ਵਿਸ਼ਵ ਪੱਧਰ 'ਤੇ ਤੇਲ ਦੀਆਂ ਕੀਮਤਾਂ ’ਚ ਉਛਾਲ ਦੇ ਬਾਵਜੂਦ ਭਾਰਤ ’ਚ ਸਥਿਰਤਾ ਮੋਦੀ ਦੀ ਦੂਰਅੰਦੇਸ਼ੀ ਨੀਤੀਆਂ ਦਾ ਨਤੀਜਾ : ਉੱਭਾ
ਤੇਲ ਦੀਆਂ ਕੀਮਤਾਂ ਵਿਚ ਸਥਿਰਤਾ ਮੋਦੀ ਦੀ ਦੂਰਅੰਦੇਸ਼ੀ ਨੀਤੀਆਂ ਦਾ ਨਤੀਜਾ : ਹਰਦੇਵ ਸਿੰਘ ਉੱਭਾ
Publish Date: Fri, 20 Mar 2026 07:57 PM (IST)
Updated Date: Fri, 20 Mar 2026 08:01 PM (IST)

ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਭਾਜਪਾ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਜਿੱਥੇ ਪੂਰੀ ਦੁਨੀਆ ਜੰਗੀ ਹਾਲਾਤਾਂ ਕਾਰਨ ਤੇਲ ਦੀਆਂ ਵਧਦੀਆਂ ਕੀਮਤਾਂ ਨਾਲ ਜੂਝ ਰਹੀ ਹੈ, ਉੱਥੇ ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਾ ਸਥਿਰ ਰਹਿਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਸੋਚ ਅਤੇ ਮਜ਼ਬੂਤ ਲੀਡਰਸ਼ਿਪ ਦਾ ਸਪੱਸ਼ਟ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਆਏ ਭਾਰੀ ਉਛਾਲ ਦੇ ਬਾਵਜੂਦ ਭਾਰਤ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਲਏ ਗਏ ਸੋਚ-ਵਿਚਾਰ ਵਾਲੇ ਫ਼ੈਸਲੇ, ਜਿਵੇਂ ਕਿ ਟੈਕਸਾਂ ਵਿਚ ਸਮਝਦਾਰੀ ਨਾਲ ਤਬਦੀਲੀਆਂ ਅਤੇ ਊਰਜਾ ਸਰੋਤਾਂ ਦੀ ਵਿਆਪਕ ਯੋਜਨਾ, ਦੇਸ਼ ਨੂੰ ਆਰਥਿਕ ਝਟਕਿਆਂ ਤੋਂ ਬਚਾਉਣ ਵਿਚ ਸਫ਼ਲ ਰਹੇ ਹਨ। ਉੱਭਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਦੇਸ਼ ਹਿੱਤ ਨੂੰ ਸਭ ਤੋਂ ਉੱਪਰ ਰੱਖਦਿਆਂ ਨੀਤੀਆਂ ਬਣਾਈਆਂ ਹਨ, ਜਿਸ ਦਾ ਨਤੀਜਾ ਹੈ ਕਿ ਆਮ ਜਨਤਾ ਨੂੰ ਮਹਿੰਗਾਈ ਦੇ ਵੱਡੇ ਬੋਝ ਤੋਂ ਰਾਹਤ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਥਿਰਤਾ ਸਿਰਫ਼ ਇਕ ਆਕਸਮਿਕ ਘਟਨਾ ਨਹੀਂ, ਸਗੋਂ ਲੰਬੇ ਸਮੇਂ ਦੀ ਯੋਜਨਾਬੰਦੀ ਅਤੇ ਮਜ਼ਬੂਤ ਆਰਥਿਕ ਪ੍ਰਬੰਧਨ ਦਾ ਨਤੀਜਾ ਹੈ। ਉਨ੍ਹਾਂ ਹੋਰ ਕਿਹਾ ਕਿ ਅੱਜ ਭਾਰਤ ਵਿਸ਼ਵ ਮੰਚ ਤੇ ਇਕ ਮਜ਼ਬੂਤ ਅਤੇ ਸਥਿਰ ਆਰਥਿਕਤਾ ਵਜੋਂ ਉਭਰ ਰਿਹਾ ਹੈ, ਜਿਸ ਵਿਚ ਊਰਜਾ ਸੁਰੱਖਿਆ ਇਕ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਅੰਤ ਵਿਚ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਇਹ ਕਦਮ ਦੇਸ਼ ਨੂੰ ਅੱਗੇ ਵਧਾਉਣ ਅਤੇ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਵੱਲ ਇਕ ਹੋਰ ਮਜ਼ਬੂਤ ਕਦਮ ਹਨ।