ਦਸਤਾਵੇਜ਼ੀ ਫਿਲਮ ਨਿਰਮਾਣ ਵਰਕਸ਼ਾਪ ਦਾ ਆਯੋਜਨ
ਸਰਵਿੰਗ ਅਰਥ ਸੁਸਾਇਟੀ ਵੱਲੋਂ ਦਸਤਾਵੇਜ਼ੀ ਫਿਲਮ ਨਿਰਮਾਣ ਵਰਕਸ਼ਾਪ ਦਾ ਆਯੋਜਨ
Publish Date: Tue, 05 May 2026 06:33 PM (IST)
Updated Date: Wed, 06 May 2026 04:11 AM (IST)

ਮਹਿਰਾ/ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਰੜ : ਸਰਵਿੰਗ ਅਰਥ ਸੁਸਾਇਟੀ (ਰਜਿ.) ਵੱਲੋਂ ਮੈਕਸੀਮਮ ਮੈਰੀ ਸਕੂਲ ਵਿਖੇ ਇਕ ਦਸਤਾਵੇਜ਼ੀ ਫਿਲਮ ਨਿਰਮਾਣ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ, ਮੈਕਸੀਮਮ ਮੈਰੀ ਸਕੂਲ ਦੇ ਡਰੈਕਟਰ ਪਾਰਥਸਾਰਥੀ ਕੌਸ਼ਿਕ ਨੇ ਦੱਸਿਆ ਕਿ ਸਰਵਿੰਗ ਅਰਥ ਸੁਸਾਇਟੀ ਦੇ ਮੈਂਬਰ ਸਕੂਲ ਵਿਖੇ ਡਾਕੂਮੈਂਟਰੀ ਫਿਲਮ ਕਿਵੇਂ ਬਣਾਈਏ ਵਿਸ਼ੇ ਤੇ ਇਕ ਵਰਕਸ਼ਾਪ ਦਾ ਸਫ਼ਲਤਾਪੂਰਵਕ ਆਯੋਜਨ ਕਰ ਰਹੇ ਹਨ। ਵਰਕਸ਼ਾਪ ਦਾ ਮੁੱਖ ਉਦੇਸ਼ ਸਕੂਲੀ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਦਸਤਾਵੇਜ਼ੀ ਫਿਲਮ ਨਿਰਮਾਣ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਫਿਲਮਾਂ ਰਾਹੀਂ ਸਮਾਜਿਕ ਮੁੱਦਿਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕਰਨਾ ਹੈ। ਵਰਕਸ਼ਾਪ ਦਾ ਉਦਘਾਟਨ ਸਕੂਲ ਦੀ ਪ੍ਰਿੰਸੀਪਲ ਪੂਜਾ ਘੋਸਲਾ ਨੇ ਕੀਤਾ। ਸਰਵਿੰਗ ਅਰਥ ਸੁਸਾਇਟੀ ਦੇ ਪ੍ਰਧਾਨ ਰਾਜੇਸ਼ ਕੌਸ਼ਿਕ ਨੇ ਦੱਸਿਆ ਕਿ ਦਸਤਾਵੇਜ਼ੀ ਫਿਲਮ ਸਮਾਜ ਦਾ ਆਈਨਾ ਹੁੰਦੀ ਹੈ। ਇਨ੍ਹਾਂ ਰਾਹੀਂ ਵਾਤਾਵਰਨ, ਸਿੱਖਿਆ ਅਤੇ ਸਵੱਛਤਾ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਜਨਤਾ ਤੱਕ ਪਹੁੰਚਾਇਆ ਜਾ ਸਕਦਾ ਹੈ। ਵਰਕਸ਼ਾਪ ਦੌਰਾਨ, ਵਿਦਿਆਰਥੀਆਂ ਨੂੰ ਸਕ੍ਰਿਪਟ ਰਾਈਟਿੰਗ, ਵੌਇਸਓਵਰ ਅਤੇ ਹੋਰ ਬਹੁਤ ਪਹਿਲੂਆਂ ਬਾਰੇ ਸਿਖਾਇਆ ਗਿਆ। ਪ੍ਰੋਗਰਾਮ ਦੇ ਅੰਤ ਵਿਚ ਵਿਦਿਆਰਥੀਆਂ ਵੱਲੋਂ ਲਿਖੇ ਦਸਤਾਵੇਜ਼ੀ ਫਿਲਮ ਦੇ ਟਾਈਟਲ ਅਤੇ ਵਿਸ਼ੇ ਪੇਸ਼ ਕੀਤੇ ਗਏ। ਸਕੂਲ ਪ੍ਰਬੰਧਨ ਨੇ ਕਮੇਟੀ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਅਜਿਹੇ ਰਚਨਾਤਮਕ ਪ੍ਰੋਗਰਾਮਾਂ ਦਾ ਆਯੋਜਨ ਕਰਨ ਦੀ ਇੱਛਾ ਪ੍ਰਗਟ ਕੀਤੀ। ਇਸ ਮੌਕੇ ਸੰਸਥਾ ਦੇ ਸੀਨੀਅਰ ਮੈਂਬਰ ਗੁਰਮੁਖ ਸਿੰਘ ਮਾਨ, ਨਿਰਭੈ ਸ਼ਰਮਾ, ਕਨਿਸ਼ਕਾ ਕੌਸ਼ਿਕ ਅਤੇ ਸਕੂਲ ਸਟਾਫ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਮੌਜੂਦ ਸਨ।