ਸੱਥ ਵੱਲੋਂ ਗੁਰਪ੍ਰੀਤ ਕੌਰ ਸੈਣੀ ਦਾ ਰੂ-ਬ-ਰੂ ਪ੍ਰੋਗਰਾਮ ਤੇ ਕਵੀ ਦਰਬਾਰ ਕਰਵਾਇਆ
ਸੱਥ ਵੱਲੋਂ ਗੁਰਪ੍ਰੀਤ ਕੌਰ ਸੈਣੀ ਦਾ ਰੂ-ਬ-ਰੂ ਪ੍ਰੋਗਰਾਮ ਤੇ ਕਵੀ ਦਰਬਾਰ ਕਰਵਾਇਆ
Publish Date: Sun, 18 May 2025 06:03 PM (IST)
Updated Date: Sun, 18 May 2025 06:03 PM (IST)

ਮਹਿਰਾ, ਪੰਜਾਬੀ ਜਾਗਰਣ, ਖਰੜ : ਸਾਹਿਤਕ ਸੱਥ ਖਰੜ ਵੱਲੋਂ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬੀ ਦੀ ਨਾਮਵਰ ਬਹੁ-ਵਿਧਾਵੀ ਲੇਖਿਕਾ ਗੁਰਪ੍ਰੀਤ ਕੌਰ ਪ੍ਰੀਤ ਸੈਣੀ (ਹਿਸਾਰ ) ਨਾਲ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਪ੍ਰਧਾਨਗੀ ਮੰਡਲ ’ਚ ਬਲਵੀਰ ਸਿੰਘ ਸੈਣੀ, ਗੁਰਪ੍ਰੀਤ ਕੌਰ ਪ੍ਰੀਤ ਸੈਣੀ, ਪ੍ਰਿੰ : ਬਹਾਦਰ ਸਿੰਘ ਗੋਸਲ, ਥੰਮਣ ਸਿੰਘ ਸੈਣੀ ਅਤੇ ਜਸਵਿੰਦਰ ਸਿੰਘ ਕਾਈਨੌਰ ਸੁਸ਼ੋਭਿਤ ਹੋਏ। ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਵੱਲੋਂ ਸੱਭ ਨੂੰ ਜੀ ਆਇਆਂ ਕਿਹਾ ਗਿਆ। ਜਗਤਾਰ ਸਿੰਘ ਜੋਗ ਨੇ ਗੁਰਪ੍ਰੀਤ ਕੌਰ ਪ੍ਰੀਤ ਸੈਣੀ ਦੀਆਂ ਦੋ ਕਾਵਿ ਰਚਨਾਵਾਂ ਤਰੱਨੁਮ ਵਿੱਚ ਗਾ ਕੇ ਪੇਸ਼ ਕੀਤੀਆਂ। ਪੰਜਾਬੀ ਦੇ ਨਾਮਵਰ ਗ਼ਜ਼ਲਗੋ ਅਤੇ ‘ਸੂਲ ਸੁਰਾਹੀ’ ਦੇ ਸੰਪਾਦਕ ਬਲਬੀਰ ਸਿੰਘ ਸੈਣੀ (ਨੰਗਲ) ਵੱਲੋਂ ਗੁਰਪ੍ਰੀਤ ਕੌਰ ਦੀ ਬਹੁ-ਪੱਖੀ ਸਖ਼ਸ਼ੀਅਤ ਅਤੇ ਵਿੱਦਿਅਕ, ਸਾਹਿਤਕ ਪ੍ਰਾਪਤੀਆਂ ਬਾਰੇ ਉਨ੍ਹਾਂ ਦੇ ਸ਼ੇਅਰਾਂ ਦੇ ਹਵਾਲਿਆਂ ਨਾਲ ਵਿਸਥਾਰਤ ਪੇਪਰ ਪੜ੍ਹਿਆ ਗਿਆ। ਗੁਰਪ੍ਰੀਤ ਕੌਰ ਪ੍ਰੀਤ ਸੈਣੀ ਨੇ ਆਪਣੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਆਲੇ-ਦੁਆਲੇ ਕੋਈ ਪੰਜਾਬੀ ਸਾਹਿਤਕ ਮਾਹੌਲ ਨਾ ਹੋਣ ਦੇ ਬਾਵਜੂਦ ਕਿਵੇਂ ਨਿਰੰਤਰ ਸਾਹਿਤ ਸਿਰਜਣਾ ਦੇ ਕਾਰਜ ਨੂੰ ਕਰਦਿਆਂ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿੱਚ ਜੁੱਟੇ ਹੋਏ ਹਨ ਅਤੇ ਆਪਣੀਆਂ ਗ਼ਜ਼ਲਾਂ ਤੇ ਕੁਝ ਸ਼ੇਅਰ ਅਤੇ ਇਕ ਗੀਤ ਤਰੱਨੁਮ ਵਿੱਚ ਬੋਲ ਕੇ ਸੁਣਾਇਆ। ਅੱਜ ਭਰਵੇਂ ਇਕੱਠ ਵਿੱਚ ਲੇਖਕਾਂ ਦੇ ਰੂ-ਬ-ਰੂ ਕਰਨ ’ਤੇ ਉਨ੍ਹਾਂ ਨੇ ਸੱਥ ਦਾ ਧੰਨਵਾਦ ਕੀਤਾ। ਉਪਰੰਤ ਚੱਲੇ ਕਵੀ ਦਰਬਾਰ ਵਿੱਚ ਤਰਸੇਮ ਸਿੰਘ ਕਾਲੇਵਾਲ, ਮੰਦਰ ਗਿੱਲ ਸਾਹਿਬਚੰਦੀਆ, ਖੁਸ਼ੀ ਰਾਮ ਨਿਮਾਣਾ, ਧਿਆਨ ਸਿੰਘ ਕਾਹਲੋਂ, ਗੁਰਮੀਤ ਸਿੰਗਲ, ਰਾਜਵਿੰਦਰ ਸਿੰਘ ਗੱਡੂ, ਸੁਰਿੰਦਰ ਕੌਰ ਬਾੜਾ, ਦਲਬੀਰ ਸਿੰਘ ਸਰੋਆ, ਇੰਦਰਜੀਤ ਕੌਰ ਵਡਾਲਾ, ਨਰਿੰਦਰ ਕੌਰ ਲੌਂਗੀਆ, ਸੁਖਦੀਪ ਸਿੰਘ, ਜਸਮਿੰਦਰ ਸਿੰਘ ਰਾਓ, ਰਤਨ ਸਿੰਘ ਬਾਬਕਵਾਲਾ, ਹਿੱਤ ਅਭਿਲਾਸ਼ੀ ਹਿੱਤ, ਅੰਮ੍ਰਿਤ ਕੌਰ, ਫੈਸਲ ਖਾਨ, ਨਵਨੀਤ ਕੁਮਾਰ, ਦਵਿੰਦਰ, ਥੰਮਣ ਸਿੰਘ ਸੈਣੀ, ਬਹਾਦਰ ਸਿੰਘ ਗੋਸਲ, ਜਸਵਿੰਦਰ ਸਿੰਘ ਕਾਈਨੌਰ, ਪਿਆਰਾ ਸਿੰਘ ਰਾਹੀ ਅਤੇ ਗੁਰਸ਼ਰਨ ਸਿੰਘ ਕਾਕਾ ਆਦਿ ਨੇ ਆਪੋ-ਆਪਣੀਆਂ ਕਾਵਿ- ਰਚਨਾਵਾਂ ਪੇਸ਼ ਕੀਤੀਆਂ। ਉਪਰੋਕਤ ਤੋਂ ਇਲਾਵਾ ਸੁਰਜੀਤ ਸੁਮਨ, ਸ਼ਿਸ਼ੂ ਪਾਲ ਸੈਣੀ, ਨਰਿੰਦਰ ਸਿੰਘ, ਇੰਜੀ.ਗਿਆਨ ਚੰਦ ਆਦਿ ਨੇ ਵੀ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਡਾ. ਜਲੌਰ ਸਿੰਘ ਖੀਵਾ ਨੇ ਮਾਨਵੀ ਰਿਸ਼ਤਿਆਂ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਆਖ਼ਿਰ ਵਿੱਚ ਬਲਬੀਰ ਸਿੰਘ ਸੈਣੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸੱਥ ਵੱਲੋਂ ਕੀਤੇ ਜਾ ਰਹੇ ਕੰਮਾਂ ਅਤੇ ਸਾਰੇ ਸਮਾਗਮ ਦੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਆਪਣੀਆਂ ਗ਼ਜ਼ਲਾਂ ਦੇ ਕੁਝ ਸ਼ੇਅਰ ਸੁਣਾ ਕੇ ਪ੍ਰੋਗਰਾਮ ਦਾ ਅੰਤ ਕੀਤਾ। ਸੱਥ ਵੱਲੋਂ ਗੁਰਪ੍ਰੀਤ ਕੌਰ ਸੈਣੀ ਅਤੇ ਬਲਬੀਰ ਸਿੰਘ ਸੈਣੀ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਮੰਚ ਸੰਚਾਲਨ ਪਿਆਰਾ ਸਿੰਘ ਰਾਹੀ ਵੱਲੋਂ ਵਧੀਆ ਢੰਗ ਨਾਲ ਕੀਤਾ ਗਿਆ। ਇਸ ਤਰ੍ਹਾਂ ਇਹ ਪ੍ਰੋਗਰਾਮ ਆਪਣੀਆਂ ਯਾਦਗਾਰੀ ਪੈੜਾਂ ਛੱਡਦਾ ਸੰਪੰਨ ਹੋਇਆ।