ਜ਼ਿਲ੍ਹੇ ’ਚ ਗਰਭਵਤੀ ਔਰਤਾਂ ਲਈ ਲਾਇਆ ਵਿਸ਼ੇਸ਼ ਜਾਂਚ ਕੈਂਪ
ਜ਼ਿਲ੍ਹੇ ’ਚ ਗਰਭਵਤੀ ਔਰਤਾਂ ਲਈ ਲਗਾਏ ਵਿਸ਼ੇਸ਼ ਜਾਂਚ ਕੈਂਪ
Publish Date: Mon, 09 Mar 2026 06:06 PM (IST)
Updated Date: Mon, 09 Mar 2026 06:09 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਜ਼ਿਲ੍ਹਾ ਸਿਹਤ ਵਿਭਾਗ ਅਧੀਨ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ’ਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਮੁਹਿੰਮ ਤਹਿਤ ਜਾਂਚ ਕੈਂਪ ਲਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਤਮੰਨਾ ਸਿੰਘਲ ਨੇ ਦੱਸਿਆ ਕਿ ਜਾਂਚ ਕੈਂਪਾਂ ਵਿਚ ਮਾਹਰ ਡਾਕਟਰਾਂ ਵੱਲੋਂ ਗਰਭਵਤੀ ਔਰਤਾਂ ਦੀ ਜਾਂਚ ਕੀਤੀ ਗਈ ਅਤੇ ਜੱਚਾ ਤੇ ਬੱਚਾ ਦੀ ਚੰਗੀ ਸਿਹਤ ਲਈ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿਚ ਔਰਤਾਂ ਨੇ ਜਾਂਚ ਕੈਂਪਾਂ ਵਿਚ ਸ਼ਿਰਕਤ ਕੀਤੀ ਅਤੇ ਪੰਜਾਬ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਮੁਫ਼ਤ ਸਿਹਤ ਸਹੂਲਤਾਂ ਦਾ ਭਰਪੂਰ ਲਾਭ ਲਿਆ। ਇਸ ਮੌਕੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ‘ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਮੁਹਿੰਮ’ ਦਾ ਮੁੱਖ ਮੰਤਵ ਮਾਤਰੀ ਮੌਤ ਦਰ ਘਟਾਉਣ ਲਈ ਗਰਭਵਤੀ ਔਰਤਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਜੇਕਰ ਗਰਭਵਤੀ ਔਰਤਾਂ ਖ਼ਾਸ ਕਰ ਕੇ ਹਾਈਰਿਸਕ ਔਰਤਾਂ ਦੀ ਸਮੇਂ-ਸਮੇਂ ’ਤੇ ਉੱਚਿਤ ਸਿਹਤ ਜਾਂਚ ਕੀਤੀ ਜਾਵੇ ਤਾਂ ਮਾਂ ਅਤੇ ਬੱਚੇ ਦੀਆਂ ਸਿਹਤ ਨਾਲ ਸਬੰਧਿਤ ਸਮੱਸਿਆਵਾਂ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਮਾਤਰੀ ਮੌਤ ਦਰ ਘਟਾਉਣ ਲਈ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਮੁਹਿੰਮ ਤਹਿਤ ਗਰਭਵਤੀ ਔਰਤਾਂ ਦੀ ਜਣੇਪੇ ਤੋਂ ਪਹਿਲਾਂ ਚਾਰ ਏਐੱਨਸੀ ਜਾਂਚ ਕਰਵਾਉਣਾ ਬੇਹੱਦ ਜ਼ਰੂਰੀ ਹੈ, ਇਸ ਲਈ ਸਿਹਤ ਵਿਭਾਗ ਇਸ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿਚ ਯਤਨਸ਼ੀਲ ਹੈ। ਸੁਰੱਖਿਅਤ ਜਣੇਪੇ ਲਈ ਗਰਭ ਅਵਸਥਾ ਤੋਂ ਹੀ ਚੌਕਸੀ ਜ਼ਰੂਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਾਰੀਆਂ ਸਰਕਾਰੀ ਸੰਸਥਾਵਾਂ ਵਿਚ ਹਰ ਮਹੀਨੇ ਦੀ 9 ਤਰੀਕ ਅਤੇ 23 ਤਰੀਕ ਨੂੰ ਵਿਸ਼ੇਸ਼ ਤੌਰ ’ਤੇ ਹਾਈਰਿਸਕ ਗਰਭਵਤੀ ਔਰਤਾਂ ਦੇ ਸੁਰੱਖਿਅਤ ਜਣੇਪੇ ਲਈ ਮਾਹਰ ਡਾਕਟਰਾਂ ਵੱਲੋਂ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਲੋੜਵੰਦਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਪਹੁੰਚ ਕੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਅਪੀਲ ਕੀਤੀ।