ਸਕੂਲ ਪ੍ਰਬੰਧਕਾਂ ਵੱਲੋਂ ਵਰਦੀਧਾਰੀ ਮਹਿਲਾ ਇੰਸਪੈਕਟਰ ਨਾਲ ਬਦਸਲੂਕੀ ਦਾ ਦੋਸ਼, ਮਾਪਿਆਂ ਨੇ ਕੀਤਾ ਹੰਗਾਮਾ
ਸਕੂਲ ਪ੍ਰਬੰਧਕਾਂ ਵੱਲੋਂ ਵਰਦੀਧਾਰੀ ਮਹਿਲਾ ਇੰਸਪੈਕਟਰ ਨਾਲ ਬਦਸਲੂਕੀ ਦਾ ਦੋਸ਼
Publish Date: Mon, 06 Apr 2026 10:32 PM (IST)
Updated Date: Mon, 06 Apr 2026 10:35 PM (IST)

ਸ਼੍ਰੀ ਗਣੇਸ਼, ਪੰਜਾਬੀ ਜਾਗਰਣ, ਕੁਰਾਲੀ : ਸੀਸਵਾਂ ਰੋਡ ’ਤੇ ਸਥਿਤ ਨਾਮੀ ਪ੍ਰਾਈਵੇਟ ਸਕੂਲ ਬਰੁੱਕਫੀਲਡ ਇਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿਚ ਹੈ। ਬੱਚੇ ਦਾ ਸੈਕਸ਼ਨ ਬਦਲਵਾਉਣ ਦੀ ਬੇਨਤੀ ਲੈ ਕੇ ਪੁੱਜੀ ਪੰਜਾਬ ਪੁਲਿਸ ਦੀ ਇਕ ਮਹਿਲਾ ਇੰਸਪੈਕਟਰ ਨਾਲ ਸਕੂਲ ਪ੍ਰਿੰਸੀਪਲ ਵੱਲੋਂ ਕਥਿਤ ਤੌਰ ਤੇ ਦੁਰਵਿਵਹਾਰ ਕਰਨ ਅਤੇ ਧੱਕੇ ਮਾਰ ਕੇ ਕਮਰੇ ਵਿਚੋਂ ਬਾਹਰ ਕੱਢਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਗੁੱਸੇ ਵਿਚ ਆਏ ਮਾਪਿਆਂ ਨੇ ਸਕੂਲ ਅੱਗੇ ਜੰਮ ਕੇ ਹੰਗਾਮਾ ਕੀਤਾ ਅਤੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ। ਪੀੜਤ ਮਹਿਲਾ ਅਧਿਕਾਰੀ ਜਸਵੀਰ ਕੌਰ ਨੇ ਦੱਸਿਆ ਕਿ ਉਹ ਆਪਣੇ ਬੱਚੇ ਦਾ ਸੈਕਸ਼ਨ ਬਦਲਵਾਉਣ ਲਈ ਕਈ ਦਿਨਾਂ ਤੋਂ ਸਕੂਲ ਦੇ ਚੱਕਰ ਲਗਾ ਰਹੇ ਸਨ। ਅੱਜ ਜਦੋਂ ਉਹ ਖ਼ੁਦ ਵਰਦੀ ਵਿਚ ਸਕੂਲ ਪੁੱਜੀ ਤਾਂ ਪਹਿਲਾਂ ਉਨ੍ਹਾਂ ਨੂੰ ਅੱਧਾ ਘੰਟਾ ਇੰਤਜ਼ਾਰ ਕਰਵਾਇਆ ਗਿਆ। ਜਦੋਂ ਉਹ ਪ੍ਰਿੰਸੀਪਲ ਬੰਦਨਾ ਬਾਂਸਲ ਨੂੰ ਮਿਲੇ, ਤਾਂ ਪ੍ਰਿੰਸੀਪਲ ਨੇ ਨਾ ਸਿਰਫ਼ ਉਨ੍ਹਾਂ ਨਾਲ ਬਦਸਲੂਕੀ ਕੀਤੀ, ਸਗੋਂ ਕਥਿਤ ਤੌਰ ਤੇ ਧੱਕੇ ਮਾਰ ਕੇ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕੀਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ਵਿਚ ਮਾਪੇ ਅਤੇ ਸਿਆਸੀ ਆਗੂ, ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਰਮੇਸ਼ ਸਿੰਘ ਬੜੌਦੀ ਅਤੇ ਬੈਨੀਪਾਲ ਗਰੁੱਪ ਦੇ ਦਲਵਿੰਦਰ ਸਿੰਘ ਬੈਨੀਪਾਲ ਸ਼ਾਮਲ ਸਨ, ਮੌਕੇ ਤੇ ਪਹੁੰਚ ਗਏ। ਮਾਪਿਆਂ ਨੇ ਦੋਸ਼ ਲਾਇਆ ਕਿ ਸਕੂਲ ਪ੍ਰਬੰਧਕ ਮੋਟੀਆਂ ਫੀਸਾਂ ਲੈਣ ਦੇ ਬਾਵਜੂਦ ਮਾਪਿਆਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹਨ। ਇਸ ਤੋਂ ਇਲਾਵਾ, ਕਿਤਾਬਾਂ ਅਤੇ ਵਰਦੀਆਂ ਖ਼ਾਸ ਦੁਕਾਨਾਂ ਤੋਂ ਹੀ ਖ਼ਰੀਦਣ ਲਈ ਮਜ਼ਬੂਰ ਕਰਨ ਅਤੇ ਵੈੱਬਸਾਈਟ ਤੇ ਗ਼ਲਤ ਜਾਣਕਾਰੀ ਦੇਣ ਦੇ ਦੋਸ਼ ਵੀ ਲਗਾਏ ਗਏ। ਹੰਗਾਮਾ ਵਧਦਾ ਦੇਖ ਕੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਸਕੂਲ ਦੀ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਪ੍ਰਿੰਸੀਪਲ ਬੰਦਨਾ ਬਾਂਸਲ ਨੇ ਧੱਕੇ ਮਾਰਨ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਸਕੂਲ ਕੋਆਰਡੀਨੇਟਰ ਨੇ ਇਕ ਦੁਕਾਨ ਤੋਂ ਕਿਤਾਬਾਂ ਮਿਲਣ ਤੋਂ ਮੁਨਕਰ ਹੁੰਦਿਆਂ ਕਿਹਾ ਕਿ ਮਾਪੇ ਲਿਸਟ ਵਿਚ ਦਰਜ ਪੁਸਤਕਾਂ ਕਿਸੇ ਵੀ ਦੁਕਾਨ ਤੋਂ ਲੈ ਸਕਦੇ ਹਨ।