ਈਡੀ ਦੀ ਕਾਰਵਾਈ ਨਾਲ ਆਪ ’ਚ ਫੁੱਟ ਹੋਈ ਉਜਾਗਰ - ਸੁਨੀਲ ਜਾਖੜ

ਸੁਨੀਲ ਜਾਖੜ ਦੀ ਫੋਟੋ ਲਗਾ ਲਓ)----
- ਕਿਹਾ, ਆਪ ਆਪਣਾ ਘਰ ਸੰਭਾਲਦੀ ਨਹੀਂ ਭਾਜਪਾ ਨੂੰ ਉਲਾਂਭੇ ਦਿੰਦੀ ਹੈ
- ਪਿਛਲੇ ਚਾਰ ਸਾਲਾਂ ’ਚ ਪੰਜਾਬ ਦੀ ਕੀਤੀ ਗਈ ਲੁੱਟ ਦਾ ਹੋਵੇਗਾ ਹਿਸਾਬ
ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਕਾਰਵਾਈ ਤੋਂ ਬਾਅਦ ਆਮ ਆਦਮੀ ਪਾਰਟੀ ’ਚ ਅੰਦਰੂਨੀ ਗੁੱਟਬਾਜ਼ੀ ਸਪੱਸ਼ਟ ਹੋ ਗਈ ਹੈ। ਉਨ੍ਹਾਂ ਕਿਹਾ ਕਿ ‘ਆਪ’ ਵਲੋਂ ਆਪਣਾ ਘਰ ਸੰਭਾਲਿਆ ਨਹੀਂ ਜਾਂਦਾ ਪਰ ਜਦੋਂ ਕੋਈ ਪਾਰਟੀ ਛੱਡ ਜਾਂਦਾ ਹੈ ਤਾਂ ਇਸ ਲਈ ਭਾਜਪਾ ਨੂੰ ਜ਼ਿੰਮੇਵਾਰ ਦੱਸਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ‘ਈਡੀ ਦੀ ਜਾਂਚ ਤਾਂ ਜਾਰੀ ਹੈ ਤੇ ਪੜਤਾਲ ਮੁਕੰਮਲ ਹੋਣ ’ਤੇ ਕੋਈ ਅੰਤਿਮ ਫ਼ੈਸਲਾ ਹੋਵੇਗਾ, ਪਰ ਜਿਸ ਤਰ੍ਹਾਂ ਈਡੀ ਦੇ ਛਾਪਿਆਂ ਦੀ ਖ਼ਬਰ ਸਾਹਮਣੇ ਆਉਣ ਸਾਰ ਫੁਰਤੀ ਦਿਖਾਉਂਦੇ ਹੋਏ ਕਾਹਲੀ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਸੀ ਕਿ ਸਾਡਾ ਇਸ ਨਾਲ ਕੋਈ ਸਬੰਧ ਨਹੀਂ, ਇਸ ਨੇ ਮੁੱਖ ਮੰਤਰੀ ਤੇ ਉਨ੍ਹਾਂ ਦਾ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੇ ਆਪਸੀ ਸਬੰਧਾਂ ਨੂੰ ਜ਼ਰੂਰ ਉਜਾਗਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਦੇ "ਗੂੜੇ ਸਬੰਧਾਂ" ਦਾ ਰੂਪ 1 ਮਈ ਦੀ ਕੈਬਨਿਟ ਮੀਟਿੰਗ ਵਿਚ ਵੀ ਵੇਖਣ ਨੂੰ ਮਿਲਿਆ ਸੀ ਤੇ ਫਿਰ ਬਾਅਦ ਵਿਚ ਮੁੱਖ ਮੰਤਰੀ ਪਾਰਟੀ ਛੱਡਣ ਵਾਲਿਆਂ ਲਈ ਬੀਜੇਪੀ ਨੂੰ ਉਲਾਂਭਾ ਦਿੰਦੇ ਹਨ।"
ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਦੇ ਕੱਲ ਦੇ ਬਿਆਨ ਨੇ ਬੜਾ ਕੁੱਝ ਸਪੱਸ਼ਟ ਕਰ ਦਿੱਤਾ ਸੀ ਕਿ ‘ਆਪ’ ਪਾਰਟੀ ਅੰਦਰ ਮਤਭੇਦ ਕਿਸ ਹੱਦ ਤੱਕ ਵਧ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ਼ਾਇਦ ਮੁੱਖ ਮੰਤਰੀ ਪਾਰਟੀ ’ਚ ਅਜਿਹਾ ਕੋਈ ਚਿਹਰਾ ਰਹਿਣ ਹੀ ਨਹੀਂ ਦੇਣਾ ਚਾਹੁੰਦੇ ਜੋ ਕੱਲ੍ਹ ਨੂੰ ਉਨ੍ਹਾਂ ਲਈ ਖ਼ਤਰਾ ਬਣ ਸਕਦਾ ਹੋਵੇ।
