ਰੂਰਲ ਹੈਲਥ ਫਾਰਮੇਸੀ ਅਫ਼ਸਰਾਂ ਤੇ ਦਰਜਾ ਚਾਰ ਮੁਲਾਜ਼ਮਾਂ ਨੇ ਵਿਕਾਸ ਭਵਨ ਦਾ ਕੀਤਾ ਘਿਰਾਓ

- 2 ਦੀ ਪੰਚਾਇਤ ਮੰਤਰੀ ਨਾਲ ਮਿਲੀ ਪੈਨਲ ਬੈਠਕ, ਮੰਗਾਂ ਦਾ ਹੱਲ ਨਾ ਹੋਣ ’ਤੇ ਲਾਇਆ ਜਾਵੇਗਾ ਪੱਕਾ ਧਰਨਾ
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ
ਐੱਸਏਐੱਸ ਨਗਰ : ਸੋਮਵਾਰ ਨੂੰ ਰੂਰਲ ਹੈਲਥ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਪੰਜਾਬ ਵੱਲੋਂ ਵਿਕਾਸ ਭਵਨ ਮੁਹਾਲੀ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਪੰਜਾਬ ਭਰ ਤੋਂ ਪੇਂਡੂ ਡਿਸਪੈਂਸਰੀਆਂ ਵਿਚ ਕੰਮ ਕਰਦੇ ਫਾਰਮੇਸੀ ਅਫ਼ਸਰ ਅਤੇ ਦਰਜਾ ਚਾਰ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਸ਼ਾਸਨ ਨੇ ਯੂਨੀਅਨ ਦੇ ਭਾਰੀ ਰੋਸ ਨੂੰ ਦੇਖ ਦੇਖਦਿਆਂ ਨੁਮਾਇੰਦਿਆਂ ਦੀ ਗੱਲ ਉੱਚ ਅਧਿਕਾਰੀਆਂ ਨਾਲ ਕਰਵਾਈ ਅਤੇ ਇਨ੍ਹਾਂ ਦੀਆਂ ਮੰਗਾ ਨੂੰ ਉਨ੍ਹਾਂ ਤੱਕ ਪਹੁੰਚਾਇਆ। ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਲਈ ਵਿਭਾਗ ਦੇ ਮੰਤਰੀ ਨਾਲ ਸੰਪਰਕ ਕਰ ਕੇ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿਚ ਪੈਨਲ ਬੈਠਕ 2 ਅਪ੍ਰੈਲ ਨੂੰ ਕਰਨ ਦਾ ਪੱਤਰ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਗਿਆ। ਜਿਸ ’ਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਕਮਲਜੀਤ ਸਿੰਘ ਚੌਹਾਨ ਵੱਲੋਂ ਕਿਹਾ ਗਿਆ ਕਿ ਜੇਕਰ ਸਰਕਾਰ ਨੇ ਉਪਰੋਕਤ ਬੈਠਕ ਵਿਚ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ 2 ਅਪ੍ਰੈਲ ਤੋਂ ਪੱਕਾ ਧਰਨਾ ਵਿਕਾਸ ਭਵਨ ਸਾਹਮਣੇ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਨਵੀਆਂ ਖੁੱਲ ਰਹੀਆਂ ਆਮ ਆਦਮੀ ਕਲੀਨਿਕਾਂ ਵਿਚ ਆਨਲਾਈਨ ਕੰਮ ਨਹੀਂ ਕੀਤਾ ਜਾਵੇਗਾ। ਜਥੇਬੰਦੀ ਦੇ ਸੂਬਾ ਪ੍ਰਧਾਨ ਕਮਲਜੀਤ ਸਿੰਘ ਚੌਹਾਨ ਤੇ ਦਰਜਾ ਚਾਰ ਆਗੂ ਨਵਤੇਜ ਸਿੰਘ ਨੇ ਦੱਸਿਆ ਕਿ ਸਾਡੀ ਮੁੱਖ ਮੰਗ ਹੈ ਕਿ ਸਰਕਾਰ ਸਾਨੂੰ ਪੂਰੀ ਤਨਖ਼ਾਹ ਦੇ ਕੇ ਰੈਗੂਲਰ ਕਰੇ ਅਤੇ ਜੇਕਰ ਸਮਾਂ ਲੱਗਦਾ ਹੈ ਤਾਂ ਹਾਈ ਕੋਰਟ ਦੇ ਹੁਕਮਾਂ ਮੁਤਾਬਿਕ ਬੇਸਿਕ ਪੇ ਡੀਏ ਸਮੇਤ ਲਾਗੂ ਕਰੇ। ਸਰਕਾਰ ਉਨ੍ਹਾਂ ਦਾ ਈਪੀਐੱਫ਼ ਕੱਟੇ ਅਤੇ ਈਪੀਐੱਫ਼ ਦਾ ਪਿਛਲਾ ਬਕਾਇਆ ਵੀ ਜਾਰੀ ਕਰੇ।
ਜ਼ਿਕਰਯੋਗ ਹੈ ਕਿ ਇਹ ਮੁਲਾਜ਼ਮ ਪੰਜਾਬ ਦੇ ਪਿੰਡਾਂ ਦੀਆਂ ਡਿਸਪੈਂਸਰੀਆਂ ਵਿਚ ਪਿਛਲੇ ਲਗਭਗ ਵੀਹ ਸਾਲ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਹਨ। ਪੰਜਾਬ ਸਰਕਾਰ ਪਿਛਲੇ ਸਾਲਾ ਤੋਂ ਇਨ੍ਹਾਂ ਨੂੰ ਪੱਕੇ ਕਰਨ ਦੇ ਲਾਰੇ ਲਾ ਰਹੀ ਹੈ ਪਰ ਅਮਲੀ ਤੌਰ ’ਤੇ ਉਹ ਮੁਲਾਜ਼ਮਾਂ ਦਾ ਕੁੱਝ ਵੀ ਸਵਾਰ ਨਹੀਂ ਰਹੀ। ਇੱਥੋਂ ਤੱਕ ਕੇ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਇਹ ਸਰਕਾਰ ਲਾਗੂ ਨਹੀਂ ਕਰ ਰਹੀ, ਜਿਸ ਕਾਰਨ ਇਨ੍ਹਾਂ ਮੁਲਾਜ਼ਮਾਂ ਵਿਚ ਸਰਕਾਰ ਪ੍ਰਤੀ ਰੋਹ ਵੱਧ ਗਿਆ ਹੈ। ਹੁਣ ਇਹ ਮੁਲਾਜ਼ਮ ਸਰਕਾਰ ਦਾ ਹਰ ਫਰੰਟ ’ਤੇ ਵਿਰੋਧ ਕਰਨ ਨੂੰ ਮਜ਼ਬੂਰ ਹੋ ਗਏ ਹਨ। ਇਸ ਮੌਕੇ ਜੋਤ ਰਾਮ ਮਦਨੀਪੁਰ ਚੇਅਰਮੈਨ, ਗੁਰਵਿੰਦਰ ਸਿੰਘ ਨੀਰ, ਹਰਿੰਦਰ ਸਿੰਘ ਧੂੰਦਾ, ਸਵਰਤ ਸ਼ਰਮਾ, ਰੀਨਾ ਰਾਏ, ਵਰਿੰਦਰ ਮੁਹਾਲੀ, ਸੁਮਿਤ ਮੋਗਾ, ਮਨੀਸ਼ ਸ਼ਰਮਾ, ਰਾਜੇਸ਼ ਪਠਾਨਕੋਟ, ਤਰਨਜੀਤ ਸਿੰਘ, ਪਰਮਿੰਦਰ ਸਿੰਘ ਭਾਟੀਆ, ਸਰਬਜੀਤ ਕੌਰ, ਮਨਦੀਪ ਕੌਰ ਮੁਹਾਲੀ, ਜਗਰੂਪ ਕੌਰ, ਅਵਤਾਰ ਸਿੰਘ ਮੋਗਾ ਤੇ ਦਰਜਾ ਚਾਰ ਮੁਲਾਜ਼ਮ ਗੁਰਜੰਟ ਸਿੰਘ, ਬੂਟਾ ਸਿੰਘ, ਸੰਦੀਪ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ ਤੇ ਹੋਰ ਸੀਨੀਅਰ ਆਗੂ ਤੇ ਸਮੂਹ ਫਾਰਮੇਸੀ ਅਫ਼ਸਰ ਤੇ ਦਰਜਾ ਚਾਰ ਮੁਲਾਜ਼ਮ ਹਾਜ਼ਰ ਸਨ।