ਸਮਾਜਿਕ ਕਾਰਕੁੰਨਾਂ ਵੱਲੋਂ ਇਨਸਾਫ਼ ਲਈ ਦੋ ਅਪ੍ਰੈਲ ਨੂੰ ਬੰਦ ਦਾ ਸੱਦਾ
ਸਮਾਜਿਕ ਕਾਰਕੁੰਨਾਂ ਵੱਲੋਂ ਇਨਸਾਫ਼ ਲਈ 2 ਅਪ੍ਰੈਲ ਨੂੰ ਬੰਦ ਦਾ ਸੱਦਾ
Publish Date: Fri, 27 Mar 2026 06:23 PM (IST)
Updated Date: Fri, 27 Mar 2026 06:26 PM (IST)
ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੂਰੇ ਸੂਬੇ ’ਚ ਭ੍ਰਿਸ਼ਟਾਚਾਰ ਦੀ ਰੋਕਥਾਮ ਲਈ ਪੰਜਾਬ ਸਰਕਾਰ ਦਿਨ-ਰਾਤ ਸੁਹਿਰਦ ਯਤਨ ਕਰ ਰਹੀ ਹੈ, ਪਰ ਕੁੱਝ ਸਰਕਾਰੀ ਅਦਾਰੇ ਹੀ ਸਰਕਾਰ ਦੇ ਮੱਥੇ ’ਤੇ ਭ੍ਰਿ਼ਸ਼ਟਾਚਾਰ ਦੇ ਕਲੰਕ ਦੇ ਟਿੱਕੇ ਲਗਾ ਕੇ ਸਰਕਾਰ ਨੂੰ ਅਤੇ ਸਰਕਾਰ ਦੀਆਂ ਨੀਤੀਆਂ ਨੂੰ ਮਿੱਟੀ ਵਿਚ ਮਿਲਾ ਰਹੇ ਹਨ। ਕੁਝ ਇਸ ਤਰ੍ਹਾਂ ਦਾ ਹੀ ਮਾਮਲਾ ਪਿਛਲੇ ਇਕ ਸਾਲ ਤੋਂ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਹੋਇਆ ਹੈ। ਸ਼ਾਇਦ ਭ੍ਰਿਸ਼ਟਾਚਾਰ ਕਰਨ ਵਾਲੇ ਸਰਕਾਰ ਨਾਲੋਂ ਜ਼ਿਆਦਾ ਅਸਰਦਾਰ ਹਨ, ਜਿਨ੍ਹਾਂ ਉਪਰ ਸਰਕਾਰ ਦੀ ਕੋਈ ਏਜੰਸੀ ਜਾਂ ਅਦਾਰਾ ਕਾਰਵਾਈ ਕਰਨ ਵਿਚ ਮੁਨਕਰ ਹੋ ਰਹੇ ਹਨ। ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਚ ਹੋਏ ਨਾਜਾਇਜ਼ ਬਿੱਲਾਂ ਦੇ ਘਪਲੇ ਅਤੇ ਆਪਣੇ ਚਹੇਤਿਆਂ ਦੀ ਗ਼ੈਰ-ਕਾਨੂੰਨੀ ਭਰਤੀਆਂ ਦਾ ਮਾਮਲਾ ਇਕ ਵਾਰ ਫਿਰ ਸੁਰਖੀਆਂ ਵਿਚ ਹੈ, ਪਰੰਤੂ ਇਸ ਵਾਰ ਸਰਕਾਰ ਤੋਂ ਕਾਰਵਾਈ ਦੀ ਮੰਗ ਨੂੰ ਲੈ ਕੇ ਸਮਾਜਿਕ ਕਾਰਕੁੰਨਾਂ ਵੱਲੋਂ ਫਰੀਦਕੋਟ ਸ਼ਹਿਰ ਨੂੰ ਹੀ ਬੰਦ ਦੀ ਕਾਲ ਦਿੱਤੀ ਗਈ ਹੈ।
