ਪ੍ਰਦਰਸ਼ਨਕਾਰੀਆਂ 'ਤੇ ਫਾਇਰਿੰਗ, ਦੋ ਦੀ ਮੌਤ...11 ਸਾਲ ਪੁਰਾਣੇ ਕੇਸ 'ਚ ਘਿਰੇ ਸੁਖਬੀਰ ਬਾਦਲ; ਚੰਡੀਗੜ੍ਹ ਕੋਰਟ 'ਚ ਹੋਈ ਪੇਸ਼ੀ
ਸੁਖਬੀਰ ਬਾਦਲ ਅਤੇ ਹੋਰ ਮੁਲਜ਼ਮਾਂ ਨੇ ਵਧੀਕ ਸੈਸ਼ਨ ਜੱਜ, ਫਰੀਦਕੋਟ ਦੇ ਹੁਕਮਾਂ ਅਨੁਸਾਰ ਚੰਡੀਗੜ੍ਹ ਅਦਾਲਤ ਵਿੱਚ ਪੇਸ਼ੀ ਦਿੱਤੀ। ਫਰੀਦਕੋਟ ਅਦਾਲਤ ਨੇ 2 ਮਈ ਦੇ ਆਪਣੇ ਹੁਕਮ ਵਿੱਚ ਸਾਰੇ ਮੁਲਜ਼ਮਾਂ ਨੂੰ 12 ਮਈ ਨੂੰ ਚੰਡੀਗੜ੍ਹ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ। ਇਹ ਹੁਕਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 9 ਅਪ੍ਰੈਲ ਨੂੰ ਜਾਰੀ ਕੀਤੇ ਗਏ ਆਦੇਸ਼ਾਂ ਦੇ ਤਹਿਤ ਜਾਰੀ ਕੀਤਾ ਗਿਆ ਸੀ।
Publish Date: Tue, 12 May 2026 03:59 PM (IST)
Updated Date: Tue, 12 May 2026 04:51 PM (IST)
ਪੰਜਾਬੀ ਜਾਗਰਣ, ਚੰਡੀਗੜ੍ਹ। ਸੁਖਬੀਰ ਬਾਦਲ ਅਤੇ ਹੋਰ ਮੁਲਜ਼ਮਾਂ ਨੇ ਵਧੀਕ ਸੈਸ਼ਨ ਜੱਜ, ਫਰੀਦਕੋਟ ਦੇ ਹੁਕਮਾਂ ਅਨੁਸਾਰ ਚੰਡੀਗੜ੍ਹ ਅਦਾਲਤ ਵਿੱਚ ਪੇਸ਼ੀ ਦਿੱਤੀ। ਫਰੀਦਕੋਟ ਅਦਾਲਤ ਨੇ 2 ਮਈ ਦੇ ਆਪਣੇ ਹੁਕਮ ਵਿੱਚ ਸਾਰੇ ਮੁਲਜ਼ਮਾਂ ਨੂੰ 12 ਮਈ ਨੂੰ ਚੰਡੀਗੜ੍ਹ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ। ਇਹ ਹੁਕਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 9 ਅਪ੍ਰੈਲ ਨੂੰ ਜਾਰੀ ਕੀਤੇ ਗਏ ਆਦੇਸ਼ਾਂ ਦੇ ਤਹਿਤ ਜਾਰੀ ਕੀਤਾ ਗਿਆ ਸੀ।
ਫਰੀਦਕੋਟ ਅਦਾਲਤ ਦੇ ਹੁਕਮਾਂ ਮੁਤਾਬਕ, 7 ਅਗਸਤ 2018 ਨੂੰ ਦਰਜ ਐੱਫ.ਆਈ.ਆਰ. ਜਿਸ ਵਿੱਚ ਆਈ.ਪੀ.ਸੀ. ਦੀਆਂ ਧਾਰਾਵਾਂ 307, 323, 341, 201, 218, 120-ਬੀ ਅਤੇ 34 ਨਾਲ ਨਾਲ ਆਰਮਜ਼ ਐਕਟ ਦੀਆਂ ਧਾਰਾਵਾਂ 27, 57 ਅਤੇ 59 ਸ਼ਾਮਲ ਹਨ ਅਤੇ 14 ਅਕਤੂਬਰ 2015 ਨੂੰ ਦਰਜ ਹੋਰ ਐੱਫ.ਆਈ.ਆਰ. ਜਿਸ ਵਿੱਚ ਆਈ.ਪੀ.ਸੀ. ਦੀਆਂ ਧਾਰਾਵਾਂ 307, 353, 332, 333, 323, 382, 435, 283, 120-ਬੀ, 148 ਅਤੇ 149 ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 3, 4, 25, 54 ਅਤੇ 59 ਸਮੇਤ ਪਬਲਿਕ ਪ੍ਰਾਪਰਟੀ ਨੁਕਸਾਨ ਰੋਕੂ ਕਾਨੂੰਨ ਦੀਆਂ ਧਾਰਾਵਾਂ ਸ਼ਾਮਲ ਹਨ, ਦੀ ਸੁਣਵਾਈ ਹੁਣ ਚੰਡੀਗੜ੍ਹ ਸੈਸ਼ਨ ਅਦਾਲਤ ਵਿੱਚ ਕੀਤੀ ਜਾਵੇਗੀ।
ਹਾਈ ਕੋਰਟ ਨੇ ਇਹ ਹੁਕਮ ਦੋ ਪੁਲਿਸ ਅਧਿਕਾਰੀਆਂ ਵੱਲੋਂ ਦਾਇਰ ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਜਾਰੀ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਨਾਲ ਸੰਬੰਧਤ ਹੋਰ ਕੇਸ ਪਹਿਲਾਂ ਹੀ ਹਾਈ ਕੋਰਟ ਅਤੇ ਸੁਪਰੀਮ ਕੋਰਟ ਵੱਲੋਂ ਚੰਡੀਗੜ੍ਹ ਟਰਾਂਸਫਰ ਕੀਤੇ ਜਾ ਚੁੱਕੇ ਹਨ।
ਕੋਟਕਪੂਰਾ ਗੋਲੀਕਾਂਡ ਦੀ ਘਟਨਾ 14 ਅਕਤੂਬਰ 2015 ਨੂੰ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਪਿੰਡਾਂ ਵਿੱਚ ਹੋਈ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਵਾਪਰੀ ਸੀ।
ਬੇਅਦਬੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਪੁਲਿਸ ਵੱਲੋਂ ਗੋਲੀਬਾਰੀ ਕੀਤੀ ਗਈ ਸੀ। ਜਿੱਥੇ ਬਹਿਬਲ ਕਲਾਂ ਵਿੱਚ ਹੋਈ ਗੋਲੀਬਾਰੀ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਸੀ, ਉੱਥੇ ਕੋਟਕਪੂਰਾ ਵਿੱਚ ਕਈ ਲੋਕ ਜ਼ਖ਼ਮੀ ਹੋਏ ਸਨ। ਇਸ ਮਾਮਲੇ ਵਿੱਚ ਹੋਰ ਪੁਲਿਸ ਅਧਿਕਾਰੀਆਂ ਦੇ ਨਾਲ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਵੀ ਮੁਲਜ਼ਮਾਂ ਵਿੱਚ ਸ਼ਾਮਲ ਹਨ।