ਮਹਿੰਗਾਈ ਦੀ ਮਾਰ : ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧੇ ਖ਼ਿਲਾਫ਼ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ
ਮੁਹਾਲੀ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮਹਿੰਗਾਈ ਦੇ ਮਾਮਲੇ ’ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਪਿੰਡ ਗੋਬਿੰਦਗੜ੍ਹ ਵਿਚ ਲੋਕ ਮਿਲਣੀ ਦੌਰਾਨ ਉਨ੍ਹਾਂ ਨੇ ਕੇਂਦਰ ਵਿਰੁੱਧ ਰੋਸ ਪ੍ਰਗਟ ਕਰਦਿਆਂ ਨਾਅਰਬੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਚੋਣਾਂ ਦੇ ਦੌਰ ਦੇ ਖ਼ਤਮ ਹੁੰਦਿਆਂ ਹੀ ਆਮ ਜਨਤਾ ’ਤੇ ਮਹਿੰਗਾਈ ਦਾ ਬੋਝ ਮੁੜ ਵਧਣਾ ਸ਼ੁਰੂ ਹੋ ਗਿਆ ਹੈ।
Publish Date: Sat, 02 May 2026 04:42 PM (IST)
Updated Date: Sat, 02 May 2026 04:45 PM (IST)
ਦਰਸ਼ਨ ਸਿੰਘ ਸੋਢੀ/ਪੰਜਾਬੀ ਜਾਗਰਣ ਰਿਪੋਰਟਰ, ਮੁਹਾਲੀ। ਮੁਹਾਲੀ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮਹਿੰਗਾਈ ਦੇ ਮਾਮਲੇ ’ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਪਿੰਡ ਗੋਬਿੰਦਗੜ੍ਹ ਵਿਚ ਲੋਕ ਮਿਲਣੀ ਦੌਰਾਨ ਉਨ੍ਹਾਂ ਨੇ ਕੇਂਦਰ ਵਿਰੁੱਧ ਰੋਸ ਪ੍ਰਗਟ ਕਰਦਿਆਂ ਨਾਅਰਬੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਚੋਣਾਂ ਦੇ ਦੌਰ ਦੇ ਖ਼ਤਮ ਹੁੰਦਿਆਂ ਹੀ ਆਮ ਜਨਤਾ ’ਤੇ ਮਹਿੰਗਾਈ ਦਾ ਬੋਝ ਮੁੜ ਵਧਣਾ ਸ਼ੁਰੂ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਚੋਣਾਂ ਦੌਰਾਨ ਕੀਮਤਾਂ ਨੂੰ ਕਾਬੂ ’ਚ ਰੱਖਣ ਦਾ ਅਕਸ ਬਣਾਇਆ ਪਰ ਹੁਣ ਹਕੀਕਤ ਸਾਹਮਣੇ ਆ ਰਹੀ ਹੈ। ਪਿੰਡ ਗੋਬਿੰਦਗੜ੍ਹ ਵਿਚ ਚੌਧਰੀ ਮੇਘ ਰਾਜ ਦੀ ਅਗਵਾਈ ਹੇਠ ਇਕੱਠੇ ਹੋਏ ਵਿਅਕਤੀਆਂ ਨੇ ਸਮੱਸਿਆਵਾਂ ਦੱਸੀਆਂ।
ਕੁਲਜੀਤ ਬੇਦੀ ਨੇ ਕਿਹਾ ਕਿ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿਚ ਲਗਪਗ 993 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ 5 ਕਿੱਲੋ ਵਾਲੇ ਛੋਟੇ ਸਿਲੰਡਰ ਦੀ ਕੀਮਤ ਵਿਚ ਲਗਪਗ 261 ਰੁਪਏ ਅਤੇ ਹੋਰ ਇੰਧਨ ਦੇ ਰੇਟਾਂ ’ਚ ਵੀ ਵਾਧਾ ਦਰਜ ਕੀਤਾ ਗਿਆ ਹੈ। ਇਹ ਵਾਧਾ ਸਿੱਧੇ ਤੌਰ ’ਤੇ ਆਮ ਆਦਮੀ ਦੀ ਜ਼ਿੰਦਗੀ ’ਤੇ ਅਸਰ ਪਾਏਗਾ ਕਿਉਂਕਿ ਹੋਟਲਾਂ, ਢਾਬਿਆਂ ਅਤੇ ਚਾਹ ਦੇ ਠੇਲਿਆਂ ’ਤੇ ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਣੀਆਂ ਲਾਜ਼ਮੀ ਹਨ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਸਮੇਂ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵੀ ਵਾਧਾ ਹੋ ਸਕਦਾ ਹੈ। ਬੇਦੀ ਨੇ ਕਿਹਾ ਕਿ ਜਿਵੇਂ ਹੀ ਇੰਧਨ ਮਹਿੰਗਾ ਹੁੰਦਾ ਹੈ, ਟਰਾਂਸਪੋਰਟ ਦਾ ਖ਼ਰਚ ਵਧ ਜਾਂਦਾ ਹੈ ਅਤੇ ਇਸਦਾ ਪ੍ਰਭਾਵ ਹਰ ਚੀਜ਼ ’ਤੇ ਪੈਂਦਾ ਹੈ, ਚਾਹੇ ਉਹ ਰਾਸ਼ਨ ਹੋਵੇ ਜਾਂ ਦਿਨ-ਚੜ੍ਹਦੀ ਵਰਤੋਂ ਵਾਲੀਆਂ ਚੀਜ਼ਾਂ। ਇਸ ਨਾਲ ਆਮ ਲੋਕਾਂ ਦੀ ਥਾਲੀ ਹੋਰ ਮਹਿੰਗੀ ਹੋ ਜਾਵੇਗੀ ਅਤੇ ਜਿਉਣਾ ਮੁਸ਼ਕਲ ਬਣੇਗਾ।
ਕੇਂਦਰ ਸਰਕਾਰ ’ਤੇ ਦੋਸ਼ ਲਗਾਉਂਦੇ ਹੋਏ ਬੇਦੀ ਨੇ ਕਿਹਾ ਕਿ ਪਹਿਲਾਂ ਸਰਕਾਰ ਦੇ ਮੰਤਰੀ ਕਹਿੰਦੇ ਰਹੇ ਕਿ ਭਾਰਤ ਵਿਚ ਕੀਮਤਾਂ ਕਾਬੂ ’ਚ ਹਨ ਅਤੇ ਹੋਰ ਦੇਸ਼ਾਂ ਨਾਲ ਤੁਲਨਾ ਕਰਕੇ ਹਾਲਤ ਬਿਹਤਰ ਹੈ। ਪਰ ਹੁਣ ਉਹੀ ਮੰਤਰੀ ਵਿਸ਼ਵ ਪੱਧਰ ‘ਤੇ ਕੀਮਤਾਂ ਵਧਣ ਦਾ ਹਵਾਲਾ ਦੇ ਕੇ ਵਾਧੇ ਨੂੰ ਜਾਇਜ਼ ਠਹਿਰਾ ਰਹੇ ਹਨ। ਉਨ੍ਹਾਂ ਨੇ ਇਸ ਨੂੰ ਲੋਕਾਂ ਨਾਲ ਧੋਖਾ ਕਰਾਰ ਦਿੱਤਾ।