ਇਥੇ ਮੁਹਾਲੀ ਪ੍ਰੈੱਸ ਕਲੱਬ ਵਿਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਸੰਬੋਧਨ ਕਰਦਿਆਂ ਸਮਾਜ ਸੇਵੀ ਸਿਮਰਨਜੀਤ ਸਿੰਘ ਮਾਨ, ਬਲਵਿੰਦਰ ਸਿੰਘ ਕੁੰਬੜਾ ਐੱਸਸੀ/ਬੀਸੀ ਮਹਾਂਪੰਚਾਇਤ ਪੰਜਾਬ, ਸਾਂਝਾ ਐਕਸ਼ਨ ਫਰੰਟ ਅਤੇ ਐਡਵੋਕੇਟ ਲਲਿਤਾ ਨੇ ਦੱਸਿਆ ਕਿ ਇਕ ਪਾਸੇ ਤਾਂ ਮਰੀਜ਼ਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਦਵਾਈਆਂ ਤੱਕ ਨਹੀਂ ਮਿਲ ਰਹੀਆਂ, ਪਰ ਦੂਜੇ ਪਾਸੇ ਕੁਝ ਅਧਿਕਾਰੀ ਕਥਿਤ ਤੌਰ ’ਤੇ ਆਪਣੀਆਂ ਤਿਜ਼ੋਰੀਆਂ ਨੋਟਾਂ ਨਾਲ ਭਰ ਰਹੇ ਹਨ। ਇਹ ਸਾਰਾ ਮਾਮਲਾ ਬਹੁਤ ਹੀ ਗੰਭੀਰ ਹੈ ਅਤੇ ਆਮ ਲੋਕਾਂ ਦੇ ਸਿਹਤ ਅਧਿਕਾਰਾਂ ਨਾਲ ਸਿੱਧੀ ਧੱਕੇਸ਼ਾਹੀ ਹੈ।
ਉਨ੍ਹਾਂ ਕਿਹਾ ਕਿ ਸਾਂਝਾ ਐਕਸ਼ਨ ਫਰੰਟ ਮੋਰਚੇ ਵੱਲੋਂ ਇਸ ਖ਼ਿਲਾਫ਼ ਅੰਦੋਲਨ ਵਿੱਢਿਆ ਗਿਆ ਹੈ, ਜਿਸਦਾ ਮੁੱਖ ਮਕਸਦ ਪੰਜਾਬ ਸਰਕਾਰ ਨੂੰ ਜਗਾਉਣਾ ਹੈ, ਜੇਕਰ ਆਉਂਦੇ ਕੁਝ ਦਿਨਾਂ ਵਿਚ ਯੂਨੀਵਰਸਿਟੀ ਅਧਿਕਾਰੀਆਂ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਹੁੰਦੀ ਤਾਂ ਫਰੀਦਕੋਟ ਸ਼ਹਿਰ ਵਿਚ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ, ਅਗਲਾ ਅੰਦੋਲਨ 2 ਅਪ੍ਰੈਲ ਨੂੰ ਪੰਜਾਬ ਪੱਧਰ ’ਤੇ ਕੀਤਾ ਜਾਵੇਗਾ।
ਸਮਾਜ ਸੇਵੀ ਸਿਮਰਨਜੀਤ ਸਿੰਘ ਮਾਨ, ਬਲਵਿੰਦਰ ਸਿੰਘ ਕੁੰਬੜਾ ਅਤੇ ਅਵਤਾਰ ਸਿੰਘ ਨਗਲਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬਾਬਾ ਫਰੀਦ ਜੀ ਦੇ ਨਾਮ ’ਤੇ ਚੱਲ ਰਹੀ ਇਸ ਪਵਿੱਤਰ ਸੰਸਥਾ ਨੂੰ ਬਚਾਉਣ ਲਈ ਤੁਰੰਤ ਅਤੇ ਨਿਰਪੱਖ ਕਾਰਵਾਈ ਕੀਤੀ ਜਾਵੇ, ਤਾਂ ਜੋ ਯੂਨੀਵਰਸਿਟੀ ਦੀ ਇੱਜ਼ਤ ਅਤੇ ਲੋਕਾਂ ਦਾ ਭਰੋਸਾ ਮੁੜ ਬਹਾਲ ਕੀਤਾ ਜਾ ਸਕੇ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਚੇਅਰਮੈਨ ਸੀਐੱਲਪੀ ਇੰਡੀਆ ਅਵਤਾਰ ਸਿੰਘ ਨਗਲਾ, ਹਰਨੇਕ ਸਿੰਘ ਮਲੋਆ, ਸਤਪਾਲ ਨਗਲਾ ਆਦਿ ਹਾਜ਼ਰ ਸਨ।