਕ ਚੁਣੌਤੀਪੂਰਨ ਦੌਰ 'ਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਜਨਤਾ ਦੀਆਂ ਉਮੀਦਾਂ 'ਤੇ ਖਰੀ ਨਹੀਂ ਉੱਤਰੀ, ਜਦੋਂਕਿ ‘ਕੱਟੜ ਇਮਾਨਦਾਰ’ ਹੋਣ ਦਾ ਦਾਅਵਾ ਕਰਨ ਵਾਲੀ ਸਰਕਾਰ ਵੀ ਚਾਰ ਸਾਲਾਂ 'ਚ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ 'ਚ ਨਾਕਾਮ ਰਹੀ ਹੈ। ਸ਼ਰਮਾ ਨੇ ਕਿਹਾ ਕਿ ਹੁਣ ਸੂਬੇ ਦੇ ਲੋਕ ਭਾਜਪਾ ਨੂੰ ਆਸ ਦੀ ਨਜ਼ਰ ਨਾਲ ਦੇਖ ਰਹੇ ਹਨ।
ਅਹੁਦਾ ਸੰਭਾਲਣ ਦੇ ਸਮਾਗਮ ਦੌਰਾਨ ਭਾਜਪਾ ਆਗੂਆਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਕੇਵਲ ਸਿੰਘ ਢਿੱਲੋਂ ਦੀ ਅਗਵਾਈ 'ਚ ਪਾਰਟੀ ਪੰਜਾਬ 'ਚ ਸੰਗਠਨ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਜਨਤਾ ਦੇ ਵਿਚਕਾਰ ਨਵੇਂ ਵਿਕਲਪ ਵਜੋਂ ਖੁਦ ਨੂੰ ਸਥਾਪਿਤ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਰਿਹਾਇਸ਼ ਤੱਕ ਅੱਜ ਦੀ ਆਵਾਜ਼ ਜਾਣੀ ਚਾਹੀਦੀ ਹੈ।