ਉਨ੍ਹਾਂ 1 ਮਈ ਦੀ ਕੈਬਨਿਟ ਮੀਟਿੰਗ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਉਕਤ ਬੈਠਕ ’ਚ ਵੀ ਮੁੱਖ ਮੰਤਰੀ ਵੱਲੋਂ ਦੋ ਕੈਬਨਿਟ ਮੰਤਰੀਆਂ ਨੂੰ ਵਿਸ਼ੇਸ਼ ਤੌਰ ’ਤੇ ਜਲੀਲ ਕੀਤਾ ਗਿਆ ਸੀ। ਜਾਖੜ ਨੇ ਕਿਹਾ ਕਿ ‘ਆਪ’ ਦੇ ਆਗੂ ਜਿੰਨਾ ਮਰਜ਼ੀ ਇਹ ਦਾਅਵਾ ਕਰ ਲੈਣ ਕਿ ਕੱਲ੍ਹ ਦੀ ਛਾਪੇਮਾਰੀ ਦਾ ਉਨ੍ਹਾਂ ਦੇ ਲੋਕਾਂ ਨਾਲ ਕੋਈ ਸਬੰਧ ਨਹੀਂ ਪਰ ਹੁਣ ਤੱਕ ਜੋ ਤੱਥ ਜਨਤਕ ਹੋ ਚੁੱਕੇ ਹਨ ਉਹ ‘ਆਪ’ ਆਗੂਆਂ ਦੀ ਅਤੇ ਇੱਥੋਂ ਤੱਕ ਕਿ ਮੁੱਖ ਮੰਤਰੀ ਦਫ਼ਤਰ ਦੀ ਵੀ ਉਨਾ ਲੋਕਾਂ ਨਾਲ ਸਾਂਝ ਨੂੰ ਬਾਖੂਬੀ ਬਿਆਨ ਕਰਦੇ ਹਨ। ਉਨਾਂ ਆਖਿਆ ਕਿ ਪੰਜਾਬ ਦੀ ਪਿਛਲੇ ਚਾਰ ਸਾਲਾਂ ’ਚ ਕੀਤੀ ਗਈ ਲੁੱਟ ਦਾ ਹੁਣ ਪੰਜਾਬ ਹਿਸਾਬ ਮੰਗਦਾ ਹੈ।
ਉਧਰ, ਪਾਰਟੀ ਪ੍ਰਧਾਨ ਅਮਨ ਅਰੋੜਾ ਬਾਰੇ ਈਡੀ ਵੱਲੋਂ ਪ੍ਰੈੱਸ ਨੋਟ ਜਾਰੀ ਕੀਤੇ ਜਾਣ ਮਗਰੋਂ ਕਿਸੇ ਮੰਤਰੀ, ਵਿਧਾਇਕ ਜਾਂ ਪਾਰਟੀ ਦੇ ਕਿਸੇ ਆਗੂ ਨੇ ਅਰੋੜਾ ਦੇ ਹੱਕ ’ਚ ਬਿਆਨਬਾਜ਼ੀ ਨਹੀ ਕੀਤੀ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ, ਰਾਜ ਸਭਾ ਮੈਂਬਰ ਸੰਜੈ ਸਿੰਘ ਜਾਂ ਦਿੱਲੀ ਨਾਲ ਸਬੰਧਤ ਇਕ ਦੋ ਆਗੂਆਂ ਨੇ ਐਕਸ ’ਤੇ ਭਾਜਪਾ ਦੀ ਨਿੰਦਾ ਜ਼ਰੂਰ ਕੀਤੀ ਹੈ, ਪਰ ਪੰਜਾਬ ਲੀਡਰਸ਼ਿਪ ਨੇ ਪੂਰੀ ਤਰ੍ਹਾਂ ਚੁੱਪ ਧਾਰੀ ਹੋਈ ਹੈ। ਜਦਕਿ ਆਮ ਤੌਰ ’ਤੇ ਜਦੋ ਵੀ ਕੋਈ ਏਜੰਸੀ ਦਿੱਲੀ ਦੇ ਆਗੂਆਂ ਖਿਲਾਫ਼ ਕਾਰਵਾਈ ਕਰਦੀ ਹੈ ਜਾਂ ਫਿਰ ਕੋਈ ਸਿਆਸੀ ਪਾਰਟੀ ਦਾ ਆਗੂ ਬਿਆਨਬਾਜ਼ੀ ਕਰਦਾ ਹੈ ਤਾਂ ਸਟੇਟ ਲੀਡਰਸ਼ਿਪ ਤੇ ਵਲੰਟੀਅਰਜ਼ ਸੋਸ਼ਲ ਮੀਡੀਆਂ ’ਤੇ ਕੁਮੈਂਟ ਕਰ ਕੇ ਹੜ੍ਹ ਲਿਆ ਦਿੰਦੇ ਹਨ, ਪਰ ਹੁਣ ਸੂਬਾ ਪ੍ਰਧਾਨ ਦੇ ਮਾਮਲੇ ’ਚ ਸਟੇਟ ਲੀਡਰਸ਼ਿਪ ਦੀ ਮੀਡੀਆ ਅਤੇ ਸੋਸ਼ਲ ਮੀਡੀਆ ਵਿਚ ਚੁੱਪੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ।