ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ, 20 ਵਾਹਨਾਂ ਦੇ ਕੱਟੇ ਚਾਲਾਨ
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ; 20 ਵਾਹਨਾਂ ਦੇ ਕੀਤੇ ਚਾਲਾਨ
Publish Date: Mon, 16 Mar 2026 07:20 PM (IST)
Updated Date: Mon, 16 Mar 2026 07:22 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਸਥਾਨਕ ਤਹਿਸੀਲ ਕੰਪਲੈਕਸ ਅਤੇ ਸੇਵਾ ਕੇਂਦਰ ਦੇ ਬਾਹਰ ਟ੍ਰੈਫਿਕ ਵਿਵਸਥਾ ਨੂੰ ਦਰੁਸਤ ਕਰਨ ਲਈ ਟ੍ਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ’ਤੇ ਸ਼ਿਕੰਜਾ ਕੱਸਿਆ। ਟ੍ਰੈਫਿਕ ਇੰਚਾਰਜ ਡੇਰਾਬੱਸੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਤਹਿਸੀਲ ਕੰਪਲੈਕਸ ਦੇ ਬਾਹਰ ਅਤੇ ਸੇਵਾ ਕੇਂਦਰ ਦੇ ਬਿਲਕੁਲ ਸਾਹਮਣੇ ‘ਨੋ-ਪਾਰਕਿੰਗ’ ਜ਼ੋਨ ਵਿਚ ਗ਼ਲਤ ਤਰੀਕੇ ਨਾਲ ਖੜ੍ਹੇ ਵਾਹਨਾਂ ਦੇ ਚਾਲਾਨ ਕੱਟੇ ਗਏ। ਇਸ ਦੌਰਾਨ ਕਈ ਅਜਿਹੇ ਵਾਹਨ ਵੀ ਫੜੇ ਗਏ, ਜਿਨ੍ਹਾਂ ’ਤੇ ਨਿਰਧਾਰਤ ਹਾਈ-ਸਕਿਓਰਿਟੀ ਨੰਬਰ ਪਲੇਟਾਂ ਨਹੀਂ ਲੱਗੀਆਂ ਹੋਈਆਂ ਸਨ। ਇਸ ਮੁਹਿੰਮ ਦੌਰਾਨ ਮੌਕੇ ’ਤੇ ਲਗਭਗ 20 ਵਾਹਨਾਂ ਦੇ ਚਾਲਾਨ ਕੀਤੇ ਗਏ। ਟ੍ਰੈਫਿਕ ਇੰਚਾਰਜ ਡੇਰਾਬੱਸੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਸੇਵਾ ਕੇਂਦਰ ਅਤੇ ਤਹਿਸੀਲ ਵਿਚ ਆਉਣ ਵਾਲੇ ਲੋਕਾਂ ਨੂੰ ਗ਼ਲਤ ਪਾਰਕਿੰਗ ਕਾਰਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਸਖ਼ਤ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਕਿ ਕੋਈ ਵੀ ਵਾਹਨ ਚਾਲਕ ਨਿਯਮਾਂ ਦੀ ਉਲੰਘਣਾ ਨਾ ਕਰੇ। ਨੋ-ਪਾਰਕਿੰਗ ਵਿਚ ਵਾਹਨ ਖੜ੍ਹੇ ਕਰਨ ਵਾਲਿਆਂ ਅਤੇ ਬਿਨਾਂ ਨੰਬਰ ਪਲੇਟਾਂ ਵਾਲੇ ਵਾਹਨਾਂ ਵਿਰੁੱਧ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ। ਪੁਲਿਸ ਦੀ ਇਸ ਕਾਰਵਾਈ ਨਾਲ ਜਿੱਥੇ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ, ਉੱਥੇ ਹੀ ਨਿਯਮ ਤੋੜਨ ਵਾਲਿਆਂ ਵਿਚ ਹੜਕੰਪ ਮਚਿਆ ਹੋਇਆ ਹੈ।