ਸਫਾਈ ਸੇਵਕਾਂ ਦੀ ਪੰਜਾਬ ਭਰ 'ਚ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ, 140 ਥਾਵਾਂ ਤੇ ਸਫ਼ਾਈ ਕੰਮਾਂ ਦਾ ਮੁਕੰਮਲ ਬਾਈਕਾਟ
ਅੱਜ ਮਿਊਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਤੇ ਸਫ਼ਾਈ ਸੇਵਕ ਯੂਨੀਅਨ ਦੇ ਸੱਦੇ 'ਤੇ ਪੰਜਾਬ ਭਰ ਦੇ ਸਫ਼ਾਈ ਕਰਮਚਾਰੀ ਕੰਮ ਛੱਡ ਕੇ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚਲੇ ਗਏ ਹਨ।
Publish Date: Wed, 06 May 2026 06:55 PM (IST)
Updated Date: Wed, 06 May 2026 07:00 PM (IST)
ਚੰਡੀਗੜ੍ਹ : ਅੱਜ ਮਿਊਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਤੇ ਸਫ਼ਾਈ ਸੇਵਕ ਯੂਨੀਅਨ ਦੇ ਸੱਦੇ 'ਤੇ ਪੰਜਾਬ ਭਰ ਦੇ ਸਫ਼ਾਈ ਕਰਮਚਾਰੀ ਕੰਮ ਛੱਡ ਕੇ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚਲੇ ਗਏ ਹਨ।
ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਸਫਾਈ ਸੇਵਕ ਯੂਨੀਅਨ ਦੇ ਸੂਬਾ ਪ੍ਰਧਾਨ ਅਸ਼ੋਕ ਸਾਰਵਾਨ ਜਥੇਬੰਦਕ ਸਕੱਤਰ ਕੁਲਦੀਪ ਕਾਗੜਾ ਨੇ ਦੱਸਿਆ ਕੇ ਅੱਜ ਪੰਜਾਬ ਭਰ ਦੇ ਨਿਗਮਾਂ,ਨਗਰ ਕੌਸਲਾਂ ਤੇ ਨਗਰ ਪੰਚਾਇਤਾਂ ਦੇ ਅਧੀਨ 140 ਤੋਂ ਵੱਧ ਸਟੇਸ਼ਨਾਂ 'ਤੇ ਸਫ਼ਾਈ ਸੇਵਕਾਂ ਨੇ ਮੁਕੰਮਲ ਹੜਤਾਲ ਕਰ ਦਿੱਤੀ ਹੈ ਜੋ ਮੰਗਾਂ ਦੀ ਪੂਰਤੀ ਤਕ ਜਾਰੀ ਰਹੇਗੀ।
ਆਗੂਆਂ ਕਿਹਾ ਕਿ ਇਹ ਹੜਤਾਲ ਸਾਡਾ ਕੋਈ ਸ਼ੌਕ ਨਹੀਂ ਮਜਬੂਰੀ ਹੈ! ਕਿਉਂਕਿ ਪੰਜਾਬ ਦਾ 90% ਮੁਲਾਜ਼ਮ ਕੱਚਾ ਹੈ ਤੇ ਮਾਤਰ 10 ਹਜ਼ਾਰ ਨਿਗੂਣੀ ਤਨਖਾਹ 'ਤੇ ਕੰਮ ਕਰ ਰਿਹਾ ਹੈ। ਮਹਿੰਗਾਈ ਕਰ ਕੇ ਘਰਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ। ਅੱਜ ਤੋਂ ਲਗਪਗ ਸਾਢੇ 4 ਸਾਲ ਪਹਿਲਾਂ ਸੱਤਾ ਵਿਚ ਆਉਣ ਵਾਲੀ ਮਾਨ ਸਰਕਾਰ ਇਹਨਾਂ ਹੀ ਸਫ਼ਾਈ ਸੇਵਕਾਂ ਦਾ ਝਾੜੂ ਵਾਲਾ ਨਿਸ਼ਾਨ ਲੈ ਕੇ ਵੋਟਾਂ ਮੰਗ ਕੇ ਸੱਤਾ ਵਿਚ ਆਈ ਸੀ। ਉਸ ਵੇਲੇ ਮਾਨਯੋਗ ਮੁੱਖ ਮੰਤਰੀ ਵੱਲੋਂ ਕਿਹਾ ਸੀ ਕਿ ਸਾਡੀ ਸਰਕਾਰ ਵਿਚ ਕਿਸੇ ਨੂੰ ਵੀ ਧਰਨੇ, ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਪਵੇਗੀ,ਪਰ ਹੋਇਆ ਇਸ ਦੇ ਉਲਟ।
ਆਗੂਆਂ ਕਿਹਾ ਕੇ ਸਫ਼ਾਈ ਕਾਮੇ ਬਿਨਾਂ ਸ਼ਰਤ ਪੱਕੇ ਕੀਤੇ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਤਨਖਾਹਾਂ ਸਮੇਂ ਸਿਰ ਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਦਿੱਤੀਆਂ ਜਾਣ, ਘਟੋਂ ਘੱਟ ਉਜ਼ਰਤ 40000 ਪ੍ਰਤੀ ਮਹੀਨਾ ਕੀਤੀ ਜਾਵੇ, ਕੱਚੇ ਮੁਲਾਜ਼ਮ ਦੀ ਮੌਤ ਹੋਣ ਤੇ ਉਸਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ। ਉਹਨਾਂ ਕਿਹਾ ਕੇ ਪੰਜਾਬ ਸਰਕਾਰ ਲੰਬੇ ਸਮੇ ਤੋਂ ਲਾਰੇ ਲਾ ਰਹੀ ਹੈ। ਮੀਟਿੰਗ ਦੇਕੇ ਮੁਕਰ ਜਾਂਦੀ। ਇਸ ਲਈ ਹੁਣ ਆਰ ਪਾਰ ਦੇ ਸੰਘਰਸ਼ ਦੀ ਅਸੀਂ ਤਿਆਰੀ ਕਰ ਲਈ ਹੈ।
ਪੰਜਾਬ ਭਰ ਦੀ ਹੜਤਾਲ ਨੂੰ ਫਤਿਹ ਚੰਦ ਫਾਜ਼ਿਲਕਾ, ਸੋਮਨਾਥ ਚੌਬੜ,ਪ੍ਰਦੀਪ ਮਲੋਟ, ਵਿਨੋਦ ਮਾਲੀ ਬਠਿੰਡਾ, ਸੁਨੀਲ ਪਟਿਆਲਾ, ਗੁਲਸ਼ਣ ਬਰਨਾਲਾ, ਭਰਤ ਬੇਦੀ ਸੰਗਰੂਰ, ਮਨੀਸ਼ ਗਿੱਲ ਗੁਰਦਾਸਪੁਰ, ਮਾਤਾ ਦੀਨ ਬਾਘਾ ਪੁਰਾਣਾ, ਸੁਨੀਲ ਪ੍ਰਧਾਨ ਫਿਰੋਜ਼ਪੁਰ, ਅਰੁਣ ਗਿੱਲ ਜਗਰਾਉਂ,ਦੀਪਾ ਪ੍ਰਧਾਨ ਮੁਕਤਸਰ ਆਦਿ ਆਗੂਆਂ ਨੇ ਸੰਬੋਧਨ ਕੀਤਾ। ਆਗੂਆਂ ਕਿਹਾ ਜੇਕਰ ਉਹਨਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਪੰਜਾਬ ਸਰਕਾਰ ਸਿਆਸੀ ਨੁਕਸਾਨ ਝੱਲਣ ਲਈ ਤਿਆਰ ਰਹੇ।