ਚੰਡੀਗੜ੍ਹ ਦੇ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਵੀ ਗਰਮੀ ਦੀਆਂ ਛੁੱਟੀਆਂ, 23 ਮਈ ਤੋਂ ਰਹਿਣਗੇ ਬੰਦ
ਚੰਡੀਗੜ੍ਹ ਪ੍ਰਸ਼ਾਸਨ ਦੇ ਸਿੱਖਿਆ ਵਿਭਾਗ ਨੇ ਵਧ ਰਹੀ ਗਰਮੀ ਅਤੇ ਹੀਟ ਵੇਵ ਨੂੰ ਦੇਖਦਿਆਂ ਸ਼ਹਿਰ ਦੇ ਸਾਰੇ ਸਰਕਾਰੀ ਸਹਾਇਤਾ ਪ੍ਰਾਪਤ (ਗਵਰਨਮੈਂਟ ਏਡਡ) ਅਤੇ ਪ੍ਰਾਈਵੇਟ ਮਾਨਤਾ ਪ੍ਰਾਪਤ ਸਕੂਲਾਂ ਨੂੰ 23 ਮਈ 2026 ਤੋਂ ਗਰਮੀ ਦੀਆਂ ਛੁੱਟੀਆਂ ਲਈ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
Publish Date: Fri, 22 May 2026 07:48 PM (IST)
Updated Date: Fri, 22 May 2026 07:52 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਦੇ ਸਿੱਖਿਆ ਵਿਭਾਗ ਨੇ ਵਧ ਰਹੀ ਗਰਮੀ ਅਤੇ ਹੀਟ ਵੇਵ ਨੂੰ ਦੇਖਦਿਆਂ ਸ਼ਹਿਰ ਦੇ ਸਾਰੇ ਸਰਕਾਰੀ ਸਹਾਇਤਾ ਪ੍ਰਾਪਤ (ਗਵਰਨਮੈਂਟ ਏਡਡ) ਅਤੇ ਪ੍ਰਾਈਵੇਟ ਮਾਨਤਾ ਪ੍ਰਾਪਤ ਸਕੂਲਾਂ ਨੂੰ 23 ਮਈ 2026 ਤੋਂ ਗਰਮੀ ਦੀਆਂ ਛੁੱਟੀਆਂ ਲਈ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ, ਚੰਡੀਗੜ੍ਹ ਵੱਲੋਂ ਜਾਰੀ ਆਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਯੂਟੀ ਦੇ ਸਰਕਾਰੀ ਸਕੂਲ ਪਹਿਲਾਂ ਹੀ 23 ਮਈ ਤੋਂ ਸਮਰ ਵੈਕੇਸ਼ਨ ਲਈ ਬੰਦ ਕੀਤੇ ਜਾ ਚੁੱਕੇ ਹਨ, ਪਰ ਕੁਝ ਪ੍ਰਾਈਵੇਟ ਅਤੇ ਗਵਰਨਮੈਂਟ ਏਡਡ ਸਕੂਲ ਅਜੇ ਵੀ ਭੌਤਿਕ ਕਲਾਸਾਂ ਲਗਾ ਰਹੇ ਸਨ। ਮੌਜੂਦਾ ਭਿਆਨਕ ਗਰਮੀ ਨੂੰ ਦੇਖਦਿਆਂ ਇਹ ਫੈਸਲਾ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ।
ਆਦੇਸ਼ਾਂ ਅਨੁਸਾਰ ਕਲਾਸ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਜ਼ਰੂਰਤ ਪੈਣ ’ਤੇ ਆਨਲਾਈਨ ਕਲਾਸਾਂ ਜਾਰੀ ਰੱਖੀਆਂ ਜਾ ਸਕਦੀਆਂ ਹਨ। ਹਾਲਾਂਕਿ ਕਲਾਸ 8ਵੀਂ ਤੱਕ ਦੇ ਵਿਦਿਆਰਥੀਆਂ ਲਈ ਇਸ ਦੌਰਾਨ ਨਾ ਤਾਂ ਆਫਲਾਈਨ ਅਤੇ ਨਾ ਹੀ ਆਨਲਾਈਨ ਕਲਾਸਾਂ ਲਗਾਈਆਂ ਜਾਣਗੀਆਂ ਅਤੇ ਉਹ ਪੂਰੀ ਤਰ੍ਹਾਂ ਛੁੱਟੀਆਂ ’ਤੇ ਰਹਿਣਗੇ।
ਸਿੱਖਿਆ ਵਿਭਾਗ ਨੇ ਸਾਰੇ ਸਕੂਲ ਪ੍ਰਬੰਧਕਾਂ ਨੂੰ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਆਦੇਸ਼ ਡਾਇਰੈਕਟਰ ਸਕੂਲ ਐਜੂਕੇਸ਼ਨ ਨਿਤਿਸ਼ ਸਿੰਗਲਾ ਵੱਲੋਂ 22 ਮਈ 2026 ਨੂੰ ਜਾਰੀ ਕੀਤੇ ਗਏ।